Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਨਜਰਰੀਆ

ਰੁਲ਼ਦੀ ਮਿੱਟੀ ਦੀ ਚੀਸ

January 17, 2020 08:42 AM

-ਸੁਖਦੇਵ ਸਿੰਘ ਮਾਨ
ਬਹੁਤ ਛੋਟਾ ਹੁੰਦਾ ਸੀ ਜਦੋਂ ਭੂਆ ਦਾ ਪੁੱਤ ਸੁਰਮੁਖ ਸਾਡੇ ਪਿੰਡ ਮੌੜ ਕਲਾਂ ਆਉਂਦਾ। ਬੜੀ ਟੌਹਰ ਸੀ ਸੁਰਮੁਖ ਦੀ ਉਸ ਦਿਨ ਜਦੋਂ ਉਹ ਬਾਪੂ ਹੋਰਾਂ ਯਾਨੀ ਆਪਣੇ ਮਾਮਿਆਂ ਨੂੰ ਆ ਕੇ ਮਿਲਦਾ। ਅਸੀਂ ਬੱਚੇ ਸੁਰਮੁਖ ਦੀ ਘੋੜੀ ਦੀ ਲਗਾਮ ਫੜ ਕੇ ਦੇਖਦੇ। ਘੋੜੀ ਦੀ ਕੰਡ ਸਨੀਲ ਦੇ ਗਦੈਲੇ ਨਾਲ ਸ਼ਿੰਗਾਰੀ ਹੁੰਦੀ ਜੀਹਦੇ ਉਤੇ ਹੱਥ ਫਿਰਦਾ ਤਾਂ ਉਗਲਾਂ ਨੂੰ ਅਜੀਬ ਗੁਦਗੁਦੀ ਹੁੰਦੀ। ਸੁਰਮੁਖ ਦਾ ਸੁਭਾਅ ਇੰਨਾ ਗੜ੍ਹਕਵਾਂ ਅਤੇ ਹੱਸਮੁੱਖ ਸੀ ਕਿ ਉਸ ਦੀ ਆਮਦ ਦਾ ਬੀਹੀ ਮੁੜਦਿਆਂ ਹੀ ਪਤਾ ਲੱਗ ਜਾਂਦਾ। ਬਾਪੂ ਹੋਰਾਂ ਨੂੰ ਸੁਰਮੁਖ ਦੂਰੋਂ ਹੀ ਹੱਥ ਚੁੱਕ ‘ਸਤਿ ਸ੍ਰੀ ਅਕਾਲ' ਆਖਦਾ। ਫਿਰ ਤਸੱਲੀ ਨਾਲ ਘਰਦੇ ਸਾਰੇ ਜੀਆਂ ਦੀ ਖੈਰ ਸੁੱਖ ਪੁੱਛਦਾ। ਸੁਰਮੁਖ ਦੇ ਸੁਭਾਅ ਵਿੱਚ ਕਾਹਲ ਨਾਂ ਦੀ ਕੋਈ ਚੀਜ਼ ਨਹੀਂ ਸੀ।
ਘੋੜੀ ਵੀ ਰੇਵੀਏ ਲੈ ਕੇ ਆਉਂਦਾ। ਉਂਜ ਜੇ ਪਿੰਡ ਦੇ ਕਈ ਬੰਦੇ ਆਖਦੇ-ਭਾਣਜੇ, ਦੌੜ ਤਾਂ ਦਿਖਾ ਬੱਕੀ ਦੀ ਤਾਂ ਸੁਰਮੁਖ ਘੋੜੀ ਕੱਲਰਾਂ ਵਿੱਚ ਲੈ ਜਾਂਦਾ। ਬੱਸ ਇੱਕ ਵਾਰੀ ਅੱਡੀ ਲੱਗਦੀ। ਘੋੜੀ ਹਵਾ ਨਾਲ ਗੱਲਾਂ ਕਰਨ ਲੱਗ ਪੈਂਦੀ। ਘੋੜੀ ਦੇ ਸੁੰਮਾਂ ਦੀ ਸਿਰਫ਼ ਟਾਪ ਸੁਣਦੀ। ਉਸ ਪਲ ਇਸ ਤਰ੍ਹਾਂ ਲੱਗਦਾ ਜਿਵੇਂ ਸੁਰਮੁਖ ਜਿਉਣਾ ਮੌੜ ਬਣ ਗਿਆ ਹੋਵੇ। ਉਹ ਸਾਨੂੰ ਵੀ ਘੋੜੀ ਉਤੇ ਬਹਾ ਝੂਟੇ ਦਿੰਦੇ। ਸੁਰਮੁਖ ਖੇਤੀ ਪੱਤੀ ਸਾਂਭ ਕੇ ਗੇੜਾ ਮਾਰਦਾ। ਫਿਰ ਉਹ ਪਿੰਡ ਵਾਪਸ ਪਰਤਣ ਬਾਰੇ ਭੁੱਲ ਹੀ ਜਾਂਦਾ। ਕਈ ਵਾਰੀ ਉਸ ਦਾ ਪੜਾਅ ਮਹੀਨਾ ਭਰ ਲੰਮਾ ਹੋ ਜਾਂਦਾ। ਦਿਨੇ ਉਹ ਬਾਪੂ ਹੋਰਾਂ ਨਾਲ ਖੇਤਾਂ ਵਿੱਚ ਕੰਮ ਕਰਾਉਦਾ ਅਤੇ ਗੱਲਾਂ ਵੀ ਕਰਦਾ, ਰਾਤ ਉਹਦੀ ਸਾਡੇ ਬੱਚਿਆਂ ਲਈ ਹੁੰਦੀ। ਸੁਰਮੁਖ ਕੋਲ ਗੱਲਾਂ ਦਾ ਅਮੁੱਕ ਖ਼ਜ਼ਾਨਾ ਸੀ। ਮੈਨੂੰ ਯਾਦ ਹੈ, ਇੱਕ ਵਾਰੀ ਉਸ ਲਾਲ ਕਿਲੇ ਦਾ ਇਤਿਹਾਸ ਮਹੀਨੇ ਵਿੱਚ ਸੁਣਾਇਆ ਸੀ। ਕਈ ਵਾਰੀ ਬਾਪੂ ਆਖਦਾ ਇਹਦੀ ਜੀਭ ਉਤੇ ਸਰਸਵਤੀ ਦਾ ਵਾਸ ਹੈ।
ਸੁਰਮੁਖ ਦਾ ਖੇਤੀ ਅਤੇ ਰਿਸ਼ਤਿਆਂ ਨਾਲ ਮੋਹ ਵਕਤ ਦੀਆਂ ਲੰਮੀਆਂ ਪੈੜਾਂ ਵੀ ਮਾਰ ਨਾ ਸਕੀਆਂ। ਚੋਖੀ ਪੜ੍ਹਾਈ ਵੀ ਉਸ ਨੂੰ ਮਿੱਟੀ ਤੋਂ ਤੋੜ ਨਾ ਸਕੀ। ਦੋਵੇਂ ਮੁੰਡੇ ਤੇ ਧੀ ਕੈਨੇਡਾ ਤੁਰ ਗਏ ਸਨ। ਪੋਤਰੇ ਵੀ ਉਡਾਰ ਹੋ ਕੇ ਕੈਨੇਡਾ ਦੀਆਂ ਰਹਿਮਤਾਂ ਮਾਣ ਰਹੇ ਸੀ। ਸੁਰਮੁਖ ਦੀ ਆਮਦ ਘਟੀ ਤਾਂ ਮੈਂ ਸੋਚਿਆ, ਸਾਰੇ ਝੰਜਟਾਂ ਤੋਂ ਮੁਕਤ ਸੁਰਮੁਖ ਦਾ ਕਿਹੜਾ ਪੇਚ ਫਸ ਗਿਆ। ਤੀਹ ਕਿੱਲੇ ਜ਼ਮੀਨ ਦੇ ਇੱਕੋ ਟੱਕ ਵਿੱਚ ਕੰਮ ਕਰਦੇ ਸੁਰਮੁਖ ਨੂੰ ਮੈਂ ਜ਼ਿੰਦਗੀ ਦੇ ਬੇ-ਰਸੀ ਹੋਣ ਦਾ ਗਿਲਾ ਕਰਦੇ ਨਹੀਂ ਦੇਖਿਆ ਸੀ। ਉਸ ਦੀ ਗੜ੍ਹਕ ਅਤੇ ਮੜ੍ਹਕ ਤੇ ਰਸ਼ਕ ਹੁੰਦਾ। ਉਸ ਫ਼ਲਾਂ ਦੇ ਬਾਗ ਲਾਏ ਤਾਂ ਵੀ ਬੜੀ ਸੋਘਵੀਂ ਨਾਲ। ‘ਫੁੱਲਾਂ ਦੀ ਖੇਤੀ ਕੀਤੀ ਤਾਂ ਦੇਖਣ ਵਾਲੇ ਦੀ ਰੂਹ ਖਿੜ ਜਾਂਦੀ। ਇਹ ਸਭ ਚੀਜ਼ਾਂ ਸੁਰਮੁਖ ਦੇ ਕਿਰਤ ਅਤੇ ਜ਼ਮੀਨ ਨਾਲ ਜੁੜੇ ਹੋਣ ਦੀ ਗਵਾਹੀ ਭਰਦੀਆਂ। ਕਈ ਵਾਰੀ ਮਨ ਵਿੱਚ ਖ਼ਿਆਲ ਆਉਂਦਾ, ਸੁਰਮੁਖ ਨੂੰ ਪੁੱਛਾਂ, ਇੰਨੀ ਵਧੀਆਂ ਜ਼ਮੀਨ ਅਤੇ ਚਾਰ ਬੰਦਿਆਂ ਵਿੱਚ ਖੜ੍ਹ ਕੇ ਦੁਖ ਸੁਖ ਦਾ ਰੁਤਬਾ ਰੱਖਣ ਵਾਲਾ ਪਰਵਾਰ ਕਾਸਤੋਂ ਪਰਦੇਸੀ ਹੋ ਗਿਆ ਪਰ ਗੱਲ ਅਟਕ ਜਾਂਦੀ, ਸੋਚਦਾ, ਕਿਤੇ ਸੁਰਮੁਖ ਆਪ ਹੀ ਇਸ ਗੱਲ ਦਾ ਖ਼ੁਲਾਸਾ ਕਰੇਗਾ।
ਇੱਕ ਦਿਨ ਮੈਂ ਮਨ ਕਾਹਲਾ ਪਏ ਤੋਂ ਸੁਰਮੁਖ ਕੋਲ ਗਿਆ। ਉਹ ਖੇਤੀ ਮਿਲਿਆ। ਇੱਕ ਟਕ ਜ਼ਮੀਨ ਵਿੱਚ ਲੱਗੇ ਬੋਰਡ ਵੱਲ ਤੱਕੀ ਜਾਂਦਾ ਸੀ। ਬੋਰਡ ਲੱਗੇ ਦਾ ਅਰਥ ਸਮਝ ਮੇਰੇ ਵੀ ਪੈਰਾਂ ਥੱਲਿਓਂ ਜ਼ਮੀਨ ਨਿੱਕਲ ਗਈ। ‘ਇਹ ਜ਼ਮੀਨ ਵਿਕਾਉੂ ਹੈ' ਵਾਲੀ ਸਤਰ ਦੇ ਥੱਲੇ ਮੁਰੱਬਾ, ਖਤੌਨੀ ਨੰਬਰ ਅਤੇ ਜ਼ਮੀਨ ਦਾ ਨਕਸ਼ਾ ਦਿੱਤਾ ਸੀ। ਸੁਰਮੁਖ ਦੇ ਚਿਹਰੇ ਉਤੇ ਹਤਾਸ਼ਾ ਅਤੇ ਨਿਰਾਸ਼ਾ ਸੀ। ਬੋਰਡ ਲੱਗੇ ਦਾ ਕਾਰਨ ਪੁੱਛਿਆ ਤਾਂ ਸੁਰਮੁਖ ਦੇ ਦਿਲ ਦਾ ਦਰਦ ਆਪ ਮੁਹਾਰੇ ਵਹਿ ਤੁਰਿਆ, ‘‘ਸਿਆਣੇ ਆਖਦੇ ਆ, ਬੰਦਾ ਆਪਣੀ ਔਲਾਦ ਹੱਥੋਂ ਹਾਰ ਕੇ ਵੀ ਜਿੱਤਦਾ, ਪਰ ਮੈਨੂੰ ਇਉਂ ਲੱਗਦਾ, ਮੈਂ ਆਵਦਿਆਂ ਹੱਥੋਂ ਹਾਰ ਗਿਆ। ਪੂਰਾ ਕੁਨਬਾ ਕੈਨੇਡਾ ਤੋਂ ਆਇਆ, ਕਹਿੰਦੇ, ਬਾਪੂ ਅਸੀਂ ਫ਼ੈਸਲਾ ਕਰਕੇ ਆਏ ਹਾਂ, ਇਥੋਂ ਵਾਲੀ ਪਰੌਪਰਟੀ ਵੇਚਣੀ ਆ। ਇਥੇ ਭੂ ਮਾਫ਼ੀਆ ਬਹੁਤ ਸਾਰੇ ਐਨ ਆਰ ਆਈ ਦੀਆਂ ਜ਼ਮੀਨਾਂ ਦੱਬੀ ਜਾਂਦਾ। ਇਹ ਦੇਸ਼ ਰਹਿਣ ਯੋਗ ਨਹੀਂ ਰਿਹਾ। ਇੱਕ ਪੋਤਰਾ ਬੋਲਿਆ-ਇਹ ਬੈਨਾਨਾ ਕੰਟਰੀ ਆ.. ਜਿਸ ਧਰਤੀ ਦਾ ਅੰਨ ਖਾ ਕੇ ਅਸੀਂ ਵਿਗਸੇ ਹਾਂ, ਮੇਰੀ ਉਲਾਦ ਉਸਨੂੰ ਬੈਨਾਨਾ ਕੰਟਰੀ ਆਖਦੀ ਆ। ਇਹ ਭਾਈ ਮਾਂ ਨੂੰ ਗਾਲ਼ ਦੇਣ ਦੇ ਤੁੱਲ ਹੈ। ਪਛਤਾਵਾ ਕੁਨਬੇ ਨੂੰ ਇੰਨਾ ਸੀ, ਕਹਿੰਦੇ 2012 ਵਿੱਚ ਜ਼ਮੀਨ ਕਿਉਂ ਨਾ ਵੇਚੀ, ਨੋਟ ਬੰਦੀ ਕਾਰਨ ਭਾਅ ਡਿੱਗ ਪਏ। ਇਹ ਗੱਲ ਸੁਣ ਕੇ ਮੈਥੋਂ ਵੀ ਰਿਹਾ ਨਾ ਗਿਆ, ਆਖਿਆ-ਪੁੱਤਰੋ, ਜੇ ਉਥੋਂ ਦੀਆਂ ਕਮਾਈਆਂ ਨਾਲ ਰੂਹ ਨਹੀਂ ਰੱਜੀ ਤਾਂ ਰੱਜਣੀ ਇਹ ਜ਼ਮੀਨ ਵੇਚਣ ਨਾਲ ਵੀ ਨਹੀਂ..।''
ਸੁਰਮੁਖ ਦੀਆਂ ਆਖੀਆਂ ਗੱਲਾਂ ਮਨ ਨੂੰ ਕੁਰੇਦਦੀਆ ਰਹੀਆਂ। ਜਿਸ ਧਰਤੀ ਦੀ ਸਲਾਮਤੀ ਲਈ ਗਦਰੀਆਂ, ਬਾਬਾ ਸੋਹਣ ਸਿੰਘ ਭਕਨਾ ਵਰਗਿਆਂ ਨੇ ਦਸੌਟੇ ਕੱਟੇ, ਉਹ ਧਰਤੀ ਇੰਨੀ ਸਰਾਪੀ ਗਈ ਕਿ ਚੰਗੇ ਭਲੇ ਖਾਂਦੇ ਪੀਂਦੇ ਘਰ ਵੀ ਸਭ ਕੁਝ ਵੇਚ ਵੱਟ ਕੇ ਵਿਦੇਸ਼ਾਂ ਵਲ ਦੌੜੇ ਜਾ ਰਹੇ ਹਨ?

 
Have something to say? Post your comment