Welcome to Canadian Punjabi Post
Follow us on

02

June 2020
ਅਪਰਾਧ

ਗੱਡੀ ਦਾ ਟਾਇਰ ਬਦਲਦੇ ਕਾਰੋਬਾਰੀ ਤੋਂ ਲੁਟੇਰਿਆਂ ਨੇ ਨਕਦੀ ਤੇ ਏ ਟੀ ਐੱਮ ਕਾਰਡ ਲੁੱਟੇ

January 08, 2020 09:16 AM

ਗੁਰਦਾਸਪੁਰ, 7 ਜਨਵਰੀ (ਪੋਸਟ ਬਿਊਰੋ)- ਪੰਡੋਰੀ ਬਾਈਪਾਸ 'ਤੇ ਗੱਡੀ ਦਾ ਟਾਇਰ ਬਦਲ ਰਹੇ ਕਾਰੋਬਾਰੀ 'ਤੇ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਹਮਲਾ ਕਰ ਕੇ ਚਾਰ ਹਜ਼ਾਰ ਰੁਪਏ, ਏ ਟੀ ਐੱਮ ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਲੁੱਟ ਲਏ ਅਤੇ ਫਰਾਰ ਹੋ ਗਏ। ਦੋਸ਼ੀਆਂ ਨੇ ਕਾਰੋਬਾਰੀ ਦੀ ਪਤਨੀ-ਬੱਚੇ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਕੇਸ ਦਰਜ ਕਰ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਵਾਸੀ ਅਮਿਤ ਲਕੇਸਰ ਨੇ ਦੱਸਿਆ ਕਿ ਉਹ ਮਿਸਤਰੀ ਬਾਜ਼ਾਰ ਵਿੱਚ ਮੁਰੱਬਾ-ਸ਼ਰਬਤ ਦਾ ਕਾਰੋਬਾਰ ਕਰਦਾ ਹੈ, ਜਿਸ ਦੇ ਸਿਲਸਿਲੇ ਵਿੱਚ ਐਤਵਾਰ ਨੂੰ ਦੁਨੇਰਾ ਗਏ ਸਨ ਤੇ ਨਾਲ ਪਤਨੀ ਰੀਮਾ ਅਤੇ ਬੱਚਾ ਸੀ। ਮੁੜਦੇ ਸਮੇਂ ਰਾਤ ਕਰੀਬ ਪੌਣੇ 10 ਵਜੇ ਪੰਡੋਰੀ ਬਾਈਪਾਸ ਉੱਤੇ ਕਾਰ ਦਾ ਟਾਇਰ ਪਾਟ ਗਿਆ। ਉਨ੍ਹਾ ਦੱਸਿਆ ਕਿ ਟਾਇਰ ਬਦਲ ਰਹੇ ਸਨ ਤਾਂ ਤਿੰਨ ਮੋਟਰ ਸਾਈਕਲ ਸਵਾਰ ਉਨ੍ਹਾਂ ਕੋਲ ਆ ਕੇ ਰੁਕੇ ਤੇ ਟਾਇਰ ਬਦਲਣ ਵਿੱਚ ਮਦਦ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਉਹ ਆਪਣੀ ਗੱਲ 'ਤੇ ਅੜੇ ਰਹੇ। ਅਮਿਤ ਨੇ ਕਿਹਾ ਕਿ ਸ਼ੱਕ ਹੋਣ 'ਤੇ ਕਾਰ ਵਿੱਚ ਬੈਠੀ ਪਤਨੀ ਨੂੰ ਗੱਡੀ ਅੰਦਰੋਂ ਲੋਕ ਕਰਨ ਲਈ ਕਿਹਾ। ਇਸੇ ਦੌਰਾਨ ਇੱਕ ਦੋਸ਼ੀ ਨੇ ਉਸ ਦੀ ਪਿੱਠ ਉੱਤੇ ਕੋਈ ਚੀਜ਼ ਰੱਖ ਕੇ ਕਿਹਾ ਕਿ ਉਹ ਉਨ੍ਹਾਂ ਨੂੰ ਗੋਲੀ ਮਾਰ ਦੇਵੇਗਾ, ਉਨ੍ਹਾਂ ਦੇ ਕੋਲ ਜੋ ਵੀ ਹੈ, ਕੱਢ ਦੇਣ। ਉਨ੍ਹਾਂ ਨੇ ਆਪਣੀ ਜੇਬ 'ਚੋਂ ਪਰਸ ਕੱਢ ਕੇ ਲੁਟੇਰਿਆਂ ਨੂੰ ਦੇ ਦਿੱਤਾ, ਜਿਸ ਵਿੱਚ ਚਾਰ ਹਜ਼ਾਰ ਰੁਪਏ, ਦੋ ਏ ਟੀ ਐੱਮ ਕਾਰਡ, ਆਧਾਰ ਕਾਰਡ, ਪੈਨ ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਸਨ। ਅਮਿਤ ਨੇ ਦੱਸਿਆ ਕਿ ਲੁਟੇਰੇ ਉਨ੍ਹਾਂ ਤੋਂ ਗੱਡੀ ਵਿੱਚ ਰੱਖੇ ਸਾਮਾਨ ਬਾਰੇ ਪੁੱਛਣ ਲੱਗੇ ਤਾਂ ਇੱਕ ਲੁਟੇਰੇ ਨੇ ਗੱਡੀ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨਾਲ ਭਿੜ ਗਏ। ਲੁਟੇਰਿਆਂ ਦੇ ਇੱਕ ਸਾਥੀ ਨੇ ਉਸ ਦੇ ਸਿਰ 'ਤੇ ਕਿਸੇ ਚੀਜ਼ ਨਾਲ ਵਾਰ ਕਰ ਦਿੱਤਾ, ਦੂਸਰੇ ਨੇ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ। ਉਨ੍ਹਾਂ ਨੇ ਇਸ ਦੇ ਬਾਅਦ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਲੋਕ ਇਕੱਠੇ ਹੁੰਦੇ ਦੇਖ ਲੁਟੇਰੇ ਮੋਟਰ ਸਾਈਕਲ 'ਤੇ ਫਰਾਰ ਹੋ ਗਏ।

Have something to say? Post your comment