Welcome to Canadian Punjabi Post
Follow us on

19

January 2020
ਸੰਪਾਦਕੀ

ਸਿੱਖੀ ਅਤੇ ਗਰਭਪਾਤ ਬਾਰੇ ਅਹਿਮ ਚਰਚਾ ਦਾ ਮੁੱਢ

December 04, 2019 08:59 AM

ਪੰਜਾਬੀ ਪੋਸਟ ਸੰਪਾਦਕੀ

ਅਮਰੀਕਾ ਦੇ ਨਿਊ ਜਰਸੀ ਸਟੇਟ ਦੇ ਬਰਿੱਜਵਾਟਰ ਸ਼ਹਿਰ ਵਿੱਚ ਸਥਿਤ ਸਿੱਖ ਰੀਸਰਚ ਇਨਸਟੀਚਿਊਟ (www.sikhri.org) ਵੱਲੋਂ ਸਿੱਖ ਧਰਮ ਅਤੇ ਗਰਭਪਾਤ ਦੇ ਪਰੀਪੇਖ ਉੱਤੇ ਖੋਜ ਕਰਕੇ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਖੋਜ ਨੂੰ ਮੁਕੰਮਲ ਕਰਨ ਲਈ ਭਾਰਤ, ਅਮਰੀਕਾ ਅਤੇ ਕੈਨੇਡਾ ਸਮੇਤ 28 ਦੇਸ਼ਾਂ ਤੋਂ 1277 ਉਹਨਾਂ ਲੋਕਾਂ ਦੇ ਹੁੰਗਾਰਿਆਂ ਉੱਤੇ ਆਧਾਰਿਤ ਸਰਵੇਖਣ ਤਿਆਰ ਕੀਤਾ ਗਿਆ ਜਿਹਨਾਂ ਨੇ ਖੁਦ ਨੂੰ ਸਿੱਖ ਹੋਣਾ ਬਿਆਨਿਆ। ਸਿੱਖ ਰੀਸਰਚ ਦੇ ਅਹੁਦੇਦਾਰਾਂ ਦੀ ਇੰਝ ਕਰਨ ਪਿੱਛੇ ਮਨਸ਼ਾ ਸੀ ਕਿ ਇਸ ਮਹੱਤਵਪੂਰਣ ਸਟੱਡੀ ਵਿੱਚ ਸਿੱਖ ਵਿਚਾਰ ਹੀ ਪੇਸ਼ ਹੋਣ ਤਾਂ ਜੋ ਸਟੱਡੀ ਆਪਣੇ ਮੂਲ ਮੰਤਵ ਨੂੰ ਪੂਰਾ ਕਰ ਸਕੇ। ਸਿੱਖੀ ਰੀਸਰਚ ਇਨਸਟੀਚਿਊਟ ਦੇ ਇੱਕ ਡਾਇਰੈਕਟਰ ਡਾਕਟਰ ਪ੍ਰਿਤਪਾਲ ਸਿੰਘ ਮੁਤਾਬਕ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਗਰਭਪਾਤ ਬਾਰੇ ਕਾਨੂੰਨ ਤੇਜੀ ਨਾਲ ਬਦਲ ਰਹੇ ਹਨ ਜਿਸ ਕਾਰਣ ਗਰਭਪਾਤ ਦਾ ਮੁੱਦਾ ਪਹਿਲਾਂ ਨਾਲੋਂ ਵੀ ਵਧੇਰੇ ਮਹੱਤਵਪੂਰਣ ਬਣ ਗਿਆ ਹੈ।

ਰਿਪੋਰਟ ਵਿੱਚ ਇੱਕ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਗਰਭਪਾਤ (abortion) ਕਰਵਾਉਣ ਅਤੇ ਬੱਚੇ ਦੇ ਜਨਮ ਤੋਂ ਬਾਅਦ ਉਸਨੂੰ ਮਾਰ ਦੇਣ ਦੀ ਪ੍ਰਥਾ (infanticide) ਵਿੱਚ ਫਰਕ ਹੈ। ਬੀਤੇ ਸਾਲਾਂ ਵਿੱਚ ਪੰਜਾਬ ਅਤੇ ਹੋਰ ਮੁਲਕਾਂ ਖਾਸ ਕਰਕੇ ਕੈਨੇਡਾ-ਅਮਰੀਕਾ ਵਿੱਚ ਸਿੱਖ ਭਾਈਚਾਰੇ ਦੇ ਸੰਦਰਭ ਵਿੱਚ ਨਾਂਹ-ਪੱਖੀ ਚਰਚਾ ਗਰਭਪਾਤ ਨੂੰ ਲੈ ਕੇ ਹੁੰਦੀ ਰਹੀ ਹੈ। ਕਾਰਣ ਕਿ ਸਿੱਖ ਭਾਈਚਾਰੇ ਵਿੱਚ ਲੜਕੀਆਂ ਨੂੰ ਗਰਭਪਾਤ ਕਰਕੇ ਖਤਮ ਕਰਨ ਦੀ ਪ੍ਰਥਾ ਜਿ਼ਕਰਯੋਗ ਪੱਧਰ ਤੱਕ ਪਾਈ ਜਾਂਦੀ ਹੈ। ਸਰਵੇਖਣ ਮੁਤਾਬਕ ਗਰਭਪਾਤ ਨੂੰ ਲੈ ਕੇ ਸਿੱਖ ਤਿੰਨ ਚੀਜ਼ਾਂ ਸਿੱਖੀ, ਸਾਇੰਸ ਅਤੇ ਨਿੱਜੀ ਜੀਵਨ ਅਨੁਭਵਾਂ ਨੂੰ ਧਿਆਨ ਵਿੱਚ ਰੱਖਦੇ ਹਨ। ਰਿਪੋਰਟ ਨੇ ਦੱਸਿਆ ਹੈ ਕਿ ਬੇਸ਼ੱਕ ਗੁਰਮਤ ਵਿੱਚ ਆਪਸੀ ਸਹਿਮਤੀ ਨਾਲ ਜੀਵ ਦਾ ਗਰਭ-ਧਾਰਨ ਕਰਨਾ ਇੱਕ ਰੱਬੀ ਕਰਨ ਮੰਨਿਆ ਜਾਂਦਾ ਹੈ, ਪਰ ਸਰਵੇਖਣ ਵਿੱਚ ਬਹੁ ਗਿਣਤੀ ਨੇ ਕਿਹਾ ਕਿ ਮਨੁੱਖੀ ਜੀਵਨ ਗਰਭ ਧਾਰਨ ਕਰਨ ਤੋਂ ਬਾਅਦ ਆਰੰਭ ਹੁੰਦਾ ਹੈ।

36.6% ਲੋਕਾਂ ਦਾ ਮੰਨਣਾ ਸੀ ਕਿ ਗਰਭਪਾਤ ਦਾ ਕਾਰਣ ਮਾਂ ਅਤੇ ਭਰੂਣ ਦੋਵਾਂ ਨੂੰ ਖਤਰਾ ਹੋ ਸਕਦਾ ਹੈ ਜਦੋਂ ਕਿ 18.7% ਨੇ ਕਿਹਾ ਕਿ ਬਲਾਤਕਾਰ ਜਾਂ ਸਕੇ ਸਬੰਧੀਆਂ ਵਿੱਚ ਯੌਨ ਸਬੰਧਾਂ (incest) ਕਾਰਣ ਗਰਭਪਾਤ ਕਰਵਾਇਆ ਜਾਂਦਾ ਹੈ। ਇਸਤੋਂ ਇਲਾਵਾ ਸੁਖਾਲਾ ਜੀਵਨ ਜਿਉਣ ਦੀ ਤਮੰਨਾ (convenience) (16.6%) ਅਤੇ ਵਿੱਤੀ ਮੁਸ਼ਕਲਾਂ (16.2) ਨੂੰ ਕਾਰਣ ਮੰਨਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਲੜਕੇ ਲਈ ਪਹਿਲ (gender selection) ਨੂੰ ਸਿਰਫ਼ 12.6% ਨੇ ਗਰਭਪਾਤ ਦਾ ਕਾਰਣ ਮੰਨਿਆ।

ਰਿਪੋਰਟ ਕੁੱਝ ਸੁਆਲ ਖੜੇ ਕਰਦੀ ਹੈ। 18% ਦਾ ਇਹ ਮੰਨਣਾ ਕਿ ਗਰਭਪਾਤ ਬਲਾਤਕਾਰ ਜਾਂ ਸਕੇ ਸਬੰਧੀਆਂ ਵਿੱਚ ਯੌਨ ਸਬੰਧਾਂ ਦਾ ਸਿੱਟਾ ਹੁੰਦੇ ਹਨ, ਕਿਸੇ ਹੱਦ ਤੱਕ ਸਾਬਤ ਕਰਦਾ ਹੈ ਕਿ ਸਿੱਖ ਸਮਾਜ ਵਿੱਚ ਬਲਾਤਕਾਰ ਅਤੇ ਪਰਿਵਾਰਕ ਯੌਨ ਸਬੰਧ ਇੱਕ ਸੱਚਾਈ ਹਨ। ਸਿਰਫ਼ 12% ਦਾ ਆਖਣਾ ਹੈਰਾਨੀ ਪੈਦਾ ਕਰਦਾ ਹੈ ਕਿ ਗਰਭਪਾਤ ਲੜਕੇ ਜੰਮਣ ਦੀ ਪਹਿਲ ਕਾਰਣ ਕਰਵਾਇਆ ਜਾਂਦਾ ਹੈ, ਜਦੋਂ ਕਿ ਪੰਜਾਬ ਵਿੱਚ 1000 ਲੜਕਿਆਂ ਪਿੱਛੇ ਸਿਰਫ਼ 862 ਲੜਕੀਆਂ ਹੀ ਜੰਮਦੀਆਂ ਹਨ ਜਦੋਂ ਕਿ ਕੁਦਰਤ ਦੇ ਨੇਮ ਮੁਤਾਬਕ ਲੜਕੀਆਂ ਜੰਮਣ ਦਰ ਲੜਕਿਆਂ ਨਾਲੋਂ ਥੋੜੀ ਵੱਧ ਹੁੰਦੀ ਹੈ। ਰਿਪੋਰਟ ਮੁਤਾਬਕ 64.6% ਨੇ ਮੰਨਿਆ ਕਿ ਗਰਭਪਾਤ ਕਰਵਾਉਣ ਦਾ ਫੈਸਲਾ ਗਰਭਵਤੀ ਮਾਂ ਵੱਲੋਂ ਲਿਆ ਜਾਂਦਾ ਹੈ ਪਰ ਕੁੱਖ ਵਿੱਚ ਲੜਕੀਆਂ ਨੂੰ ਖਤਮ ਕਰਨ ਦੀ ਪ੍ਰਥਾ ਵਿੱਚ ਪਰਿਵਾਰ ਦੇ ਰੋਲ ਬਾਰੇ ਰਿਪੋਰਟ ਚੁੱਪ ਹੈ।

ਰਿਪੋਰਟ ਨੇ ਕਈ ਅੱਛੀਆਂ ਸਿਫਾਰਸ਼ਾਂ ਪੇਸ਼ ਕੀਤੀਆਂ ਹਨ ਜਿਹਨਾਂ ਨੂੰ ਅਪਨਾਉਣਾ ਜਾਂ ਨਾ ਅਪਨਾਉਣਾ ਸਿੱਖ ਭਾਈਚਾਰੇ ਦੀ ਖਵਾਹਿਸ਼ ਉੱਤੇ ਨਿਰਭਰ ਕਰਦਾ ਹੈ। ਇੱਕ ਜਿ਼ਕਰਯੋਗ ਸਿਫਾਰਸ਼ ਹੈ ਕਿ ਗਰਭਪਾਤ ਬਾਬਤ ਫੈਸਲਾ ਕਰਨ ਵਾਸਤੇ ਡਾਕਟਰੀ ਅਤੇ ਮਨੋਵਿਗਿਆਨਕ ਮਦਦ ਲੈਣੀ ਚਾਹੀਦੀ ਹੈ। ਫੈਸਲਾ ਲੈਣ ਤੋਂ ਪਹਿਲਾਂ ਸਿੱਖ ਅਧਿਆਤਮਵਾਦ ਦੀ ਰੋਸ਼ਨੀ ਵਿੱਚ ਪ੍ਰੈਕਟੀਕਲ ਸਲਾਹ ਕਿਸੇ ਕੁਆਲੀਫਾਈਡ ਗ੍ਰੰਥੀ ਜਾਂ ਸੋਸ਼ਲ ਵਰਕਰ ਤੋਂ ਲੈ ਲੈਣੀ ਚਾਹੀਦੀ ਹੈ। ਸੁਆਲ ਹੈ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਿੰਨੇ ਕੁ ਕੁਆਲੀਫਾਈਡ ਗਰੰਥੀ ਹੋਣਗੇ ਜੋ ਜੀਵਨ ਦੇ ਇਸ ਮਹੱਤਵਪੂਣ ਫੈਸਲੇ ਬਾਰੇ ਗਿਆਨਪੂਰਨ ਅਤੇ ਸਾਇੰਸ ਦੀ ਕਸਵੱਟੀ ਉੱਤੇ ਖਰੀ ਉਤਰਨ ਵਾਲੀ ਸਲਾਹ ਦੇਣ ਦੇ ਸਮਰੱਥ ਹਨ। ਰਿਪੋਰਟ ਨੇ ਸਿੱਖ ਸੰਸਥਾਵਾਂ ਨੂੰ ਸਿਫਾਰਸ਼ ਕੀਤੀ ਹੈ ਕਿ ਉਹ ਯੂਥ ਨੂੰ ਸੈਕਸੁਐਲਿਟੀ (sexuality) ਅਤੇ ਮਾਂ-ਬਾਪ ਦੇ ਰੋਲ ਬਾਰੇ ਸਿੱਖ ਪਰੀਪੇਖ ਤੋਂ ਜਾਣੂੰ ਕਰਵਾਉਣ ਲਈ ਸ੍ਰੋਤ ਤਿਆਰ ਕਰਨ, ਸੰਸਥਾਵਾਂ ਗਰਭ-ਨਿਰੋਧ ਵਿਧੀਆਂ ਬਾਰੇ ਨੌਜਵਾਨਾਂ ਨੂੰ ਜਾਣਕਾਰੀ ਦੇਣ ਅਤੇ ਮੋਟੇ ਠੁੱਲੇ ਸਿਧਾਂਤ ਲੋਕਾਂ ਸਿਰ ਥੋਪਣ ਦੀ ਥਾਂ ਵਿਅਕਤੀ ਵਿਸ਼ੇਸ਼ ਪ੍ਰੋਫੈਸ਼ਨਲ ਸਲਾਹ ਦੇਣ। ਸੁਆਲ ਹੈ ਕਿ ਕਿੰਨੀਆਂ ਕੁ ਸਿੱਖ ਸੰਸਥਾਵਾਂ ਇਸ ਗੁੰਝਲਦਾਰ ਚੁਣੌਤੀ ਨੂੰ ਸਿਰ ਮੱਥੇ ਲੈਣ ਦੇ ਯੋਗ ਅਤੇ ਤਿਆਰ ਹਨ?

Have something to say? Post your comment