‘ਮਰਦਾਨੀ 2’ ਵਿੱਚ ਦਮਦਾਰ ਭੂਮਿਕਾ ਪਿੱਛੋਂ ਰਾਣੀ ਮੁਖਰਜੀ ਕਾਮੇਡੀ ਫਿਲਮ ‘ਬੰਟੀ ਔਰ ਬਬਲੀ’ ਦੇ ਸੀਕਵਲ ਵਿੱਚ ਨਜ਼ਰ ਆਉਣ ਵਾਲੀ ਹੈ। ਇਹ ਦੋਵੇਂ ਫਿਲਮਾਂ ਰਾਣੀ ਦੇ ਪਤੀ ਆਦਿੱਤਯ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਦੀਆਂ ਹਨ। ਦਰਅਸਲ 2014 ਵਿੱਚ ਆਦਿੱਤਯ ਨਾਲ ਵਿਆਹ ਦੇ ਬਾਅਦ ਰਾਣੀ ਦੀਆਂ ਫਿਲਮਾਂ ਯਸ਼ਰਾਜ ਫਿਲਮਜ਼ ਤੱਕ ਸੀਮਿਤ ਹੋ ਗਈਆਂ ਹਨ, ਇਸ ਲਈ ਲੋਕਾਂ ਨੂੰ ਲੱਗਦਾ ਹੈ ਕਿ ਰਾਣੀ ਸ਼ਾਇਦ ਦੂਸਰੇ ਬੈਨਰ ਦੀਆਂ ਫਿਲਮਾਂ ਨਹੀਂ ਕਰਨਾ ਚਾਹੁੰਦੀ। ਇਸ ਗੱਲ ਨਾਲ ਰਾਣੀ ਸਹਿਮਤੀ ਨਹੀਂ। ਉਸ ਦਾ ਕਹਿਣਾ ਹੈ, ‘‘ਅਜਿਹਾ ਨਹੀਂ ਕਿ ਬਾਹਰਲੇ ਬੈਨਰਾਂ ਲਈ ਮੈਂ ਕੰਮ ਨਹੀਂ ਕਰਨਾ ਚਾਹੁੰਦੀ। ਮੈਨੂੰ ਦੂਸਰੇ ਬੈਨਰਾਂ ਤੋਂ ਬਹੁਤ ਘੱਟ ਫਿਲਮਾਂ ਆਫਰ ਹੋਈਆਂ ਹਨ। ਮੈਂ ਫਿਲਮ ਮੇਕਰਸ ਨੂੰ ਕਾਲ ਕਰ ਕੇ ਤਾਂ ਨਹੀਂ ਕਹਿ ਸਕਦੀ ਕਿ ਮੈਨੂੰ ਫਿਲਮਾਂ ਦਿਓ। ਜੇ ਕਿਸੇ ਕੋਲ ਅਜਿਹੀ ਸਕ੍ਰਿਪਟ ਹੈ, ਜਿਸ ਵਿੱਚ ਮੈਂ ਕੰਮ ਕਰ ਸਕਦੀ ਹਾਂ ਤਾਂ ਉਨ੍ਹਾਂ ਨੂੰ ਮੈਨੂੰ ਕਹਿਣਾ ਚਾਹੀਦਾ ਹੈ। ਸਕ੍ਰਿਪਟ ਚੰਗੀ ਹੋਵੇਗੀ ਤਾਂ ਪ੍ਰੋਡਕਸ਼ਨ ਹਾਊਸ ਮਾਇਨੇ ਨਹੀਂ ਰੱਖਦਾ।”
ਰਾਣੀ ਕਹਿੰਦੀ ਹੈ, ‘ਅਮੈਂ ਹਰ ਪ੍ਰੋਡਕਸ਼ਨ ਹਾਊਸ ਵਿੱਚ ਕੰਮ ਕਰਨ ਦੀ ਇਛੁੱਕ ਹਾਂ, ਬਸ਼ਰਤੇ ਸਕ੍ਰਿਪਟ ਵਧੀਆ ਹੋਵੇ। ਜੇ ਕੋਈ ਸਾਲਿਡ ਸਕ੍ਰਿਪਟ ਲੈ ਕੇ ਆਉਂਦਾ ਹੈ ਤਾਂ ਮੈਂ ਉਸ ਨੂੰ ਨਾਂਹ ਨਹੀਂ ਕਰਾਂਗੀ। ਮੈਂ ਫਿਲਮ ਮੇਕਰ ਨਾਲ ਵਿਆਹ ਕੀਤਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਮੈਂ ਸਿਰਫ ਉਸੇ ਲਈ ਹੀ ਕੰਮ ਕਰਾਂਗੀ। ਅੱਜ ਹਰ ਐਕਟਰ ਦੀ ਪ੍ਰੋਡਕਸ਼ਨ ਕੰਪਨੀ ਹੈ, ਇਸ ਦੇ ਬਾਵਜੂਦ ਉਹ ਦੂਸਰਿਆਂ ਦੀਆਂ ਫਿਲਮਾਂ ਵੀ ਕਰ ਰਹੇ ਹਨ। ਸੰਯੋਗ ਨਾਲ ਮੈਨੂੰ ਯਸ਼ਰਾਜ ਫਿਲਮਜ਼ ਤੋਂ ਹੀ ਚੰਗੀਆਂ ਸਕ੍ਰਿਪਟਾਂ ਮਿਲ ਰਹੀਆਂ ਹਨ।”