Welcome to Canadian Punjabi Post
Follow us on

19

January 2020
ਕੈਨੇਡਾ

ਫਾਰਮਾਕੇਅਰ ਪਲੈਨ ਲਾਗੂ ਕਰਨ ਤੋਂ ਪਹਿਲਾਂ ਹੈਲਥ ਕੇਅਰ ਵਿੱਚ ਸੁਧਾਰ ਚਾਹੁੰਦੇ ਹਨ ਪ੍ਰੀਮੀਅਰਜ਼

December 03, 2019 07:57 AM

ਮਿਸੀਸਾਗਾ, 2 ਦਸੰਬਰ (ਪੋਸਟ ਬਿਊਰੋ) : ਕੈਨੇਡਾ ਦੇ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਆਗੂਆਂ ਨੇ ਸੋਮਵਾਰ ਨੂੰ ਹੈਲਥ ਕੇਅਰ ਫੰਡਿੰਗ ਵਿੱਚ ਕੀਤੇ ਵਾਧੇ ਦੇ ਸਬੰਧ ਵਿੱਚ ਫੈਡਰਲ ਸਰਕਾਰ ਉੱਤੇ ਦਬਾਅ ਬਣਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਆਗੂਆਂ ਨੇ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਪ੍ਰਤੀ ਵੀ ਆਪਣੀ ਝਿਜਕ ਪ੍ਰਗਟਾਈ।
ਮਿਸੀਸਾਗਾ, ਓਨਟਾਰੀਓ ਵਿੱਚ ਹੋਈ ਮੀਟਿੰਗ ਵਿੱਚ ਇਨ੍ਹਾਂ ਪ੍ਰੀਮੀਅਰਜ਼ ਨੇ ਫੈਡਰਲ ਸਰਕਾਰ ਤੋਂ ਇਹ ਮੰਗ ਕਰਨ ਦਾ ਫੈਸਲਾ ਕੀਤਾ ਕਿ ਉਨ੍ਹਾਂ ਪ੍ਰੋਵਿੰਸ਼ੀਅਲ ਸਰਕਾਰਾਂ ਦੀ ਵਿੱਤੀ ਮਦਦ ਕੀਤੀ ਜਾਵੇ ਜਿਹੜੇ ਆਰਥਿਕ ਗਿਰਾਵਟ ਦੇ ਦੌਰ ਵਿੱਚੋਂ ਲੰਘ ਰਹੇ ਹਨ। ਇਹ ਅਲਬਰਟਾ ਦੀ ਪਹਿਲੀ ਗੁਜ਼ਾਰਿਸ਼ ਸੀ। ਚਾਰ ਮੁੱਦਿਆਂ ਉੱਤੇ ਪ੍ਰੀਮੀਅਰਜ਼ ਆਮ ਰਾਇ ਕਾਇਮ ਕਰਨ ਵਿੱਚ ਕਾਮਯਾਬ ਹੋਏ, ਜਿਨ੍ਹਾਂ ਵਿੱਚ ਆਰਥਿਕ ਮੁਕਾਬਲੇਬਾਜ਼ੀ, ਵਿੱਤੀ ਸਥਿਰਤਾ ਪ੍ਰੋਗਰਾਮ, ਹੈਲਥ ਕੇਅਰ ਤੇ ਇਨਫਰਾਸਟ੍ਰਕਚਰ ਫੰਡਿੰਗ ਤੇ ਉੱਤਰੀ ਤਰਜੀਹਾਂ ਸ਼ਾਮਲ ਹਨ।
ਇਹ ਵੀ ਪਤਾ ਲੱਗਿਆ ਹੈ ਕਿ ਪ੍ਰੀਮੀਅਰਜ਼ ਨਵੇਂ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇਹ ਮੁੱਦੇ ਵਿਚਾਰਨਾ ਚਾਹੁੰਦੇ ਹਨ। ਫੈਡਰਲ ਚੋਣਾਂ ਤੋਂ ਬਾਅਦ ਸਾਹਮਣੇ ਆਈਆਂ ਖੇਤਰੀ ਵੰਡੀਆਂ ਤੇ ਟਰੂਡੋ ਦੀ ਅਗਵਾਈ ਵਿੱਚ ਲਿਬਰਲਾਂ ਦੀ ਘੱਟਗਿਣਤੀ ਸਰਕਾਰ ਬਣਨ ਮਗਰੋਂ ਆਪਣੀ ਪਹਿਲੀ ਸਾਂਝੀ ਮੀਟਿੰਗ ਵਿੱਚ ਪ੍ਰੀਮੀਅਰਜ਼ ਪ੍ਰਧਾਨ ਮੰਤਰੀ ਨਾਲ ਇਹ ਮੁੱਦੇ ਸਾਂਝੇ ਕਰਨਗੇ। ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਬੁਲਾਰੇ ਨੇ ਆਖਿਆ ਕਿ ਉਹ ਇਨ੍ਹਾਂ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹਨ।
ਪ੍ਰੀਮੀਅਰ ਨੇ ਫੈਡਰਲ ਸਰਕਾਰ ਤੋਂ ਮਿਲਣ ਵਾਲੀ ਸਾਲਾਨਾ ਹੈਲਥ ਕੇਅਰ ਸਬੰਧੀ ਅਦਾਇਗੀਆਂ ਵਿੱਚ 5.2 ਫੀ ਸਦੀ ਦੇ ਵਾਧੇ ਦੀ ਮੰਗ ਕੀਤੀ। ਪਰ ਨਾਲ ਹੀ ਇਹ ਵੀ ਆਖਿਆ ਕਿ ਜੇ ਕੋਈ ਵੀ ਪ੍ਰੋਵਿੰਸ ਇਸ ਤਰ੍ਹਾਂ ਦੇ ਕਿਸੇ ਪ੍ਰੋਗਰਾਮ ਤੋਂ ਬਾਹਰ ਰਹਿਣ ਦੀ ਕੋਸਿ਼ਸ਼ ਕਰਦਾ ਹੈ ਤਾਂ ਵੀ ਉਸ ਨੂੰ ਫੈਡਰਲ ਸਰਕਾਰ ਪੂਰਾ ਵਿੱਤੀ ਮੁਆਵਜ਼ਾ ਦੇਵੇ। ਕਈ ਪ੍ਰੀਮੀਅਰਜ਼ ਨੇ ਇਹ ਆਖਿਆ ਕਿ ਹਾਲ ਦੀ ਘੜੀ ਕੌਮੀ ਫਾਰਮਾਕੇਅਰ ਪ੍ਰੋਗਰਾਮ ਚਲਾਉਣ ਲਈ ਸਹੀ ਸਮਾਂ ਨਹੀਂ ਹੈ। ਜਿ਼ਕਰਯੋਗ ਹੈ ਕਿ ਲਿਬਰਲ ਸਰਕਾਰ ਨੇ ਫੈਡਰਲ ਚੋਣਾਂ ਦੌਰਾਨ ਇਹ ਪ੍ਰੋਗਰਾਮ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਪਰ ਪ੍ਰੋਵਿੰਸਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਤਾਂ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਫੰਡ ਹਸਪਤਾਲਾਂ ਵਿੱਚ ਵੱਧ ਰਹੀ ਭੀੜ ਤੇ ਉਡੀਕ ਸਮੇਂ ਵਿੱਚ ਹੋ ਰਹੇ ਵਾਧੇ ਨੂੰ ਘੱਟ ਕਰਨ ਲਈ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ।
ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਤਰ ਦਾ ਕਹਿਣਾ ਹੈ ਕਿ ਜੇ ਤੁਸੀਂ ਹੈਲਥ ਕੇਅਰ ਸਮੁੱਚੇ ਤੌਰ ਉੱਤੇ ਨਹੀਂ ਬਣਾਈ ਰੱਖ ਸਕਦੇ ਤਾਂ ਬਾਕੀ ਸੇਵਾਵਾਂ ਦੀ ਪੇਸ਼ਕਸ਼ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ। ਜਦੋਂ ਪਹਿਲੇ ਪ੍ਰੋਗਰਾਮ ਹੀ ਸਹੀ ਢੰਗ ਨਾਲ ਨਹੀਂ ਚੱਲ ਰਹੇ ਤਾਂ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨ ਦੀ ਕੋਈ ਲੋੜ ਨਹੀਂ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਆਖਿਆ ਕਿ ਬਹੁਤ ਸਾਰੇ ਪ੍ਰੋਵਿੰਸਾਂ ਕੋਲ ਪਹਿਲਾਂ ਹੀ ਬਿਹਤਰੀਨ ਫਾਰਮਾਕੇਅਰ ਯੋਜਨਾਵਾਂ ਹਨ। ਇਸ ਲਈ ਸਾਡੀ ਤਰਜੀਹ ਹੈਲਥ ਕੇਅਰ ਮੁਹੱਈਆ ਕਰਵਾਉਣ ਲਈ ਸਰੋਤਾਂ ਦੀ ਹੋਰ ਚੰਗੇ ਢੰਗ ਨਾਲ ਵੰਡ ਹੋਣੀ ਚਾਹੀਦੀ ਹੈ।
ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ, ਜੋ ਕਿ ਨੈਸ਼ਨਲ ਫਾਰਮਾਕੇਅਰ ਦੇ ਹੱਕ ਵਿੱਚ ਹਨ, ਨੇ ਆਖਿਆ ਕਿ ਅਜਿਹੇ ਪ੍ਰੋਵਿੰਸ ਜਿੱਥੇ ਉਮਰਦਰਾਜ ਹੋ ਰਹੇ ਲੋਕਾਂ ਦੀ ਗਿਣਤੀ ਜਿ਼ਆਦਾ ਹੈ, ਜਿਵੇਂ ਕਿ ਉਨ੍ਹਾਂ ਦਾ ਖੁਦ ਦਾ ਪ੍ਰੋਵਿੰਸ, ਬਿਮਾਰੀਆਂ ਹੋਰ ਗੁੰਝਲਦਾਰ ਹੋ ਰਹੀਆਂ ਹਨ ਤੇ ਦਵਾਈਆਂ ਹੋਰ ਜਿ਼ਆਦਾ ਮਹਿੰਗੀਆਂ ਹੋਈ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਜੋ ਵੀ ਵਾਅਦਾ ਕੀਤਾ ਜਾਵੇ ਉਹ ਲੰਮੇਂ ਸਮੇਂ ਵਾਸਤੇ ਹੋਣਾ ਚਾਹੀਦਾ ਹੈ। ਇਹ ਫੈਡਰਲ ਸਰਕਾਰ ਦੀ ਜਿ਼ੰਮੇਵਾਰੀ ਹੋਣੀ ਚਾਹੀਦੀ ਹੈ।
ਪ੍ਰੀਮੀਅਰਜ ਇਸ ਗੱਲ ਉੱਤੇ ਵੀ ਸਹਿਮਤ ਹੋਏ ਕਿ ਆਰਥਿਕ ਗਿਰਾਵਟ ਸਮੇਂ ਵਿੱਤੀ ਸਥਿਰਤਾ ਪ੍ਰੋਗਰਾਮ ਵਧੇਰੇ ਕ੍ਰਿਆਸ਼ੀਲ ਹੋਣਾ ਚਾਹੀਦਾ ਹੈ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਮੰਗ ਕੀਤੀ ਕਿ ਇਸ ਪ੍ਰੋਗਰਾਮ ਲਈ ਕਿਸੇ ਵੀ ਤਰ੍ਹਾਂ ਦੀ ਲਾਈ ਗਈ ਰੋਕ ਹਟਾਈ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੇ ਪ੍ਰੋਵਿੰਸ ਨੂੰ ਹਾਸਲ ਹੋਣ ਵਾਲੇ ਪੈਸੇ ਨਾਲ ਤਾਂ ਉਨ੍ਹਾਂ ਦੀ ਪ੍ਰੋਵਿੰਸ ਦਾ ਬੁੱਤਾ ਵੀ ਨਹੀਂ ਸਰਦਾ। ਉਨ੍ਹਾਂ ਆਪਣੇ ਸਾਥੀ ਪ੍ਰੀਮੀਅਰਜ਼ ਨੂੰ ਵਿੱਤੀ ਸਥਿਰਤਾ ਪ੍ਰੋਗਰਾਮ ਵਿੱਚ ਸੋਧ ਨੂੰ ਪਹਿਲ ਦੇਣ ਦੇ ਫੈਸਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਨੇ ਵੀ ਆਪਣੇ ਸਾਥੀ ਪ੍ਰੀਮੀਅਰਜ਼ ਵੱਲੋਂ ਖੇਤਰੀ ਆਰਥਿਕ ਫਰਕ, ਜੋ ਕਿ ਖਾਸਤੌਰ ਉੱਤੇ ਉਨ੍ਹਾਂ ਦੇ ਪ੍ਰੋਵਿੰਸ, ਅਲਬਰਟਾ ਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਵੇਖਣ ਨੂੰ ਵਧੇਰੇ ਮਿਲਦੀ ਹੈ, ਨੂੰ ਖਤਮ ਕਰਨ ਉੱਤੇ ਸਹਿਮਤੀ ਜਤਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੀਮੀਅਰਜ਼ ਨੇ ਵੰਡੀਆਂ ਪਾਉਣ ਵਾਲੇ ਹੋਰ ਮੁੱਦੇ ਜਿਵੇਂ ਕਿ ਕਾਰਬਨ ਪ੍ਰਾਈਸਿੰਗ ਤੇ ਕਿਊਬਿਕ ਦੇ ਵਿਵਾਦਗ੍ਰਸਤ ਬਿੱਲ 21 ਉੱਤੇ ਗੱਲ ਕਰਨ ਤੋਂ ਵੀ ਗੁਰੇਜ਼ ਹੀ ਕੀਤਾ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਆਰ ਸੀ ਐਮ ਪੀ ਨੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰ, ਜਾਂਚ ਜਾਰੀ
ਇਟੋਬੀਕੋ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਇੱਕ ਵਿਅਕਤੀ ਨੇ ਵਰਕਰ ਨੂੰ ਮਾਰਿਆ ਚਾਕੂ
ਬਰੈਂਪਟਨ ਵਿੱਚ ਮ੍ਰਿਤਕ ਪਾਈ ਗਈ ਟੋਰਾਂਟੋ ਦੀ ਮਹਿਲਾ ਦੇ ਪਹਿਲੇ ਪਤੀ ਖਿਲਾਫ ਵਾਰੰਟ ਜਾਰੀ
ਅਮਰੀਕੀ ਸੈਨੇਟ ਵੱਲੋਂ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਪਾਸ
ਸੁਪਰੀਮ ਕੋਰਟ ਵੱਲੋਂ ਟਰਾਂਸ ਮਾਊਨਟੇਨ ਬਾਰੇ ਬੀਸੀ ਦੀ ਅਪੀਲ ਖਾਰਜ
ਜਹਾਜ਼ ਹਾਦਸੇ ਦੇ ਸਬੰਧ ਵਿੱਚ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਿਦੇਸ਼ ਮੰਤਰੀ ਲੰਡਨ ਪਹੁੰਚੇ
ਹੜਤਾਲਾਂ ਤੋਂ ਪ੍ਰੇਸ਼ਾਨ ਮਾਪਿਆਂ ਨੂੰ 60 ਡਾਲਰ ਰੋਜ਼ਾਨਾ ਦੇਵੇਗੀ ਓਨਟਾਰੀਓ ਸਰਕਾਰ?
ਡੱਗ ਫੋਰਡ ਦੇ ਕੰਜ਼ਰਵੇਟਿਵਾਂ ਨਾਲੋਂ ਅੱਗੇ ਚੱਲ ਰਹੇ ਹਨ ਲਿਬਰਲ : ਸਰਵੇਖਣ
ਕੰਜ਼ਰਵੇਟਿਵ ਫੰਡਰੇਜਿ਼ੰਗ ਬੋਰਡ ਤੋਂ ਹਾਰਪਰ ਨੇ ਦਿੱਤਾ ਅਸਤੀਫਾ
ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣਗੇ ਪੀਟਰ ਮੈਕੇਅ