ਟੋਰਾਂਟੋ ਪੋਸਟ ਬਿਉਰੋ: ਕੈਨੇਡਾ ਦੇ ਕੇਂਦਰੀ ਬੈਂਕ ਭਾਵ ਬੈਂਕ ਆਫ ਕੈਨੇਡਾ ਨੇ ਜੁਲਾਈ 2017 ਤੋਂ ਬਾਅਦ ਪੰਜਵੀਂ ਵਾਰ ਬੈਂਕ ਵਿਆਜ਼ ਦਰਾਂ ਵਿੱਚ ਵਾਧੇ ਦਾ ਐਲਾਨ ਕਰਕੇ ਆਮ ਕੈਨੇਡੀਅਨ ਦੀ ਜਾਨ ਸਕਤੇ ਵਿੱਚ ਪਾ ਦਿੱਤੀ ਹੈ। ਨਵੀਂ ਵਿਆਜ਼ ਦਰ 1.75% ਹੋਵੇਗੀ ਜੋ ਕਿ ਦਸੰਬਰ 2008 ਤੋਂ ਬਾਅਦ ਸੱਭ ਤੋਂ ਵੱਧ ਦਰ ਹੋਣ ਜਾ ਰਹੀ ਹੈ। ਇਸ ਵਾਧੇ ਬਦੌਲਤ ਰੋਇਅਲ ਬੈਂਕ, ਟੀ ਡੀ, ਬੀ ਐਮ ਓ ਅਤੇ ਸੀ ਆਈ ਬੀ ਸੀ ਨੇ ਆਪਣੀਆਂ ਪ੍ਰਾਈਮ ਵਿਆਜ਼ ਦਰਾਂ ਨੂੰ 3.70% ਤੋਂ ਚੁੱਕ ਕੇ 3.95% ਕਰ ਦਿੱਤਾ ਹੈ। ਮਕਾਨਾਂ ਦੀ ਮੌਰਗੇਜ ਵਿਆਜ਼ ਦਰ ਵੱਧ ਕੇ 4.10% ਹੋ ਗਈ ਹੈ। ਸਕੋਸ਼ੀਆ ਬੈਂਕ ਵੱਲੋਂ ਵੀ ਆਪਣੀਆਂ ਵਧੀਆਂ ਦਰਾਂ ਐਲਾਨੇ ਜਾਣ ਦੀ ਉਮੀਦ ਹੈ। ਨਵੀਆਂ ਦਰਾਂ ਵੀਰਵਾਰ ਸਵੇਰ ਤੋਂ ਲਾਗੂ ਹੋਣ ਜਾਣਗੀਆਂ।
ਬੈਂਕ ਆਫ਼ ਕੈਨੇਡਾ ਪਿਛਲੇ ਨੇ ਕਈ ਸਾਲਾਂ ਤੋਂ ਆਰਥਕਤਾ ਦੇ ਕਮਜ਼ੋਰ ਚੱਲਣ ਕਾਰਣ ਵਿਆਜ਼ ਦਰਾਂ ਨੂੰ ਬਹੁਤਾ ਨਹੀਂ ਸੀ ਛੇੜਿਆ। ਪਰ ਹਾਲ ਵਿੱਚ ਹੀ ਦਸਤਖਤ ਕੀਤੇ ਨਾਫਟਾ (ਯੂ ਐਸ ਐਮ ਸੀ ਏ) ਅਤੇ ਆਰਥਕਤਾ ਨੂੰ ਮਿਲੇ ਹੁਲਾਰੇ ਦੀ ਬਦੌਲਤ ਵਿਆਜ਼ ਦਰਾਂ ਵਧਾ ਕੇ ਬੈਂਕ ਆਫ ਕੈਨੇਡਾ ਨੇ ਆਮ ਕੈਨੇਡੀਅਨ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਵਿਆਜ਼ ਦਰ ਵਿੱਚ ਵਾਧੇ ਕਾਰਣ ਔਸਤਨ ਕੈਨੇਡੀਅਨ ਪਰਿਵਾਰ ਸਾਲ ਵਿੱਚ 1715 ਡਾਲਰ ਵੱਧ ਵਿਆਜ਼ ਭਰੇਗਾ।