ਓਨਟਾਰੀਓ, 2 ਦਸੰਬਰ (ਪੋਸਟ ਬਿਊਰੋ) : ਓਨਟਾਰੀਓ, ਸਸਕੈਚਵਨ ਤੇ ਨਿਊ ਬਰੰਜ਼ਵਿੱਕ ਦੇ ਪ੍ਰੀਮੀਅਰਜ਼ ਵੱਲੋਂ ਐਤਵਾਰ ਨੂੰ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਤਿੰਨਾਂ ਆਗੂਆਂ ਵੱਲੋਂ ਕਾਰਬਨ ਦੇ ਉਤਪਾਦਨ ਨੂੰ ਰੋਕਣ ਲਈ ਨਿੱਕੇ ਨਿਊਕਲੀਅਰ ਰਿਐਕਟਰਜ਼ ਦੀ ਵਰਤੋਂ ਕਰਨ ਦਾ ਐਲਾਨ ਕੀਤਾ ਗਿਆ।
ਇੱਥੇ ਦੱਸਣਾ ਬਣਦਾ ਹੈ ਕਿ ਸੋਮਵਾਰ ਨੂੰ ਹੋਣ ਜਾ ਰਹੀ ਕੈਨੇਡਾ ਦੇ ਪ੍ਰੋਵਿੰਸ਼ੀਅਲ ਆਗੂਆਂ ਦੀ ਮੀਟਿੰਗ ਤੋਂ ਠੀਕ ਪਹਿਲਾਂ ਇਹ ਮੀਟਿੰਗ ਮਿਸੀਸਾਗਾ ਵਿੱਚ ਹੋਈ। ਇਨ੍ਹਾਂ ਤਿੰਨਾਂ ਪ੍ਰੀਮੀਅਰਜ਼ ਨੇ ਮੈਮੋਰੰਡਮ ਆਫ ਅੰਡਰਸਟੈਂਡਿੰਗ ਵੀ ਸਾਈਨ ਕੀਤਾ ਤੇ ਆਖਿਆ ਕਿ ਉਹ ਸਮਾਲ ਮੌਡਿਊਲਰ ਰਿਐਕਟਰਜ਼ (ਐਸਐਮਆਰ) ਦਾ ਵਿਕਾਸ ਕਰਨ ਤੇ ਇਸ ਮਾਮਲੇ ਵਿੱਚ ਸਹਿਯੋਗ ਕਰਨ ਲਈ ਵਚਨਬੱਧ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਘੱਟ ਕੀਮਤ ਉੱਤੇ ਸਵੱਛ ਐਨਰਜੀ ਹਾਸਲ ਹੋਵੇਗੀ।
ਪ੍ਰੀਮੀਅਰਜ਼ ਦਾ ਕਹਿਣਾ ਹੈ ਕਿ ਉਹ ਆਪਣੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਨਾਲ ਆਰਥਿਕ ਮੌਕੇ ਵੀ ਸਿਰਜੇ ਜਾਣਗੇ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਅਸੀਂ ਰੂਸ ਨੂੰ ਜਾਣਦੇ ਹਾਂ ਤੇ ਚੀਨ ਨੂੰ ਵੀ ਜਾਣਦੇ ਹਾਂ। ਉਹ ਇਸ ਇਲਾਕੇ ਵਿੱਚ ਸਧੇ ਹੋਏ ਖਿਡਾਰੀ ਹਨ ਤੇ ਕੈਨੇਡਾ ਲਈ ਵੀ ਇਹ ਮੌਕਾ ਹੈ ਕਿ ਉਹ ਸੱਚੇ ਖਿਡਾਰੀਆਂ ਵਿੱਚੋਂ ਇੱਕ ਬਣ ਜਾਵੇ।
ਫੋਰਡ ਨੇ ਅੱਗੇ ਆਖਿਆ ਕਿ ਤਾਜ਼ਾ ਖਬਰਾਂ ਅਨੁਸਾਰ 2030 ਤੇ 2040 ਦਰਮਿਆਨ ਇੱਕਲੇ ਕੈਨੇਡਾ ਵਿੱਚ ਐਸਐਮਆਰਜ਼ ਦੀ ਕੀਮਤ ਹੀ 10 ਬਿਲੀਅਨ ਡਾਲਰ ਹੋਵੇਗੀ। ਵਿਸ਼ਵਵਿਆਪੀ ਪੱਧਰ ਉੱਤੇ ਇਹ ਗਿਣਤੀ 150 ਬਿਲੀਅਨ ਡਾਲਰ ਹੋਵੇਗੀ। ਹਾਲਾਂਕਿ ਓਨਟਾਰੀਓ ਵਿੱਚ ਕੋਈ ਵੀ ਕੋਇਲੇ ਨਾਲ ਚਲਾਇਆ ਜਾਣ ਵਾਲਾ ਪਾਵਰ ਪਲਾਂਟ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਦੀ 8.6 ਫੀ ਸਦੀ ਬਿਜਲੀ ਕੋਇਲੇ ਦੇ ਅੱਗ ਨਾਲ ਬਣਦੀ ਹੈ, ਜੋ ਕਿ ਈਕੋ ਫਰੈਂਡਲੀ ਨਹੀਂ ਹੈ।
ਨਿਊ ਬਰੰਜ਼ਵਿੱਕ ਦੇ ਪ੍ਰੀਮੀਅਰ ਬਲੇਨ ਹਿੱਗਜ਼ ਨੇ ਆਖਿਆ ਕਿ ਜ਼ੀਰੋ ਕਾਰਬਨ ਰਿਸਾਅ ਤੱਕ ਪਹੁੰਚਣ ਲਈ ਨਿਊਕਲੀਅਰ ਤਕਨਾਲੋਜੀ ਦੀ ਬਹੁਤ ਲੋੜ ਹੈ। ਉਨ੍ਹਾਂ ਆਖਿਆ ਕਿ ਹਵਾ ਤੇ ਸੂਰਜੀ ਊਰਜਾ ਨਾਲ ਇਹ ਸੰਭਵ ਨਹੀਂ ਹੈ। ਉਨ੍ਹਾਂ ਅੱਗੇ ਆਖਿਆ ਕਿ ਸਾਨੂੰ ਇਸ ਵਾਸਤੇ ਐਡਵਾਂਸ ਤੇ ਸੋਧੀ ਹੋਈ ਤਕਨਾਲੋਜੀ ਦੀ ਲੋੜ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਨਿੱਕੇ ਨਿਊਕਲੀਅਰ ਰਿਐਕਟਰਜ਼ ਵੱਲੋਂ ਐਨਰਜੀ ਮੁਹੱਈਆ ਕਰਵਾਉਣ ਦੀ ਉਮੀਦ ਹੈ।