ਸ੍ਰੀਨਗਰ, 13 ਜਨਵਰੀ (ਪੋਸਟ ਬਿਊਰੋ)- ਜੰਮੂ-ਕਸ਼ਮੀਰ 'ਚ ਕੁਲਗਾਮ ਦੋ ਅੱਤਵਾਦੀਆਂ ਨਾਲ ਫੜੇ ਗਏ ਡੀ ਐਸ ਪੀ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਢਲੀ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਡੀ ਐਸ ਪੀ ਦੀ ਕਾਰ ਵਿੱਚ ਸਵਾਰ ਦੋਵਾਂ ਅੱਤਵਾਦੀਆਂ ਨਾਲ 12 ਲੱਖ ਰੁਪਏ ਦਾ ਸੌਦਾ ਹੋਇਆ ਹੋਈ ਸੀ, ਜਿਸ ਦੇ ਬਦਲੇ ਉਹ ਉਨ੍ਹਾਂ ਅੱਤਵਾਦੀਆਂ ਨੂੰ ਚੰਡੀਗੜ੍ਹ ਸੁਰੱਖਿਅਤ ਲਿਜਾਣ ਵਾਲਾ ਸੀ। ਏਹੀ ਨਹੀਂ, ਇਹ ਕੰਮ ਕਰਨ ਲਈ ਡੀ ਐੱਸ ਪੀ ਨੇ ਬਕਾਇਦਾ ਚਾਰ ਦਿਨਾਂ ਦੀ ਛੁੱਟੀ ਵੀ ਲਈ ਸੀ। ਜੰਮੂ-ਕਸ਼ਮੀਰ ਪੁਲਸ ਤੇ ਅੱਤਵਾਦੀਆਂ ਵਿਚਾਲੇ ਗਠਜੋੜ ਨਾਲ ਸੁਰੱਖਿਆ ਏਜੰਸੀਆਂ ਵੀ ਚਕਰਾ ਗਈਆਂ ਹਨ ਅਤੇ ਇਸ ਸੂਰਤ 'ਚ ਇਨ੍ਹਾਂ ਦੀ ਗੰਢਤੁਪ ਦੀਆਂ ਪਰਤਾਂ ਖੋਲ੍ਹਣ ਦੀ ਜਿ਼ਮੇਵਾਰੀ ਅੱਗੋਂ ਆਈ ਬੀ ਅਤੇ ਰਾਅ ਵਰਗੀਆਂ ਕੇਂਦਰੀ ਏਜੰਸੀਆਂ ਨੂੰ ਸੌਂਪ ਦਿੱਤੀ ਗਈ ਦੱਸੀ ਜਾਂਦੀ ਹੈ।
ਜਾਣਕਾਰ ਸੂਤਰਾਂ ਮੁਤਾਬਕ ਖਤਰਨਾਕ ਅੱਤਵਾਦੀਆਂ ਲਈ ਹਥਿਆਰਾਂ ਦੀ ਡੀਲ ਕਰਵਾਉਣ ਦਾ ਜ਼ਿੰਮਾ ਇਸ ਡੀ ਐਸ ਪੀ ਕੋਲ ਸੀ। ਅਜੇ ਇਸ ਬਾਰੇ ਸੁਰੱਖਿਆ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਹਨ, ਜਿਸ ਵਿੱਚ ਵੱਡੇ ਖੁਲਾਸੇ ਵੀ ਹੋ ਸਕਦੇ ਹਨ। ਇਸ ਪੁੱਛਗਿੱਛ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਸ੍ਰੀਨਗਰ ਦੇ ਖਮਨੂ ਅਤੇ ਬਡਗਾਮ ਸਮੇਤ ਕਸ਼ਮੀਰ 'ਚ ਅੱਧਾ ਦਰਜਨ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਅਤੇ ਖ਼ਤਰਨਾਕ ਕੁਝ ਹਥਿਆਰ ਬਰਾਮਦ ਕੀਤੇ ਹਨ। ਜਾਂਚ ਏਜੰਸੀਆਂ ਅਜੇ ਇਸ ਸਬੰਧੀ ਕੁਝ ਵੀ ਦੱਸਣ ਤੋਂ ਬਚ ਰਹੀਆਂ ਹਨ। ਜਾਂਚ ਅਧਿਕਾਰੀਆਂ ਅਨੁਸਾਰ ਪੁੱਛਗਿੱਛ ਪੂਰੀ ਹੋਣ ਪਿੱਛੋਂ ਹੀ ਪੂਰੇ ਕੇਸ ਦਾ ਪਰਦਾ ਫ਼ਾਸ਼ ਕੀਤਾ ਜਾਵੇਗਾ। ਕੱਲ੍ਹ ਜੰਮੂ-ਕਸ਼ਮੀਰ ਪੁਲਸ ਦੇ ਆਈ ਜੀ ਵਿਜੈ ਕੁਮਾਰ ਨੇ ਕਿਹਾ ਕਿ ਡੀ ਐਸ ਪੀ ਦਵਿੰਦਰ ਸਿੰਘ ਨੇ ਘਿਨਾਉਣਾ ਅਪਰਾਧ ਕੀਤਾ ਹੈ। ਉਹ ਸ੍ਰੀਨਗਰ ਹਵਾਈ ਅੱਡੇ ਵਰਗੀ ਸੰਵੇਦਨਸ਼ੀਲ ਥਾਂ ਤਾਇਨਾਤ ਸੀ। ਕੱਲ੍ਹ ਤੱਕ ਇਸ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਅਜਿਹੇ ਕੰਮ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੂਰੀ ਪੁਲਸ ਨੂੰ ਇਸ ਲਈ ਦੋਸ਼ੀ ਠਹਿਰਾਉਣਾ ਠੀਕ ਨਹੀਂ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਨਵੀਦ ਨੇ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਭਰਾ ਨੂੰ ਫੋਨ ਕੀਤਾ ਸੀ ਅਤੇ ਉਹ ਫੋਨ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਸਰਵਿਲਾਂਸ ਉਤੇ ਲਾਇਆ ਹੋਇਆ ਸੀ। ਇਸ ਦੇ ਬਾਅਦ ਹੀ ਵਾਹਨ ਨੂੰ ਰੋਕਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨਵੀਦ ਤੇ ਉਸ ਦੇ ਸਾਥੀ ਦੇ ਹਥਿਆਰਾਂ ਦਾ ਸੌਦਾ ਸਾਂਬਾ ਵਿੱਚ ਹੋਣ ਵਾਲਾ ਸੀ। ਇਸ ਤੋਂ ਬਾਅਦ ਦੋਵੇਂ ਅੱਤਵਾਦੀ ਕੁਝ ਮਹੀਨੇ ਚੰਡੀਗੜ੍ਹ 'ਚ ਠਹਿਰਨ ਵਾਲੇ ਸਨ। ਅਫਸਰਾਂ ਅਨੁਸਾਰ ਉਨ੍ਹਾਂ ਤੋਂ ਪੁੁੱਛਗਿੱਛ ਦੇ ਆਧਾਰ 'ਤੇ ਉਨ੍ਹਾਂ ਦੇ ਮਨਸੂਬਿਆਂ ਦਾ ਪਤਾ ਲੱਗਾ ਸਕੇਗਾ।