Welcome to Canadian Punjabi Post
Follow us on

19

January 2020
ਸੰਪਾਦਕੀ

ਟੋਰਾਂਟੋ ਵਿੱਚ ‘ਬੈਂਡ ਇਟ ਲਾਈਕ ਬੈਕਮ’

December 09, 2019 09:50 AM

ਇੰਗਲੈਂਡ ਦੀ ਜੰਮਪਲ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਪੰਜਾਬੀ ਮੂਲ ਦੀ ਫਿਲਮ ਡਾਇਰੈਕਟਰ ਗੁਰਿੰਦਰ ਚੱਢਾ ਦੀ 2002 ਵਿੱਚ ਆਈ ਫਿਲਮ ‘ਬੈਂਡ ਇਟ ਲਾਈਕ ਬੈਕਮ’ ਨੂੰ ਕੌਣ ਨਹੀਂ ਜਾਣਦਾ। ਇਸਨੂੰ ਕੁਦਰਤ ਦੀ ਖੇਡ ਹੀ ਆਖਿਆ ਜਾ ਸਕਦਾ ਹੈ ਕਿ 17 ਸਾਲ ਬਾਅਦ ਇਸ ਫਿਲਮ ਦੀ ਸਟੇਜ ਪਰਫਾਰਮੈਂਸ ਕਰਨ ਲਈ ਗੁਰਿੰਦਰ ਚੱਢਾ ਟੋਰਾਂਟੋ ਆ ਰਹੀ ਹੈ ਜਿਸਦੇ ਸਟੇਜ ਸ਼ੋਅ ਅੱਜ ਕੱਲ ਟੋਰਾਂਟੋ ਵਿੱਚ ਹੋ ਰਹੇ ਹਨ। ਵਿਸ਼ਵ ਭਰ ਵਿੱਚ ਸਫ਼ਲਤਾ ਦੇ ਰਿਕਾਰਡ ਤੋੜਨ ਵਾਲੀ ਇਸ ਫਿਲਮ ਵਿੱਚ ਕੇਂਦਰੀ ਪਾਤਰ 18 ਸਾਲ ਦੀ ਉਸ ਪੰਜਾਬੀ ਲੜਕੀ ਦਾ ਹੈ ਜੋ ਫੁੱਟਬਾਲ ਖੇਡਣ ਕੇ ਸਫ਼ਲਤਾ ਦੀਆਂ ਬੁਲੰਦੀਆਂ ਛੂਹਣਾ ਚਾਹੁੰਦੀ ਹੈ। ਦੂਜੇ ਪਾਸੇ ਉਸਦਾ ਪਿਤਾ ਇਹ ਆਖ ਕੇ ਉਸਨੂੰ ਰੋਕਣ ਦੀ ਕੋਸਿ਼ਸ਼ ਕਰਦਾ ਹੈ ਕਿ, ‘ਸਾਨੂੰ ਵੱਡੇ ਸੁਪਨੇ ਨਹੀਂ ਵੇਖਣੇ ਚਾਹੀਦੇ’। ਬੇਟੀ ਦੇ ਸੁਪਨਿਆਂ ਉੱਤੇ ਪਿਤਾ ਦਾ ਬਰੇਕਾਂ ਲਾਉਣਾ ਨਸਲਵਾਦ ਨਾਲ ਸਿੱਝਣ ਦੇ ਉਸਦੇ ਨਿੱਜੀ ਅਨੁਭਵ ਵਿੱਚ ਉਪਜਦਾ ਹੈ ਜਿਸਦੇ ਸਿੱਟੇ ਵਜੋਂ ਪਿਤਾ ਦੀ ਧਾਰਨਾ ਬਣ ਚੁੱਕੀ ਸੀ ਕਿ ਰੰਗਦਾਰ ਵਿਅਕਤੀਆਂ ਨੂੰ ਬਾਹਰਲੇ ਮੁਲਕਾਂ ਵਿੱਚ ਵੱਡੇ ਸੁਪਨੇ ਨਹੀਂ ਵੇਖਣੇ ਚਾਹੀਦੇ।

 ਇਸ ਫਿਲਮ ਦਾ ਸਟੇਜ ਸ਼ੋਅ (ਡਰਾਮਾ) ਬਣਾ ਕੇ ਟੋਰਾਂਟੋ ਵਿੱਚ ਉਸ ਵੇਲੇ ਆਉਣਾ ਸੰਕੇਤਕ ਹੈ ਜਦੋਂ ਪੀਲ ਡਿਸਟਰਿਕਟ ਸਕੂਲ ਬੋਰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਐਸੋਸੀਏਟ ਡਾਇਰੈਕਟਰ ਦੇ ਅਹੁਦੇ ਉੱਤੇ ਪੁੱਜਣ ਵਾਲੀ ਪੰਜਾਬਣ ਪੋਲੀਨ ਗਰੇਵਾਲ ਨੇ ਬੋਰਡ ਖਿਲਾਫ਼ ਮਨੁੱਖੀ ਅਧਿਕਾਰ ਟ੍ਰਿਬਿਊਨਲ ਵਿੱਚ ਉਸਨੂੰ ਨਸਲਵਾਦ ਦਾ ਸਿ਼ਕਾਰ ਬਣਾਉਣ ਕਾਰਣ ਸਿਕਾਇਤ ਦਾਖ਼ਲ ਕੀਤੀ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਮਿਸ ਗਰੇਵਾਲ ਦੇ ਸਿ਼ਕਾਇਤ ਕਰਨ ਤੋਂ ਬਾਅਦ ਹੁਣ ਬੋਰਡ ਦੇ ਡਾਇਰੈਕਟਰ ਨੇ ਉਸ ਖਿਲਾਫ਼ ਜਾਂਚ ਪੜਤਾਲ ਦੇ ਹੁਕਮ ਚੜਾ ਦਿੱਤੇ ਹਨ। ਸੋ ਪੀਲ ਸਕੂਲ ਬੋਰਡ ਅੱਜ ਕੱਲ ਤਿੰਨ ਧਿਰੀ ਜੰਗ ਵਿੱਚ ਉਲਝਿਆ ਹੋਇਆ ਹੈ। ਮਿਸ ਗਰੇਵਾਲ ਦੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਵਿੱਚ ਸਿ਼ਕਾਇਤ, ਬੋਰਡ ਦੀ ਮਿਸ ਗਰੇਵਾਲ ਵਿਰੁੱਧ ਕਿਸੇ ਅਣਪਛਾਤੀ ਸਿ਼ਕਾਇਤ (anonymous complaint) ਦੇ ਆਧਾਰ ਉੱਤੇ ਜਾਂਚ ਅਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸਕੂਲ ਬੋਰਡ ਦੀਆਂ ਮਨੁੱਖੀ ਸ੍ਰੋਤਾਂ, ਲੀਡਰਸਿ਼ੱਪ ਅਤੇ ਕੰਮਕਾਜ ਦੀਆਂ ਵਿਧੀਆਂ ਦਾ ਗੰਭੀਰਤਾ ਨਾਲ ਮੁਆਇਨਾ ਕਰਨ ਦੇ ਹੁਕਮ ਦੇਣਾ।

ਪ੍ਰੋਵਿੰਸ਼ੀਅਲ ਸਰਕਾਰ ਨੇ ਉਂਟੇਰੀਓ ਵਿੱਚ ਸੱਭ ਤੋਂ ਵੱਡੇ ਪਬਲਿਕ ਸਕੂਲ ਬੋਰਡ ਦਾ ਮੁਅਇਨਾ ਕਰਨ ਲਈ ਸਾਬਕਾ ਡਿਪਟੀ ਮਿਨਿਸਟਰ ਸੁਜ਼ੈਨ ਹਰਬਰਟ ਅਤੇ ਮਨੁੱਖੀ ਅਧਿਕਾਰ ਵਕੀਲ ਐਨਾ ਚੱਢਾ ਨੂੰ ਬੇਨਤੀ ਕੀਤੀ ਹੈ। ਪੀਲ ਸਕੂਲ ਬੋਰਡ ਕੋਲ 217 ਐਲੀਮੈਂਟਰੀ ਅਤੇ 42 ਸੈਕੰਡਰੀ ਸਕੂਲਾਂ ਨੂੰ ਸੰਭਾਲਣ ਦੀ ਜੁੰਮੇਵਾਰੀ ਹੈ ਜਿਹਨਾਂ ਵਿੱਚ 1 ਲੱਖ 55 ਹਜ਼ਾਰ ਬੱਚੇ ਪੜਦੇ ਹਨ। ਪੀਲ ਵਿੱਚ 50% ਤੋਂ ਜਿ਼ਆਦਾ ਲੋਕ ਰੰਗਦਾਰ ਹਨ ਜਿਹਨਾਂ ਵਿੱਚ ਬਹੁ-ਗਿਣਤੀ ਸਾਊਥ ਏਸ਼ੀਅਨ, ਬਲੈਕ, ਅਰਬ ਅਤੇ ਚੀਨੀ ਮੂਲ ਦੇ ਹਨ।

ਬੈਂਡ ਇਟ ਲਾਈਕ ਬੈਕਮ ਵਿੱਚ ਮੁੱਖ ਹੀਰੋਇਨ ਦੀ ਕਮਾਲਦਾਰ ਭੂਮਿਕਾ ਪਰਮਿੰਦਰ ਕੌਰ ਨਾਗਰਾ ਨੇ ਨਿਭਾਈ ਸੀ ਜਦੋਂ ਕਿ ਸਾਈਡ ਹੀਰੋਇਨ ਦਾ ਰੋਲ ਕੇਈਰਾ ਕ੍ਰਿਸਟਿਨਾ ਨਾਈਟਲੀ (Keira Christina Knightley) ਨੇ ਨਿਭਾਇਆ ਸੀ। ਬਾਅਦ ਵਿੱਚ ਕੇਈਰਾ ਨਾਈਟਲੀ ਦਾ ਕੈਰੀਅਰ ਬੇਹੱਦ ਉਚਾਈਆਂ ਨੂੰ ਛੂਹਣ ਲੱਗਾ ਜਦੋਂ ਕਿ ਪਰਮਿੰਦਰ ਨਾਗਰਾ ਨੂੰ ਮੁਕਾਬਲੇ ਵਿੱਚ ਬਹੁਤ ਘੱਟ ਸਫ਼ਲਤਾ ਮਿਲੀ। ਸੋਸ਼ਲ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਮੁੱਖ ਧਾਰਾ ਵਿੱਚ ਪੈਰ ਜਮਾਉਣ ਲਈ ਰੰਗਦਾਰ ਚੱਮੜੀ ਉਸ ਲਿਹਾਜ਼ ਨਾਲ ਨਹੀਂ ਵਿਕਦੀ ਜਿੰਨੀ ਉਹਨਾਂ ਵਿੱਚ ਕਾਬਲੀਅਤ ਹੁੰਦੀ ਹੈ। ਗੁਰਿੰਦਰ ਚੱਢਾ ਮੁਤਾਬਕ ਬੇਸ਼ੱਕ ਹੁਣ ਅਸੀਂ ‘ਮੇਨਸਟਰੀਮ’ ਹਾਂ ਪਰ ਤਾਂ ਵੀ ਹਾਲੇ ਨਹੀਂ ਹਾਂ। ਮਿਸੀਸਾਗਾ ਨਿਵਾਸੀ ਪ੍ਰਸਿੱਧ ਬਾਸਕਟਬਾਲ ਖਿਡਾਰੀ ਅਤੇ ਕਮੈਂਟੇਟਰ ਡੌਨ ਚੈਰੀ ਦਾ ਰੀਮੈਂਬਰੈਂਸ ਡੇਅ ਸਬੰਧੀ ਪਰਵਾਸੀਆਂ ਨੂੰ 'You people’ ਆਖ ਕੇ ਨਿਸ਼ਾਨਾ ਬਣਾਉਣ ਨੂੰ ਇਸੇ ਲੜੀ ਦੇ ਹਿੱਸੇ ਵਜੋਂ ਵੇਖਿਆ ਜਾ ਸਕਦਾ ਹੈ।

ਸਹੀ ਹੈ ਕਿ ਯੂ ਟਿਊਬ ਨੇ ਲਿੱਲੀ ਸਿੰਘ, ਸਿਆਸਤ ਨੇ ਜਗਮੀਤ ਸਿੰਘ, ਹਰਜੀਤ ਸੱਜਣ, ਨਵਦੀਪ ਬੈਂਸ ਅਤੇ ਕਾਰਪੋਰੇਟ ਵਰਲਡ ਨੇ ਸਰਬਜੀਤ ਸਿੰਘ ਮਰਵਾਹਾ ਵਰਗੇ ਲੋਕ ਸਾਡੀ ਕਮਿਉਨਿਟੀ ਵਿੱਚੋਂ ਪੈਦਾ ਕਰਕੇ ਕੈਨੇਡਾ ਨੂੰ ਦਿੱਤੇ ਹਨ ਪਰ ਹਾਲੇ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ। ਅਜਿਹਾ ਕਰਨਾ ਜਿਸ ਬਦੌਲਤ ਸਾਡੀ ਨਵੀਂ ਪੀੜੀ ਦੇ ਬੱਚੇ ਸੱਚ ਮੁੱਚ ਆਪਣੀਆਂ ਇੱਛਾਵਾਂ ਅਤੇ ਉਦੇਸ਼ਾਂ ਨੂੰ ‘ਬੈਂਡ ਇਟ ਲਾਈਕ ਬੈਕਮ’ ਕਰ ਸੱਕਣ। ਇਸ ਜਦੋ ਜਹਿਦ ਵਿੱਚ ਸਾਨੂੰ ਉਹਨਾਂ ਹਜ਼ਾਰਾਂ ਲੱਖਾਂ ਬੱਚਿਆਂ ਅਤੇ ਮਾਪਿਆਂ ਦੀਆਂ ਆਸ਼ਾਵਾਂ ਨੂੰ ਸਾਹਮਣੇ ਰੱਖਣਾ ਹੋਵੇਗਾ ਜੋ ਹਰ ਸਾਲ ਵਹੀਰਾਂ ਘੱਤ ਕੈਨੇਡਾ ਵਿੱਚ ਨਵੇਂ ਆਉਂਦੇ ਹਨ ਸਮੇਤ ਅੰਤਰਰਾਸ਼ਟਰੀ ਵਿੱਦਿਆਰਥੀਆਂ ਦੇ ਜੋ ਆਪਣਿਆਂ ਭਾਵ ਸਾਊਥ ਏਸ਼ੀਅਨ ਬਿਜਨਸਾਂ ਹੱਥੋਂ ਹੀ ਸੋਸ਼ਣ ਦਾ ਸਿ਼ਕਾਰ ਹੋਣ ਲਈ ਮਸ਼ਹੂਰ ਹੋ ਚੁੱਕੇ ਹਨ।

Have something to say? Post your comment