ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ ਸਪੱਸ਼ਟ ਕੀਤਾ ਕਿ ਇਰਾਨ ਵਿੱਚ ਯੂਕਰੇਨ ਦੀ ਫਲਾਈਟ ਪੀ ਐਸ-752 (PS-752) ਦਾ ਹਾਦਸਾ ਜਹਾਜ਼ ਦਾ ਇੰਜਣ ਖਰਾਬ ਹੋਣ ਕਾਰਣ ਨਹੀਂ ਸਗੋਂ ਇਰਾਨ ਵੱਲੋਂ ਛੱਡੀਆਂ ਗਈਆਂ ਕਈ ਮਿਜ਼ਾਇਲਾਂ ਵਿੱਚੋਂ ਇੱਕ ਦੇ ਵੱਜਣ ਕਾਰਣ ਹੋਇਆ ਹੈ। ਤਹਿਰਾਨ ਤੋਂ ਕੀਵ (ਯੂਕਰੇਨ ਦੀ ਰਾਜਧਾਨੀ) ਜਾ ਰਹੀ ਇਸ ਫਲਾਈਟ ਨੇ 8 ਜਨਵਰੀ ਦੇ ਉਸ ਮਨਹੂਸ ਦਿਨ ਸ਼ਾਮੀ 6 ਵੱਜ ਕੇ 12 ਮਿੰਟ ਉੱਤੇ ਉਡਾਣ ਭਰੀ ਅਤੇ ਤਿੰਨ ਮਿੰਟ ਤੋਂ ਵੀ ਘੱਟ ਸਮੇਂ ਅੰਦਰ ਧਰਤੀ ਉੱਤੇ ਆ ਡਿੱਗੀ। ਹਾਦਸੇ ਹੋਣ ਵੇਲੇ ਜਹਾਜ਼ ਨੇ ਆਪਣੀ ਉਡਾਣ ਦੀ ਪੂਰੀ ਉਚਾਈ ਅਤੇ ਸਪੀਡ ਹਾਸਲ ਨਹੀਂ ਸੀ ਕੀਤੀ ਅਤੇ ਇਹ ਉਸ ਵੇਲੇ ਧਰਤੀ ਤੋਂ ਸਿਰਫ਼ 1410 ਮੀਟਰ ਦੀ ਉਚਾਈ ਉੱਤੇ ਸੀ ਅਤੇ ਇਸਦੀ ਸਪੀਡ 509 ਕਿਲੋਮੀਟਰ ਪ੍ਰਤੀ ਘੰਟਾ ਹੀ ਸੀ। ਕੁੱਝ ਵੀਡੀਓ ਕਲਿੱਪ ਵੀ ਸਾਹਮਣੇ ਆਏ ਹਨ ਜੋ ਦਰਸਾਉਂਦੇ ਹਨ ਕਿ ਜਹਾਜ਼ ਨੂੰ ਮਿਜ਼ਾਇਲ ਨਹੀਂ ਸਗੋਂ ਮਿਜ਼ਾਇਲ ਵੱਜੀ ਸੀ। ਇਰਾਨ ਨੇ ਇਰਾਕ ਵਿੱਚ ਸਥਿਤ ਅਮਰੀਕੀ ਬੇਸਾਂ ਉੱਤੇ ਮਿਜ਼ਾਈਲਾਂ ਆਪਣੇ ਜਰਨੈਲ ਕਾਸੇਮ ਸੁਲੇਮਾਨੀ ਦੇ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਜਾਣ ਦਾ ਬਦਲਾ ਲੈਣ ਲਈ ਦਾਗੀਆਂ ਸਨ।
ਇਸ ਮੰਦਭਾਗੇ ਹਾਦਸੇ ਵਿੱਚ ਸੱਭ ਤੋਂ ਵੱਧ ਨੁਕਸਾਨ ਇਰਾਨ ਦਾ ਆਪਣਾ ਹੋਇਆ ਹੈ ਕਿਉਂਕਿ ਮਾਰੇ ਗਏ 176 ਵਿਅਕਤੀਆਂ ਵਿੱਚੋਂ 130 ਵਿਅਕਤੀ ਉਸਦੇ ਆਪਣੇ ਸ਼ਹਿਰੀ ਸਨ। ਇਸਤੋਂ ਬਾਅਦ ਦੂਜਾ ਵੱਡਾ ਨੁਕਸਾਨ ਕੈਨੇਡਾ ਨੂੰ ਪੁੱਜਾ ਹੈ ਜਿਸਦੇ 63 ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਮਾਰੇ ਗਏ। 1985 ਵਿੱਚ ਸਿੱਖ ਖਾੜਕੂਆਂ ਵੱਲੋਂ ਕਥਿਤ ਰੂਪ ਵਿੱਚ ਏਅਰ ਇੰਡੀਆ ਦੀ ਫਲਾਈਟ-182 ਨੂੰ ਬੰਬ ਨਾਲ ਉਡਾਉਣ ਨਾਲ 329 ਲੋਕ ਮਾਰੇ ਗਏ ਸਨ ਜਿਹਨਾਂ ਵਿੱਚੋਂ 268 ਕੈਨੇਡੀਅਨ ਸਿਟੀਜ਼ਨ ਸਨ। ਏਅਰ ਇੰਡੀਆ-182 ਤੋਂ ਬਾਅਦ ਇਰਾਨ ਵਿੱਚ ਹੋਇਆ ਭਿਆਨਕ ਹਵਾਈ ਹਾਦਸਾ ਕੈਨੇਡਾ ਦੇ ਇਤਿਹਾਸ ਵਿੱਚ ਸੱਭ ਤੋਂ ਭਿਆਨਕ ਹੈ। ਏਅਰ ਇੰਡੀਆ ਫਲਾਈਟ ਅਤੇ ਯੂਕਰੇਨ ਜਹਾਜ਼ ਹਾਦਸਿਆਂ ਵਿੱਚ ਇੱਕ ਫਰਕ ਜਰੂਰ ਹੈ ਕਿ ਹੁਣ ਇਰਾਨੀ ਮੂਲ ਦੇ ਕੈਨੇਡੀਅਨਾਂ ਦੀ ਮੌਤ ਨੂੰ ਕੈਨੇਡੀਅਨ ਦੁਖਾਂਤ ਵਜੋਂ ਮਨਾਇਆ ਜਾ ਰਿਹਾ ਹੈ। 1985 ਵਿੱਚ ਹਾਲਾਤ ਇਹ ਸਨ ਕਿ ਹਾਦਸਾ ਹੋਣ ਤੋਂ ਬਾਅਦ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਬਰਾਇਨ ਮੁਲਰੋਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੋਲ ਇਹ ਆਖਣ ਲਈ ਫੋਨ ਕੀਤਾ ਕਿ ਤੁਹਾਡੇ ਭਾਰਤ ਦੇ ਐਨੇ ਲੋਕ ਮਾਰੇ ਗਏ ਹਨ। ਮੁਲਰੋਨੀ ਨੂੰ ਇਹ ਇਤਿਹਾਸਕ ਚੇਤਾ ਕਰਵਾਇਆ ਗਿਆ ਕਿ ਮਰਨ ਵਾਲੇ ਬਹੁ-ਗਿਣਤੀ ਲੋਕ ਭਾਰਤੀ ਮੂਲ ਦੇ ਜਰੂਰ ਸਨ ਪਰ ਹਕੀਕਤ ਵਿੱਚ ਉਹ ਕੈਨੇਡਾ ਦੇ ਨਾਗਰਿਕ ਸਨ।
ਜਿਵੇਂ 1985 ਵਿੱਚ ਏਅਰ ਇੰਡੀਆ ਬੰਬ ਧਮਾਕੇ ਤੋਂ ਬਾਅਦ ਬਹੁਤ ਘੱਟ ਕੈਨੇਡੀਅਨਾਂ ਨੂੰ ਹਮਦਰਦੀ ਸੀ, ਹੁਣ ਇਰਾਨ ਅਤੇ ਅਮਰੀਕਾ ਦੋਵਾਂ ਮੁਲਕਾਂ ਦੇ ਆਗੂਆਂ ਦੇ ਦਿਲਾਂ ਵਿੱਚ ਕੈਨੇਡਾ ਵਾਸਤੇ ਕੋਈ ਹਮਦਰਦੀ ਵਿਖਾਈ ਨਹੀਂ ਦੇ ਰਹੀ। ਇਰਾਨ ਦੇ ਮਿਜ਼ਾਇਲ ਹਮਲਿਆਂ ਅਤੇ ਯੂਕਰੇਨ ਏਅਰਲਾਈਨ ਨੂੰ ਹੋਏ ਹਾਦਸੇ ਤੋਂ ਬਾਅਦ ਡੋਨਾਲਡ ਟਰੰਪ ਦਾ ਟਵੀਟ ਸੀ, ‘ਆਲ ਇਜ਼ ਗੁੱਡ ਭਾਵ ਸੱਭ ਹੱਛਾ ਹੈ’। ਉਸਦਾ ਸੱਭ ਹੱਛਾ ਤੋਂ ਭਾਵ ਕਿਸੇ ਅਮਰੀਕੀ ਫੌਜੀ ਜਾਂ ਸ਼ਹਿਰੀ ਦੀ ਮੌਤ ਨਾ ਹੋਣ ਤੋਂ ਸੀ। ਇਰਾਨ ਦੇ ਰਾਸ਼ਟਰਪਤੀ ਦਾ ਵੀ ਇਹੀ ਹਾਲ ਹੈ। ਉਹ ਹਵਾਈ ਹਾਦਸੇ ਵਿੱਚ ਆਪਣੇ ਹੀ ਸ਼ਹਿਰੀਆਂ ਦੀ ਮੌਤ ਦੇ ਸੱਚ ਉੱਤੇ ਵੀ ਪਰਦਾ ਪਾਉਣ ਤੋਂ ਗੁਰੇਜ਼ ਨਹੀਂ ਕਰ ਰਿਹਾ। ਸੁਆਲ ਹੈ ਕਿ ਇਹਨਾਂ ਵੱਡਿਆਂ ਅਤੇ ਡਾਹਢਿਆਂ ਦੇ ਭੇੜ ਵਿੱਚ ਕੈਨੇਡਾ ਆਪਣੇ ਨੁਕਸਾਨ ਦਾ ਖਾਮਿਆਜ਼ਾ ਕਿਵੇਂ ਪੂਰਾ ਕਰੇ! ਵਰਨਣਯੋਗ ਹੈ ਕਿ ਚੀਨੀ ਕੰਪਨੀ ਹੁਆਵੇਅ (Huawei) ਦਾ ਅਮਰੀਕਾ ਨਾਲ ਝਗੜਾ ਇਰਾਨ ਵਿੱਚ ਪੈਰ ਪਸਾਰਨ ਨੂੰ ਲੈ ਕੇ ਸੀ। ਦੁਖਾਂਤ ਵੇਖੋ ਕਿ ਕੈਨੇਡਾ ਨੂੰ ਅਮਰੀਕਾ ਕਾਰਣ ਹੁਆਵੇਅ ਦੀ ਚੀਫ ਫਾਈਨਾਂਸ ਅਫਸਰ ਮੈਂਗ ਵੈਂਗਜ਼ੂਅ ਨੂੰ ਹਿਰਾਸਤ ਵਿੱਚ ਲੈਣਾ ਪਿਆ ਜਿਸਦੇ ਸਿੱਟੇ ਵਜੋਂ ਕੈਨੇਡਾ-ਚੀਨੀ ਸਬੰਧਾਂ ਨੂੰ ਨਿਘਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੈਨੇਡਾ ਦੇ ਇਰਾਨ ਨਾਲ 2012 ਤੋਂ ਬਾਅਦ ਡਿਪਲੋਮੈਟਿਕ ਸਬੰਧ ਬਿਲਕੁਲ ਟੁੱਟੇ ਹੋਏ ਹਨ। ਇਰਾਨ ਵਾਸੀਆਂ ਅਤੇ ਇਰਾਨੀ ਮੂਲ ਦੇ ਕੈਨੇਡੀਅਨਾਂ ਲਈ ਕਾਨਸੁਲਰ ਸੇਵਾਵਾਂ ਮੱਧ ਪੂਰਬ ਦੇ ਹੋਰ ਮੁਲਕਾਂ ਵਿੱਚੋਂ ਡੰਗ ਟਪਾਊ ਆਧਾਰ ਉੱਤੇ ਦਿੱਤੀਆਂ ਜਾਂਦੀਆਂ ਹਨ। ਇਵੇਂ ਹੀ ਇਰਾਨ ਨੇ ਇੱਕ ਸੈਕਸ਼ਨ ਵਾਸਿੰਗਟਨ ਡੀ.ਸੀ. ਵਿੱਚ ਪਾਕਸਤਾਨ ਈ ਅੰਬੈਸੀ ਵਿੱਚ ਖੋਲਿਆ ਹੋਇਆ ਹੈ। ਬੇਸ਼ੱਕ ਜਸਟਿਨ ਟਰੂਡੋ ਦੇ 2015 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੋਵਾਂ ਕੈਨੇਡਾ ਅਤੇ ਇਰਾਨ ਦਰਮਿਆਨ ਚੰਗੇ ਸਬੰਧਾਂ ਦੀਆਂ ਆਸਾਂ ਕਈ ਵਾਰ ਜਾਗੀਆਂ ਪਰ ਸਬੰਧ ਸੁਖਾਵੇਂ ਹੋਣ ਦਾ ਨਾਮ ਨਹੀਂ ਲੈ ਪਾ ਰਹੇ। ਜਿਹੋ ਜਿਹੀ ਅੰਤਰਰਾਸ਼ਟਰੀ ਅਤਿਵਾਦ ਦੇ ਸ੍ਰੋਤਾਂ ਅਤੇ ਤੇਲ ਭੰਡਾਰਾਂ ਨੂੰ ਲੈ ਕੇ ਬਣੀ ਹੋਈ ਹੈ, ਉਹਨਾਂ ਦੇ ਚੱਲਦੇ ਕੈਨੇਡਾ ਕੋਈ ਬਹੁਤੇ ਕਾਰਗਰ ਕਦਮ ਨਹੀਂ ਚੁੱਕ ਸਕੇਗਾ।