ਵਾਸ਼ਿੰਗਟਨ, 15 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੇ ਫਿਲਾਡੈਲਫੀਆ 'ਚ ਸਟੰਟਬਾਜ਼ੀ (ਛੱਤਾਂ ਵਿਚਕਾਰ ਜੰਪ ਮਾਰ ਰਹੇ) 'ਚ ਇੱਕ ਭਾਰਤਵੰਸ਼ੀ ਮੈਡੀਕਲ ਵਿਦਿਆਰਥੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।
ਕੱਲ੍ਹ ਐਨ ਆਰ ਆਈ ਪਲਸ ਅਖ਼ਬਾਰ ਵੱਲੋਂ ਦਿੱਤੀ ਖਬਰ ਮੁਤਾਬਕ ਮ੍ਰਿਤਕ ਦੀ ਪਛਾਣ ਡ੍ਰੈਕਸਲ ਕਾਲਜ ਆਫ ਮੈਡੀਸਨ ਦੇ 23 ਸਾਲਾ ਵਿਦਿਆਰਥੀ ਵਿਵੇਕ ਸੁਬਰਾਮਨੀ ਵਜੋਂ ਹੋਈ ਹੈ। ਪੁਲਸ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਕਿ ਸੁਬਰਾਮਨੀ ਤੇ ਉਸਦੇ ਦੋ ਦੋਸਤ 11 ਜਨਵਰੀ ਦੀ ਰਾਤ ਨੂੰ ਛੱਤਾਂ ਵਿਚਕਾਰ ਜੰਪ ਲਗਾ ਕੇ ਸੰਟਟ ਕਰ ਰਹੇ ਸਨ ਕਿ ਇਸ ਮੌਕੇ ਵਿਵੇਕ ਹੇਠਾਂ ਡਿੱਗ ਗਿਆ। ਖ਼ੂਨ ਨਾਲ ਲਥਪਥ ਵਿਵੇਕ ਨੂੰ ਥਾਮਸ ਜੈਫਰਸਨ ਯੂੁਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਕਿਹਾ ਕਿ ਸਟੰਟਬਾਜ਼ੀ ਤੋਂ ਪਹਿਲੇ ਵਿਵੇਕ ਨੇ ਦੋਸਤ ਨਾਲ ਸ਼ਰਾਬ ਵੀ ਪੀਤੀ ਸੀ। ਇਸ ਲਈ ਲੱਗਦਾ ਹੈ ਕਿ ਇਹ ਹਾਦਸਾ ਉਸ ਦੇ ਨਸ਼ੇ 'ਚ ਹੋਣ ਕਾਰਨ ਵਾਪਰਿਆ ਹੋ ਸਕਦਾ ਹੈ। ਸ਼ੁਰੂਆਤ ਵਿੱਚ ਤਾਂ ਕਾਲਜ ਦੇ ਬੁਲਾਰੇ ਨੇ ਮੌਤ ਦਾ ਕਾਰਨ ਬਾਲਕਨੀ ਤੋਂ ਡਿੱਗਣਾ ਦੱਸਿਆ ਪ੍ਰੰਤੂ ਬਾਅਦ ਵਿੱਚ ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਹੀ ਘਟਨਾ ਦਾ ਸਪੱਸ਼ਟ ਕਾਰਨ ਦੱਸ ਸਕਦੀ ਹੈ।