Welcome to Canadian Punjabi Post
Follow us on

06

April 2020
ਬ੍ਰੈਕਿੰਗ ਖ਼ਬਰਾਂ :
ਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤਕਰਫਿਊ ਦੌਰਾਨ ਮਾਪਿਆਂ ਤੋਂ ਫੀਸ ਮੰਗਣ ਵਾਲੇ ਪ੍ਰਾਈਵੇਟ ਸਕੂਲਾਂ `ਤੇ ਵੱਡੀ ਕਾਰਵਾਈ, ਫੀਸ ਮੰਗਣ ਵਾਲੇ 6 ਸਕੂਲਾਂ ਨੂੰ ਭੇਜਿਆ ਕਾਰਨ ਦੱਸੋ ਨੋਟਿਸ ਕੋਵਿਡ-19 ਦੇ ਪੈਦਾ ਹੋਏ ਹਾਲਾਤਾਂ ਦੌਰਾਨ ਵਣ ਮੰਡਲ ਪਠਾਨਕੋਟ ਕਰ ਰਿਹਾ ਹੈ ਵਿਸ਼ੇਸ਼ ਯਤਨ ਪੇਂਡੂ ਇਲਾਕਿਆਂ ਵਿਚ ਕਰੋਨਾ ਦੇ ਖਾਤਮੇ ਲਈ ਪੇਂਡੂ ਵਿਕਾਸ ਵਿਭਾਗ ਦੇ ਮੁਲਾਜ਼ਮ ਨਿਭਾ ਰਹੇ ਨੇ ਮੋਹਰੀ ਭੂਮੀਕਾ
ਸੰਪਾਦਕੀ

ਅਮਰੀਕਾ ਅਤੇ ਇਰਾਨ ਦੇ ਦੰਗਲ ਵਿੱਚ ਕੈਨੇਡਾ ਦੀ ਸਥਿਤੀ

January 09, 2020 08:57 AM

ਪੰਜਾਬੀ ਪੋਸਟ ਸੰਪਾਦਕੀ

ਅਮਰੀਕਾ ਦੁਆਰਾ ਇਰਾਨ ਦੇ ਚੋਟੀ ਦੇ ਜਰਨੈਲ ਕਾਸੇਮ ਸੋਲੇਮਾਨੀ ਦੀ ਡਰੋਨ ਨਾਲ ਕੀਤੀ ਹੱਤਿਆ ਤੋਂ ਬਾਅਦ ਇਰਾਨ ਵੱਲੋਂ ਇਰਾਕ ਵਿੱਚ ਅਮਰੀਕੀ ਫੌਜ ਦੇ ਦੋ ਬੇਸਾਂ ਉੱਤੇ ਕੀਤੇ ਮਿਜ਼ਾਇਲ ਹਮਲਿਆਂ ਤੋਂ ਬਾਅਦ ਸਮੁੱਚੇ ਵਿਸ਼ਵ ਖਾਸ ਕਰਕੇ ਮੱਧ ਪੂਰਬ ਵਿੱਚ ਸਥਿਤੀ ਕਸੂਤੀ ਬਣ ਚੁੱਕੀ ਹੈ। ਇਰਾਕ ਦੀ ਨਾਮਨਿਹਾਦ ਇਰਾਨ ਪੱਖੀ ਸ਼ੀਆ ਬਹੁ-ਗਿਣਤੀ ਵਾਲੀ ਪਾਰਲੀਮੈਂਟ ਨੇ ਅਮਰੀਕੀ ਫੌਜਾਂ ਸਮੇਤ ਸਮੂਹ ਅੰਤਰਰਾਸ਼ਟਰੀ ਫੌਜਾਂ ਨੂੰ ਚਲੇ ਜਾਣ ਦਾ ਮਤਾ ਪਾਸ ਕਰ ਦਿੱਤਾ ਹੈ। ਉੱਥੇ ਪੈਦਾ ਹੋਏ ਤਿੜਕੇ ਹਾਲਾਤਾਂ ਵਿੱਚ ਇਰਾਕ ਦੀਆਂ ਸੁਰੱਖਿਆ ਏਜੰਸੀਆਂ ਨੂੰ ਸਿਖਲਾਈ ਦੇਣ ਲਈ ਤਾਇਤਾਨ ਕੀਤੇ 500 ਦੇ ਕਰੀਬ ਕੈਨੇਡੀਅਨ ਫੌਜੀ ਇੱਕਦਮ ਔਖੀ ਸਥਿਤੀ ਵਿੱਚ ਫਸ ਗਏ ਜਾਪਦੇ ਹਨ। ਵਰਨਣਯੋਗ ਹੈ ਕਿ ਇਰਾਕ ਵਿੱਚ ਨਾਟੋ ਫੌਜਾਂ ਦੇ ਸਿਖਲਾਈ ਪ੍ਰੋਗਰਾਮ ਦੀ ਅਗਵਾਈ ਇਸ ਵਕਤ ਕੈਨੇਡਾ ਵੱਲੋਂ ਕੀਤੀ ਜਾ ਰਹੀ ਹੈ।

ਜਿੱਥੇ ਤੱਕ ਮਾਰੇ ਗਏ ਜਰਨੈਲ ਕਾਸੇਮ ਸੁਲੇਮਾਨੀ ਦਾ ਸੁਆਲ ਹੈ, ਉਹ ਇਰਾਨ ਲਈ ਜਿਉਂਦਾ ਲੱਖ ਦਾ ਅਤੇ ਮਰਿਆ ਸਵਾ ਲੱਖ ਵਰਗਾ ਸਾਬਤ ਹੋ ਰਿਹਾ ਹੈ ਕਿਉਂਕਿ ਉਸਦੀ ਮੌਤ ਨੇ ਇਰਾਨ ਨੂੰ ਇੱਕ ਹੀਰੋ ਬਖ਼ਸ਼ ਦਿੱਤਾ ਹੈ। ਉਹ ਕਿਹੜੀ ਫੌਜੀ ਦਖਲਅੰਦਾਜ਼ੀ ਸੀ ਜੋ ਇਰਾਨ ਨੇ ਬਗਦਾਦ ਤੋਂ ਲੈ ਕੇ ਸੀਰੀਆ, ਯਮਨ, ਲਿਬਨਾਨ ਜਾਂ ਹੋਰ ਮੱਧ ਪੂਰਬ ਦੇਸ਼ਾਂ ਵਿੱਚ ਸੁਲੇਮਾਨੀ ਦੇ ਸ਼ਾਤਰ ਦਿਮਾਗ ਦੇ ਸਹਾਰੇ ਨਹੀਂ ਕੀਤੀ। 2003 ਤੋਂ ਬਾਅਦ ਕਿੰਨੇ ਹੀ ਅਪਰੇਸ਼ਨ ਇਸ ਬਦਨਾਮ ਜਰਨੈਲ ਦੀ ਰਹਿਨੁਮਾਈ ਤਹਿਤ ਸ਼ੀਆ ਕੱਟੜਪਸੰਦਾਂ ਨੇ ਕੀਤੇ ਜਿਹਨਾਂ ਵਿੱਚ ਸੈਂਕੜੇ ਅਮਰੀਕੀ ਫੌਜੀਆਂ ਦੀਆਂ ਜਾਨਾਂ ਗਈਆਂ। ਵੈਸੇ ਪੁੰਨ ਖੱਟਣ ਤਾਂ ਅਮਰੀਕੀ ਫੌਜਾਂ ਵਿੱਚ ਮੱਧ ਪੂਰਬ ਨਹੀਂ ਗਈਆਂ ਹੋਈਆਂ ਸਗੋਂ ਸਾਊਦੀ ਅਰਬੀਆ ਵਰਗੀਆਂ ਵੱਡੀਆਂ ਸੂੱਨੀ ਤਾਕਤਾਂ ਨਾਲ ਹੱਥ ਮਿਲਾ ਕੇ ਉੱਥੇ ਚੱਲ ਰਹੀ ਭਰਾ ਮਾਰ ਜੰਗ ਨੂੰ ਹੋਰ ਸੰਗੀਨ ਬਣਾਉਂਦੀਆਂ ਹਨ। ਦੁਖਦਾਈ ਗੱਲ ਇਹ ਹੈ ਕਿ ਅੱਜ ਇਰਾਨ ਅਤੇ ਅਮਰੀਕਾ ਦੋਵਾਂ ਮੁਲਕਾਂ ਦੀ ਲੀਡਰਸਿ਼ੱਪ ਅਜਿਹੇ ਦੋ ਲੋਕਾਂ ਟਰੰਪ ਅਤੇ ਖਾਮੇਨੀ ਦੇ ਹੱਥ ਹੈ ਜਿਹਨਾਂ ਦੇ ਹੱਥਾਂ ਨਾਲੋਂ ਜ਼ੁਬਾਨ ਤੇਜ਼ ਚੱਲਦੀ ਹੈ।

ਡੌਨਾਲਡ ਟਰੰਪ ਵੱਲੋਂ ਦਹਾਕਿਆਂ ਤੋਂ ਖਤਰਨਾਕ ਮੰਨੇ ਜਾ ਰਹੇ ਕੱਟੜ ਸੋਚ ਵਾਲੇ ਕਾਸੇਮ ਸੁਲੇਮਾਨੀ ਨੂੰ ਮਾਰਨ ਦਾ ਸਮਾਂ ਉਵੇਂ ਹੀ ਮਾੜੇ ਢੰਗ ਨਾਲ ਚੁਣਿਆ ਗਿਆ ਜਿਵੇਂ ਉਸਨੇ ਪੈਰਿਸ ਦੀ ਕਲਾਈਮੇਟ ਰਖਵਾਲੀ ਦੀ ਸੰਧੀ ਤੋਂ ਅਮਰੀਕਾ ਨੂੰ ਅਚਾਨਕ ਬਾਹਰ ਕੱਢਣ ਵੇਲੇ ਕੀਤਾ ਸੀ ਜਾਂ ਫੇਰ ਟਰਾਂਸ ਪੈਸਫਿਕ ਭਾਈਵਾਲੀ ਟਰੇਡ ਡੀਲ ਅਤੇ ਇਰਾਨ ਨਾਲ ਨਿਊਕਲੀਅਰ ਸਮਝੌਤੇ ਨੂੰ ਤਾਰੋਪੀਡ ਕੀਤਾ ਸੀ। ਦੂਜੇ ਪਾਸੇ ਇਰਾਨ ਦੇ ਸੁਪਰੀਮੋ ਸਯੀਅਦ ਅਲੀ ਹੋਸੈਨੀ ਖਾਮੇਨੀ ਉਹ ਇਨਸਾਨ ਹੈ ਜਿਸਨੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਜਨਤਕ ਐਲਾਨ ਕੀਤਾ ਸੀ ਕਿ ਉਹ ਸੋਚ ਵਿੱਚ ਨਰਮੀ, ਕੱਟੜਪੁਣੇ ਤੋਂ ਦੂਰ ਜਾਣ ਵਾਲੇ ਸਾਰੇ ਰਸਤਿਆਂ ਅਤੇ ਅਮਰੀਕਾ ਦੇ ਨਾਲ ਨਾਲ ਖੁੱਲੀ ਸੋਚ ਦੇ ਸਿਧਾਂਤਾਂ ਨੂੰ ਸਦਾ ਲਈ ਖਤਮ ਕਰ ਦੇਵੇਗਾ। ਦਿਮਾਗ ਵਿੱਚ ਠੰਡਕ ਦੇ ਲਿਹਾਜ ਨਾਲ ਸ਼ਾਇਦ ਹੀ ਕੋਈ ਬੈਰੋਮੀਟਰ ਬਣਿਆ ਹੋਵੇਗਾ ਜੋ ਨਾਪ ਸਕੇ ਕਿ ਟਰੰਪ ਅਤੇ ਖਾਮੇਨੀ ਵਿੱਚੋਂ ਠਰੰਮਾਂ ਕਿਸ ਕੋਲ ਮੌਜੂਦ ਹੈ? ਇਹਨਾਂ ਦੋਵਾਂ ਕੋਲ ਆਪੋ ਆਪਣੇ ਮੁਲਕ ਦੇ ਰਾਸ਼ਟਰਪਤੀ ਹੋਣ ਨਾਤੇ ਬੇਪਨਾਹ ਤਾਕਤਾਂ ਹਨ ਪਰ ਇੱਕ ਫਰਕ ਹੈ। ਟਰੰਪ ਨੂੰ ਕਿਸੇ ਹੱਦ ਤੱਕ ਨਕੇਲ ਪਾਉਣ ਲਈ ਵਿਰੋਧੀ ਧਿਰ ਡੈਮੋਕਰੇਟ ਹਨ ਅਤੇ ਅਮਰੀਕਨ ਪਬਲਿਕ ਜੰਗ ਨੂੰ ਦਿਲੋਂ ਪਸੰਦ ਨਹੀਂ ਕਰਦੀ। ਇਸਦੇ ਉਲਟ ਇਰਾਨ ਵਿੱਚ ਜੇ ਕੋਈ ਹੁਕਮ ਚੱਲਦਾ ਹੈ ਤਾਂ ਸਿਰਫ਼ ਅਤੇ ਸਿਰਫ਼ ਖਾਮੇਨੀ ਦਾ ਅਤੇ ਇਰਾਨੀ ਬਹੁ-ਗਿਣਤੀ ਜਨਤਾ ਵੀ ਇੱਕ ਜਨੂੰਨ ਦੀ ਕੈਦ ਹੈ ਜੋ ਕਿਸੇ ਵੀ ਤਰਾਂ ਦੇ ਜੋਖ਼ਮ ਨੂੰ ਵੱਡਾ ਨਹੀਂ ਮੰਨਦੀ।

ਇਸ ਸਥਿਤੀ ਵਿੱਚ ਸੋਚਣਾ ਬਣਦਾ ਹੈ ਕਿ ਕੈਨੇਡਾ ਕੋਲ ਕੀ ਵਿਕਲਪ ਹਨ ਅਤੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਦਿਨਾਂ ਵਿੱਚ ਕੈਨੇਡਾ ਦੀ ਅੰਤਰਰਾਸ਼ਟਰੀ ਨੀਤੀ ਦੀ ਕਿਵੇਂ ਅਗਵਾਈ ਕਰਦੇ ਹਨ। ਬੇਸ਼ੱਕ ਸਾਡੀ ਫੌਜ ਦੇ ਮੁਖੀ ਜਨਰਲ ਜੋਨਾਥਨ ਵੇਂਸ ਨੇ ਕੈਨੇਡੀਅਨ ਫੌਜੀਆਂ ਨੂੰ ਇਰਾਕ ਚੋਂ ਕੱਢ ਕੇ ਕੁਵੇਤ ਲਿਜਾਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ ਪਰ ਕੀ ਅਸੀਂ ਸੱਚ ਮੁੱਚ ਇਰਾਕ ਨੂੰ ਨਿੱਹਥਾ ਛੱਡ ਕੇ ਆ ਜਾਵਾਂਗੇ? ਦੂਜੇ ਪਾਸੇ ਟਰੰਪ ਨਾਟੋ ਫੌਜਾਂ ਦੀ ਨਫ਼ਰੀ ਨੂੰ ਹੋਰ ਵਧਾਉਣ ਦੀਆਂ ਗੱਲਾਂ ਕਰ ਰਿਹਾ ਹੈ। ਕਿੰਨੇ ਕੁ ਕੈਨੇਡੀਅਨ ਹੋਣਗੇ ਜੋ ਆਪਣੇ ਧੀਆਂ ਪੁੱਤਰਾਂ ਨੂੰ ਦੂਰ ਦੁਰਾਡੇ ਦੀ ਜੰਗ ਦੇ ਮੁਹਾਜ਼ ਵਿੱਚ ਝੋਕਣਾ ਪਸੰਦ ਕਰਨਗੇ? 2003 ਵਿੱਚ ਇਰਾਕ ਉੱਤੇ ਅਮਰੀਕੀ ਹਮਲੇ ਦਾ ਦੋ ਤਿਹਾਈ ਕੈਨੇਡੀਅਨਾਂ ਨੇ ਵਿਰੋਧ ਕੀਤਾ ਸੀ। ਉਸ ਵੇਲੇ ਵੀ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਰੀਪਬਲੀਕਨ ਸੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਾਨ ਕਰੈਚੀਅਨ ਲਿਬਰਲ ਸੀ। ਅੱਜ ਵੀ ਟਰੰਪ ਟਰੂਡੋ ਦੇ ਸਮੀਕਰਣ ਉਹੀ ਹਨ। ਇਹਨਾਂ ਸਮੀਕਰਣਾਂ ਦੇ ਸੱਚ ਤੋਂ ਵੱਡਾ ਸੱਚ ਇਹ ਹੈ ਕਿ ਜੰਗ ਵਿੱਚ ਮਰਨ ਵਾਲਾ ਨਾ ਰੀਪਬਲੀਕਨ ਹੁੰਦਾ ਹੈ ਅਤੇ ਨਾ ਹੀ ਲਿਬਰਲ। ਮਰਨ ਵਾਲੇ ਸ਼ੀਆ, ਸੁੱਨੀ ਜਾਂ ਹੋਰ ਵੀ ਨਹੀਂ ਹੁੰਦੇ ਸਗੋਂ ਇਨਸਾਨ ਹੁੰਦੇ ਹਨ। ਉਹ ਇਨਸਾਨ ਜਿਹਨਾਂ ਦੀ ਰਖਵਾਲੀ ਦੇ ਨਾਮ ਉੱਤੇ ਲੀਡਰਾਂ ਦੀਆਂ ਚੁਣੀਆਂ ਗਲਤ ਪਹਿਲਤਾਵਾਂ ਕਾਰਣ ਹੋਣ ਵਾਲੀ ਕਤਲੋਗਾਰਤ ਤੋਂ ਜੇ ਬਚਾਅ ਹੋ ਜਾਵੇ ਤਾਂ ਚੰਗਾ ਹੈ।

Have something to say? Post your comment