ਨਵੀਂ ਦਿੱਲੀ, 12 ਦਸੰਬਰ (ਪੋਸਟ ਬਿਊਰੋ)- ਨਾਗਰਿਕਤਾ ਸੋਧ ਬਿੱਲ ਉੱਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਬਾਰੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਇਸ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, ‘ਸਾਨੂੰ ਇਹ ਨਹੀਂ ਲੱਗਦਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਹਰ ਬਿਆਨ ਦਾ ਜਵਾਬ ਦੇਣ ਦੀ ਲੋੜ ਹੈ, ਉਨ੍ਹਾਂ ਦੇ ਸਾਰੇ ਬਿਆਨ ਬੇਬੁਨਿਆਦ ਹਨ ਅਤੇ ਉਨ੍ਹਾਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਉੱਤੇ ਟਿੱਪਣੀ ਕਰਨ ਦੀ ਥਾਂ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀ ਹਾਲਤ ਬਾਰੇ ਸੋਚਣਾ ਚਾਹੀਦਾ ਹੈ।`
ਵਰਨਣ ਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕੀਤਾ ਸੀ। ਇਮਰਾਨ ਖਾਨ ਨੇ ਟਵੀਟ ਕੀਤਾ ਸੀ, ‘ਮੈਂ ਸਖਤ ਸ਼ਬਦਾਂ ਵਿੱਚ ਭਾਰਤ ਦੀ ਲੋਕ ਸਭਾ ਵਿੱਚ ਨਾਗਰਿਕ ਸੋਧ ਬਿੱਲ ਆਉਣ ਦੀ ਨਿੰਦਾ ਕਰਦਾ ਹਾਂ। ਇਹ ਨਾ ਸਿਰਫ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦਾ, ਬਲਕਿ ਪਾਕਿਸਤਾਨ ਦੇ ਨਾਲ ਹੋਏ ਦੋ-ਪੱਖੀ ਸਮਝੌਤੇ ਦਾ ਵੀ ਉਲੰਘਣ ਹੈ।’ ਇਸ ਤੋਂ ਪਹਿਲਾਂ ਭਾਰਤੀ ਪਾਰਲੀਮੈਂਟ ਵਲੋਂ ਧਾਰਾ 370 ਨੂੰ ਹਟਾਏ ਜਾਣ ਤੋਂ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਚੋਖੀ ਬਿਆਨਬਾਜ਼ੀ ਕਰ ਚੁੱਕਾ ਹੈ। ਖਾਨ ਨੇ ਆਪਣੇ ਇੱਕ ਟਵੀਟ ਰਾਹੀਂ ਮੋਦੀ ਸਰਕਾਰ ਤੇ ਰਾਸ਼ਟਰੀ ਸਵੈ-ਸੇਵਕ ਸੰਘ ਉੱਤੇ ਨਿਸ਼ਾਨਾ ਲਾ ਕੇ ਦੋਸ਼ ਲਾਇਆ ਕਿ ਇਹ ਬਿੱਲ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੇ ਖਿਲਾਫ ਹੈ।
ਇਸ ਮੌਕੇ ਬੰਗਲਾ ਦੇਸ਼ ਦੇ ਵਿਦੇਸ਼ ਮੰਤਰੀ ਵਲੋਂ ਭਾਰਤ ਦਾ ਦੌਰਾ ਰੱਦ ਕਰਨ ਉੱਤੇ ਰਵੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਯਾਤਰਾ ਰੱਦ ਕਰਨ ਦਾ ਸਪੱਸ਼ਟੀਕਰਨ ਵੀ ਦਿੱਤਾ ਹੈ। ਸਾਡਾ ਰਿਸ਼ਤਾ ਮਜ਼ਬੂਤ ਹੈ। ਇਸ ਘਟਨਾਕ੍ਰਮ ਦੇ ਬਾਵਜੂਦ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਕਿਹਾ ਹੈ ਕਿ ਸਾਡੇ ਸੰਬੰਧਾਂ ਦਾ ਸੁਨਹਿਰੀ ਯੁੱਗ ਹੈ। ਬੰਗਲਾ ਦੇਸ਼ ਦੇ ਵਿਦੇਸ਼ ਮੰਤਰੀ ਵੱਲੋਂ ਨਾਗਰਿਕਤਾ ਸੋਧ ਬਿੱਲ ਉੱਤੇ ਕੀਤੀ ਟਿੱਪਣੀ ਬਾਰੇ ਕਿਹਾ, ‘ਉਲਝਣ ਦੀ ਸਥਿਤੀ ਹੈ। ਅਸੀਂ ਉਨ੍ਹਾਂ ਨੂੰ ਸਮਝਾਇਆ ਕਿ ਮੌਜੂਦਾ ਸਰਕਾਰ ਵਿੱਚ ਕੋਈ ਧਾਰਮਿਕ ਅੱਤਿਆਚਾਰ ਨਹੀਂ ਹੁੰਦਾ। ਬੰਗਲਾ ਦੇਸ਼ ਤੋਂ ਆਏ ਜਿਨ੍ਹਾਂ ਸ਼ਰਨਾਰਥੀਆਂ ਨੇ ਭਾਰਤ ਵਿੱਚ ਸ਼ਰਨ ਮੰਗੀ, ਉਨ੍ਹਾਂ ਨੇ ਧਾਰਮਿਕ ਆਧਾਰ ਉੱਤੇ ਤਸ਼ੱਦਦ ਫੌਜੀ ਸ਼ਾਸਨ ਦੌਰਾਨ ਅਤੇ ਬੰਗਲਾ ਦੇਸ਼ ਦੀਆਂ ਪਿਛਲੀ ਸਰਕਾਰਾਂ ਵੇਲੇ ਝੱਲਿਆ ਸੀ। ਅਸੀਂ ਜਾਣਦੇ ਅਤੇ ਸਵੀਕਾਰ ਕਰਦੇ ਹਾਂ ਕਿ ਬੰਗਲਾ ਦੇਸ਼ ਦੀ ਮੌਜੂਦਾ ਸਰਕਾਰ ਨੇ ਘੱਟ ਗਿਣਤੀਆਂ ਦੀ ਸਮੱਸਿਆਵਾਂ ਹੱਲ ਕਰਨ ਲਈ ਕਈ ਕਦਮ ਚੁੱਕੇ ਹਨ।`