Welcome to Canadian Punjabi Post
Follow us on

06

August 2020
ਸੰਪਾਦਕੀ

ਪ੍ਰੀਮੀਅਰਾਂ ਦੀਆਂ ਮੰਗਾਂ ਦੇ ਪ੍ਰਧਾਨ ਮੰਤਰੀ ਲਈ ਅਰਥ

December 03, 2019 07:49 AM

ਪੰਜਾਬੀ ਪੋਸਟ ਸੰਪਾਦਕੀ

ਪਿਛਲੇ ਦਿਨਾਂ ਤੋਂ ਕੌਮੀ ਏਕਤਾ ਦਾ ਝੰਡਾ ਬਰਦਾਰ ਬਣੇ ਉਂਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕੱਲ ਮਿਸੀਸਾਗਾ ਵਿਖੇ ਕੈਨੇਡਾ ਭਰ ਦੇ 13 ਪ੍ਰੀਮੀਅਰਾਂ/ਟੈਰੀਟੋਰੀਆਂ ਦੇ ਮੁਖੀਆਂ ਦੀ ਇੱਕਤਰਤਾ ਕਰਕੇ ਸਾਬਤ ਕਰ ਦਿੱਤਾ ਕਿ ਸਮਾਂ ਪੈਣ ਉੱਤੇ ਉਹ ਕੌਮੀ ਪੱਧਰ ਉੱਤੇ ਰੋਲ ਅਦਾ ਕਰਨ ਲਈ ਖੰਭ ਪਸਾਰਨ ਤੋਂ ਗੁਰੇਜ਼ ਨਹੀਂ ਕਰੇਗਾ। ਉਸਦੀਆਂ ਨਿੱਜੀ ਆਕਾਖਾਵਾਂ ਨੂੰ ਇੱਕ ਪਾਸੇ ਕਰਦੇ ਹੋਏ ਕੱਲ ਦੀ ਇੱਕਤਰਤਾ ਬਾਰੇ ਜੋ ਗੱਲਾਂ ਸਾਹਮਣੇ ਆਈਆਂ ਹਨ ਉਹਨਾਂ ਵਿੱਚੋਂ ਕੁੱਝ ਵੀ ਅਜਿਹਾ ਨਹੀਂ ਜੋ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਖੁਸ਼ੀ ਦੀ ਖ਼ਬਰ ਹੋਵੇ।

ਮਿਸੀਸਾਗਾ ਮੀਟਿੰਗ ਤੋਂ ਪ੍ਰੀਮੀਅਰਾਂ ਨੇ ਉਹ ਪੱਤਰ ਦੀਆਂ ਕਾਪੀਆਂ ਜਾਰੀ ਕੀਤੀਆਂ ਹਨ ਜਿਹੜਾ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਹੈ। ਸਾਰੇ ਪ੍ਰੀਮੀਅਰ ਪ੍ਰਧਾਨ ਮੰਤਰੀ ਨੂੰ ਜਨਵਰੀ 2020 ਵਿੱਚ ਮਿਲਣਗੇ। ਮੋਟੇ ਰੂਪ ਵਿੱਚ ਫੈਡਰਲ ਸਰਕਾਰ ਨੂੰ ਚਾਰ ਗੱਲਾਂ ਆਖੀਆਂ ਹਨ। ਫੈਡਰਲ ਸਰਕਾਰ ਦੇ ਪਰੀਪੇਖ ਤੋਂ ਸੱਭ ਤੋਂ ਚੁਣੌਤੀ ਭਰੀ ਮੰਗ ਸਿਹਤ ਸੰਭਾਲ ਵਾਸਤੇ ਪ੍ਰੋਵਿੰਸਾਂ ਨੂੰ 5.2% ਪ੍ਰਤੀ ਸਾਲ ਦੇ ਹਿਸਾਬ ਨਾਲ ਵੱਧ ਡਾਲਰ ਕੈਨੇਡਾ ਹੈਲਥ ਟਰਾਂਸਫਰ ਸਿਸਟਮ ਤਹਿਤ ਮੁਹਈਆ ਕੀਤੇੇ ਜਾਣ ਦੀ ਮੰਗ ਹੈ। ਵੱਧ ਡਾਲਰ ਮੰਗਣ ਦੇ ਨਾਲ ਨਾਲ ਪ੍ਰੀਮੀਅਰਾਂ ਨੇ ਇੱਕ ਆਵਾਜ਼ ਵਿੱਚ ਆਖਿਆ ਹੈ ਕਿ ਉਹਨਾਂ ਦੀ ਫੈਡਰਲ ਸਰਕਾਰ ਵੱਲੋਂ ਲਾਗੂ ਕੀਤੀ ਜਾਣ ਵਾਲੀ ਨੈਸ਼ਨਲ ਫਰਮਾਕੇਅਰ ਯੋਜਨਾ ਵਿੱਚ ਕੋਈ ਦਿਲਚਸਪੀ ਨਹੀਂ ਹੈ।

ਬੇਸ਼ੱਕ ਗਰੀਨ ਪਾਰਟੀ ਅਤੇ ਐਨ ਡੀ ਪੀ ਦੇ ਸਹਿਯੋਗ ਨਾਲ ਸਰਕਾਰ ਨੈਸ਼ਨਲ ਫਰਮਾਕੇਅਰ ਬਿੱਲ ਨੂੰ ਪਾਸ ਵੀ ਕਰਵਾ ਲਵੇ, ਇਸਨੂੰ ਲਾਗੂ ਕਰਨਾ ਲਗਭੱਗ ਅਸੰਭਵ ਹੋ ਜਾਵੇਗਾ। ਪ੍ਰੀਮੀਅਰ ਮੰਗ ਕਰ ਰਹੇ ਹਨ ਕਿ ਸਰਕਾਰ ਯਕੀਨੀ ਬਣਾਵੇ ਕਿ ਫਰਮਾਕੇਅਰ ਲਾਗੂ ਹੋਣ ਦੀ ਸੂਰਤ ਵਿੱਚ ਹਰ ਪ੍ਰੋਵਿੰਸ ਨੂੰ ਹੱਕ ਦਿੱਤਾ ਜਾਵੇ ਕਿ ਉਹ ਇਸਤੋਂ ਬਾਹਰ ਨਿਕਲ ਸੱਕਣ। ਜੇ ਫੈਡਰਲ ਸਰਕਾਰ ਅਜਿਹਾ ਨਹੀਂ ਕਰੇਗੀ ਤਾਂ ਪੱਛਮੀ ਪ੍ਰੋਵਿੰਸਾਂ ਵਿੱਚ ਫੈਲੀ ਅਸੰਤੋਸ਼ ਦੀ ਭਾਵਨਾ ਦੇ ਹੋਰ ਮਜ਼ਬੂਤ ਹੋਣ ਦੇ ਆਸਾਰ ਹਨ। ਚੋਣਾਂ ਦੌਰਾਨ ਲਿਬਰਲ ਪਾਰਟੀ ਨੇ ਫਰਮਾਕੇਅਰ ਲਈ 6 ਬਿਲੀਅਨ ਡਾਲਰ ਨਿਰਧਾਰਤ ਕਰਨ ਦਾ ਵਾਅਦਾ ਕੀਤਾ ਸੀ ਹਾਲਾਂਕਿ ਨਿਰਪੱਖ ਸ੍ਰੋਤਾਂ ਮੁਤਾਬਕ ਇਸ ਯੋਜਨਾ ਲਈ ਘੱਟੋ ਘੱਟ 15 ਬਿਲੀਅਨ ਡਾਲਰ ਲੋੜੀਂਦੇ ਹੋਣਗੇ।

ਕੱਲ ਦੀ ਮੀਟਿੰਗ ਤੋਂ ਬਾਅਦ ਸੱਭ ਤੋਂ ਵੱਧ ਖੁਸ਼ੀ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੂੰ ਹੋਈ ਹੋਵੇਗੀ ਕਿਉਂਕਿ ਮੀਟਿੰਗ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਫੈਡਰਲ ਸਰਕਾਰ Fiscal Stabilization Program ਨੂੰ ਕਿਹਾ ਹੈ ਕਿ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਤਰੀਕੇ ਨੂੰ ਬਦਲਿਆ ਜਾਵੇ। ਇਸ ਪ੍ਰੋਗਰਾਮ ਤਹਿਤ ਵਿੱਤੀ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਪ੍ਰੋਵਿੰਸਾਂ ਨੂੰ ਫੈਡਰਲ ਸਰਕਾਰ ਵੱਲੋਂ ਮਾਲੀ ਮਦਦ ਦਿੱਤੀ ਜਾਂਦੀ ਹੈ। ਅਲਬਰਟਾ ਦੀ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਇਹ ਮਦਦ ਪ੍ਰਤੀ ਵਿਅਕਤੀ ਦੇ ਹਿਸਾਬ ਨਹੀਂ ਸਗੋਂ ਆਰਥਕ ਮੰਦਵਾੜੇ ਕਾਰਣ ਪੈਦਾ ਹੋਈਆਂ ਸਥਿਤੀਆਂ ਮੁਤਾਬਕ ਦਿੱਤੀ ਜਾਣੀ ਚਾਹੀਦੀ ਹੈ। ਪ੍ਰੀਮੀਅਰ ਇਹ ਵੀ ਚਾਹੁੰਦੇ ਹਨ ਕਿ ਫੈਡਰਲ ਸਰਕਾਰ ਅਜਿਹੇ ਅਵਸਰ ਪੈਦਾ ਕਰੇ ਜਿਸ ਨਾਲ ਕੈਨੇਡਾ ਦੀ ਅਮਰੀਕਾ ਉੱਤੇ ਨਿਰਭਰਤਾ ਘੱਟ ਹੋਵੇ ਅਤੇ ਹੋਰ ਅੰਤਰਰਾਸ਼ਟਰੀ ਮੰਡੀਆਂ ਵਿੱਚ ਉਹਨਾਂ ਦੇ ਉਤਪਾਦਨ ਮੁਕਾਬਲੇ ਵਾਲੇ ਭਾਅ ਖਿੱਚ ਸੱਕਣ। ਇਸੇ ਤਰਾਂ ਪ੍ਰੀਮੀਅਰ ਟੈਰੀਟੋਰੀਆਂ ਦੇ ਸਰਬਪੱਖੀ ਵਿਕਾਸ ਲਈ ਵਧੇਰੇ ਧਨ ਨਿਵੇਸ਼ ਦੀ ਮੰਗ ਕਰ ਰਹੇ ਹਨ।

ਸੌ ਹੱਥ ਰੱਸਾ ਸਿਰੇ ‘ਤੇ ਗੰਢ, ਪ੍ਰੀਮੀਅਰ ਅਜਿਹੀਆਂ ਮੰਗਾਂ ਕਰ ਰਹੇ ਹਨ ਜਿਹੜੀਆਂ ਫੈਡਰਲ ਸਰਕਾਰ ਲਈ ਮੰਨਣੀਆਂ ਵੀ ਔਖੀਆਂ ਹਨ ਅਤੇ ਨਾਂਹ ਕਰਨੀ ਹੋਰ ਵੀ ਔਖੀ। ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਸਥਿਤੀ ਪੈਦਾ ਕਰਨ ਵੇਲੇ ਪ੍ਰੀਮੀਅਰ ਇਸ ਗੱਲੋਂ ਸੁਚੇਤ ਰਹੇ ਕਿ ਉਹਨਾਂ ਨੇ ਆਪਸੀ ਮਤਭੇਦ ਹੋਰ ਤਿੱਖੇ ਹੋਣ ਦੀ ਸੰਭਾਵਨਾ ਵਾਲੇ ਕਿਸੇ ਮੁੱਦੇ ਨੂੰ ਛੋਹਿਆ ਤੱਕ ਨਹੀਂ। ਮਿਸਾਲ ਵਜੋਂ ਫੈਡਰਲ ਕਾਰਬਨ ਟੈਕਸ ਜਿਸ ਬਾਰੇ ਅਲਬਰਟਾ, ਸਸਕੈਚਵਨ ਅਤੇ ਉਂਟੇਰੀਓ ਪ੍ਰੋਵਿੰਸ ਲਕੀਰ ਕੱਢ ਕੇ ਖੜੇ ਹਨ, ਗੈਸ ਪਾਈਪ ਲਾਈਨ (ਕਿਉਬਿੱਕ ਅਤੇ ਅਲਬਰਟਾ ਦਰਮਿਆਨ ਖਿੱਚੋਤਾਣ) ਬਾਰੇ ਉਹਨਾਂ ਨੇ ਜਿ਼ਕਰ ਤੱਕ ਨਹੀਂ ਕੀਤਾ।

ਜਿਸ ਵੇਲੇ ਪੱਛਮੀ ਪ੍ਰੋਵਿੰਸਾਂ ਵਿੱਚ ਵੱਖਵਾਦ ਦੀ ਭਾਵਨਾ ਸਿਰ ਚੁੱਕਣ ਦੀ ਕੋਸਿ਼ਸ਼ ਕਰ ਰਹੀ ਹੈ, ਪ੍ਰੀਮੀਅਰਾਂ ਵੱਲੋਂ ਵਿਖਾਈ ਗਈ ਏਕਤਾ ਦੀ ਭਾਵਨਾ ਇੱਕ ਅੱਛਾ ਚਿੰਨ ਹੈ ਪਰ ਇਹ ਸ਼ੁਭ ਸ਼ਗਨ ਪ੍ਰਧਾਨ ਮੰਤਰੀ ਟਰੂਡੋ ਲਈ ਪਰੇਸ਼ਾਨੀ ਵਾਲਾ ਸਾਬਤ ਹੋ ਸਕਦਾ ਹੈ। ਘੱਟ ਗਿਣਤੀ ਸਰਕਾਰ ਦਾ ਮੁਖੀ ਹੋਣ ਨਾਤੇ ਅਤੇ ਬੀਤੇ ਵਿੱਚ ਕਈ ਪ੍ਰੀਮੀਅਰਾਂ ਨਾਲ ਨਿੱਜੀ ਪੱਧਰ ਉੱਤੇ ਸਬੰਧ ਖਰਾਬ ਕਰ ਚੁੱਕੇ ਟਰੂਡੋ ਨੂੰ ਪ੍ਰੀਮੀਅਰਾਂ ਵੱਲ ਫੂਕ ਫੂਕ ਕੇ ਕਦਮ ਪੁੱਟਣੇ ਹੋਣਗੇ।

Have something to say? Post your comment