Welcome to Canadian Punjabi Post
Follow us on

28

February 2020
ਟੋਰਾਂਟੋ/ਜੀਟੀਏ

ਓਂਟਾਰੀਓ ਖਾਲਸਾ ਦਰਬਾਰ ਅਤੇ ਗੁਰੂ ਨਾਨਕ ਮਿਸ਼ਨ ਨੇ ਕੌਂਸਲ ’ਚੋਂ ਆਪਣਾ ਨਾਂ ਕਢਵਾਇਆ

January 13, 2020 09:07 AM

-ਸਿੱਖਸ ਐਂਡ ਗੁਰਦੁਆਰਾ ਕੌਂਸਲ ਦਾ ਖੁਲਾਸਾ
-2020 ਦੇ ਨਗਰ ਕੀਰਤਨ ਦੀਆਂ ਤਿਆਰੀਆਂ ਆਰੰਭ


ਬਰੈਂਪਟਨ, 12 ਜਨਵਰੀ (ਪੋਸਟ ਬਿਊਰੋ)- ਕੱਲ੍ਹ ਓਂਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਵਲੋਂ ਟੋਰਾਂਟੋ ਦੇ ਪੰਜਾਬੀ ਮੀਡੀਆ ਨਾਲ ਕੀਤੀ ਪ੍ਰੈਸ ਕਾਨਫਰੰਸ ’ਚ ਕਈ ਵੱਡੇ ਖੁਲਾਸੇ ਕੀਤੇ ਗਏ ਹਨ।ਇਸ ਵਿਚ ਪ੍ਰਧਾਨ ਕੁਲਤਾਰ ਸਿੰਘ, ਸੈਕਟਰੀ ਮਨਜੀਤ ਸਿੰਘ ਪਰਮਾਰ ਅਤੇ ਕੌਂਸਲ ਦੇ ਹੋਰ ਮੈਂਬਰਾਂ ਵਲੋਂ ਹਿੱਸਾ ਲਿਆ ਗਿਆ।ਮਨਜੀਤ ਸਿੰਘ ਪਰਮਾਰ ਨੇ ਆਪਣੀ ਕੌਂਸਲ ਦੀ ਬਣਤਰ ਬਾਰੇ ਦੱਸਦਿਆਂ ਕਿਹਾ ਕਿ ਸਾਡੇ 60 ਫੀਸਦੀ ਸੰਗਤ ਦੇ ਮੈਂਬਰ ਹੁੰਦੇ ਹਨ ਤੇ 40 ਫੀਸਦੀ ਮੈਂਬਰਸ਼ਿਪ ਗੁਰਦੁਆਰਾ ਸਾਹਿਬ ਦੀ ਹੁੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੌਂਸਲ ਗੁਰੂ ਘਰਾਂ ਦੀ ਨਹੀਂ ਓਂਟਾਰੀਓ ਦੇ ਸਿੱਖਾਂ ਦੀ ਬਹੁਸੰਮਤੀ ਵਾਲੀ ਹੈ।ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਨਗਰ ਕੀਰਤਨ ’ਤੇ ਕੀਤੇ ਜਾਂਦੇ ਖਰਚ ਦਾ ਵੱਡਾ ਹਿੱਸਾ ਸੰਗਤਾਂ ਵਲੋਂ ਇਕੱਠਾ ਕੀਤਾ ਜਾਂਦਾ ਹੈ ਤੇ ਗੁਰੂ ਘਰਾਂ ਦਾ ਘੱਟ ਯੋਗਦਾਨ ਰਹਿੰਦਾ ਹੈ।ਇਥੇ ਉਨ੍ਹਾਂ 2018 ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਜਿਸ ’ਚ ਵਰਲਡ ਪਾਰਲੀਮੈਂਟ ਆਫ਼ ਰਿਲੀਜਨ ਲਈ 10 ਹਜ਼ਾਰ ਲੋਕਾਂ ਵਾਸਤੇ ਲੰਗਰ ਲਾਉਣਾ, ਪਬਲਿਕ ਸੇਫ਼ਟੀ ਕੈਨੇਡਾ ਰਿਪੋਰਟ ਵਿਚੋਂ ‘ਸਿੱਖ ਅੱਤਵਾਦੀ` ਸ਼ਬਦ ਹਟਾਉਣਾ ਤੇ 2019 ’ਚ ਟੋਰਾਂਟੋ ਦੀ ‘ਬਿਗੈਸਟ ਖਾਲਸਾ ਡੇ ਪਰੇਡ` (ਨਗਰ ਕੀਰਤਨ) ਦਾ ਆਯੋਜਨ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਨੂੰ ਮਨਾਉਂਦਿਆਂ (ਈਕੋ ਸਿੱਖ) ਦੇ ਸਹਿਯੋਗ ਨਾਲ ਰੁੱਖ ਲਗਾਉਣੇ, ਵੱਖ-ਵੱਖ ਹਸਪਤਾਲਾਂ ਲਈ 1,80,000 ਡਾਲਰ ਇਕੱਠਾ ਕਰਨਾ।ਪੰਜਾਬ ਦੇ ਹੜ੍ਹ ਪੀੜਤਾਂ ਲਈ ਇਕ ਲੱਖ ਡਾਲਰ ਇਕੱਠਾ ਕਰਨਾ, ਡਾਊਟਾਊਨ ਟੋਰਾਂਟੋ ’ਚ 21 ਦਿਨਾਂ ਵਾਸਤੇ ਵੱਡੇ ਬਿਲ ਬੋਰਡਾਂ ’ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਮੈਸੇਜ ਦੇਣਾ ਸ਼ਾਮਲ ਹਨ।ਇਨ੍ਹਾਂ ਤੋਂ ਇਲਾਵਾ ਕੋਂਸਲ ਵਲੋਂ ਐਲਾਨ ਕੀਤਾ ਗਿਆ ਕਿ 2020 ਨਗਰ ਕੀਰਤਨ ’ਤੇ 10 ਵਿਦਿਆਰਥੀਆਂ ਨੂੰ 1-1 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ।
ਓਂਟਾਰੀਓ ਖਾਲਸਾ ਦਰਬਾਰ ਤੇ ਗੁਰੂ ਨਾਨਕ ਮਿਸ਼ਨ ਦੀ ਮੈਂਬਰਸ਼ਿਪ ਨੂੰ ਲੈ ਕੇ ਉਠੇ ਵਿਵਾਦਾਂ ’ਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆ ਕੌਂਸਲ ਦੇ ਸਕੱਤਰ ਮਨਜੀਤ ਸਿੰਘ ਪਰਮਾਰ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਦੋਵਾਂ ਗੁਰੂ ਘਰਾਂ ਨੇ ਆਪਣੇ ਨਾਮ ਵਾਪਸ ਲੈ ਲਏ ਹਨ।ਉਨ੍ਹਾਂ ਕਾਰਨਾਂ ਬਾਰੇ ਗੱਲ ਨਹੀਂ ਕੀਤੀ।ਸਗੋਂ ਗੋਬਿੰਦਰ ਸਿੰਘ ਰੰਧਾਵਾ ਨੇ ਇਹ ਆਖ ਦਿੱਤਾ ਕਿ ਇਹ ਗੁਰੂ ਘਰਾਂ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਉਂ ਮੈਂਬਰ ਬਣਦੇ ਹਨ ਤੇ ਕਿਉਂ ਛੱਡ ਕੇ ਚਲੇ ਜਾਂਦੇ ਹਨ।ਰੈਫਰੈਂਡਮ-2020 ਦੇ ਸਵਾਲ ’ਤੇ ਜਵਾਬ ਦਿੰਦਿਆਂ ਪ੍ਰਧਾਨ ਕੁਲਤਾਰ ਸਿੰਘ ਨੇ ਕਿਹਾ ਕਿ ਉਹ ਇਕ ਸਿਆਸੀ ਮੂਵਮੈਂਟ ਹੈ, ਨਾ ਅਸੀਂ ਇਸ ਦੀ ਹਿਮਾਇਤ ਕਰਦੇ ਹਾਂ ਤੇ ਨਾ ਹੀ ਅਸੀਂ ਇਸ ਦਾ ਵਿਰੋਧ ਕਰਦੇ ਹਾਂ।ਇਸੇ ਤਰ੍ਹਾਂ ਹੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕੌਣ ? ਦੇ ਜਵਾਬ ’ਚ ਕੌਂਸਲ ਨੇ ਕੋਈ ਸਪੱਸ਼ਟ ਉਤਰ ਨਹੀਂ ਦਿੱਤਾ।ਉਨ੍ਹਾਂ ਕਿਹਾ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਹੀ ਮੰਨਦੇ ਹਾਂ।ਗੁੁਰਪੁਰਬ ਦੀਆਂ ਤਰੀਕਾਂ ਕੀ ਨਾਨਕਸ਼ਾਹੀ ਕਲੰਡਰ ਮੁਤਾਬਿਕ ਹੋਣ ਜਾਂ ਫੇਰ ਅਕਾਲ ਤਖ਼ਤ ਸਾਹਿਬ ਮੁਤਾਬਿਕ ? ਤਾਂ ਕੋਂਸਲ ਦਾ ਜਵਾਬ ਸੀ ਕਿ ਗੁਰਪੁਰਬ ਮਨਾਉਣ ਵਾਲੇ ਗੁਰੂ ਘਰਾਂ ਨੂੰ ਪੁੱਛੋ ਤਾਂ ਵਧੀਆ ਗੱਲ ਹੈ।ਕੌਂਸਲ ਨੇ ਇਸ ਗੱਲ ਦਾ ਵੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਕਿ ਇਥੋਂ ਦੀਆਂ ਰਾਜਨੀਤਿਕ ਪਾਰਟੀਆਂ ਵਲੋਂ ਜੋ ਨੀਤੀਆਂ ਲਾਗੂ ਕੀਤੀਆਂ ਜਾਂਦੀਆਂ ਹਨ, ਉਹ ਧਾਰਮਿਕ ਵਿਅਕਤੀ ਦੀ ਨੇਤਾ ਪ੍ਰਤੀ ਜਿੰਦਗੀ ਨੂੰ ਕਿਸੇ ਪੱਖੋਂ ਪ੍ਰਭਾਵਿਤ ਕਰਦੀਆਂ ਹਨ ਜਾਂ ਕਿਸੇ ਸਰਕਾਰ ਦੀਆਂ ਨੀਤੀਆਂ ਧਰਮ ਦੀ ਰਹਿਤ ਮਰਿਆਦਾ ਤੋਂ ਉਲਟ ਹੁੰਦੀਆਂ ਹਨ ਤਾਂ ਕੌਂਸਲ ਆਪਣਾ ਸਟੈਂਡ ਪਾਰਟੀ ਦੇ ਸਾਹਮਣੇ ਕਿਉਂ ਨਹੀਂ ਰੱਖਦੀ? ਕੁੱਲ ਮਿਲਾ ਕੇ ਕਈ ਸਾਲਾਂ ਬਾਅਦ ਕੌਂਸਲ ਵਲੋਂ ਕੀਤੀ ਗਈ ਇਹ ਪ੍ਰੈਸ ਕਾਨਫਰੰਸ ਇਕ ਚੰਗਾ ਉਦਮ ਸੀ।

Have something to say? Post your comment