Welcome to Canadian Punjabi Post
Follow us on

05

July 2020
ਟੋਰਾਂਟੋ/ਜੀਟੀਏ

ਮੈਟਰੋ ਪੰਜਾਬੀ ਸਪੋਰਟਸ ਕਲੱਬ ਵਲੋਂ 29ਵੇਂ ਕੈਨੇਡਾ ਕਬੱਡੀ ਕੱਪ ਦਾ ਐਲਾਨ

December 02, 2019 08:48 AM

*ਡਰੱਗ ਫ੍ਰੀ ਖਿਡਾਰੀਆਂ ਲਈ ਹੋਣਗੇ ਵੱਡੇ ਇਨਾਮ 


ਬਰੈਂਪਟਨ, 1 ਦਸੰਬਰ (ਪੋਸਟ ਬਿਊਰੋ)- ਮੈਟਰੋ ਪੰਜਾਬੀ ਸਪੋਰਟਸ ਕਲੱਬ ਵਲੋਂ 2020 ਵਿਚ ਹੋਣ ਵਾਲੇ ਕੈਨੇਡਾ ਕਬੱਡੀ ਕੱਪ ਦਾ ਐਲਾਨ ਕਰ ਦਿੱਤਾ ਗਿਆ ਹੈ।ਇਹ ਟੂਰਨਾਮੈਂਟ 22 ਅਗਸਤ ਨੂੰ ਹੈਮਿਲਟਨ ਦੇ ਮਸ਼ਹੂਰ ਸਟੇਡੀਅਮ ਫਰਸਟ ਸਪੋਰਟਸ ਸੈਂਟਰ ਹੈਮਿਲਟਨ ਵਿਖੇ ਹੋਵੇਗਾ। ਕੈਨੇਡਾ ਕਬੱਡੀ ਕੱਪ 1991 ਵਿਚ ਸਭ ਤੋਂ ਪਹਿਲਾਂ ਟੋਰਾਟੋ ਦੇ ਮਸ਼ਹੂਰ ਵਰਸਿਟੀ ਸਟੇਡੀਅਮ ਵਿਖੇ ਲਗਾਤਾਰ 3 ਸਾਲ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਕੈਨੇਡਾ ਕਬੱਡੀ ਕੱਪ ਨੂੰ ਹਰੇਕ ਸਾਲ ਕਬੱਡੀ ਫੈਡਰੇਸ਼ਨ ਦੇ ਦੇਖ-ਰੇਖ ’ਚ ਵੱਖ-ਵੱਖ ਕਲੱਬਾਂ ਵਲੋਂ ਕਰਵਾਇਆ ਜਾਣ ਲੱਗਿਆ। ਸਾਲ 2019 ਵਿਚ ਕਬੱਡੀ ਨੂੰ ਡਰੱਗ ਫ੍ਰੀ ਕਰਨ ਦੇ ਇਰਾਦੇ ਨਾਲ ਓਂਟਾਰੀਓ ਕਬੱਡੀ ਫੈਡਰੇਸ਼ਨ ਵਲੋਂ ਓਟਾਰੀਓ ਦੇ ਸਾਰੇ ਹੀ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਸਨ।ਓਟਾਰੀਓ ਤੋਂ ਚੱਲੀ ਇਸ ਮੁਹਿੰਮ ਨੂੰ ਕਿਤੋਂ ਸਾਥ ਮਿਲਿਆ ਤੇ ਕਿਤੋਂ ਨਹੀਂ ਵੀ।ਪਰ ਹਾਲੇ ਵੀ ਓਂਟਾਰੀਓ ਕਬੱਡੀ ਫੈਡਰੇਸ਼ਨ ਕਬੱਡੀ ਖਿਡਾਰੀਆਂ ਨੂੰ ਨਸ਼ਾਮੁਕਤ ਰੱਖਣ ਲਈ ਵਚਨਬੱਧ ਹੈ।ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਇਸ ਕਿਕ ਆਫ਼ ਡਿਨਰ ’ਤੇ ਆਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਮਲਕੀਤ ਸਿੰਘ ਦਿਓਲ ਨੇ ਕਲੱਬ ਦਾ ਸੰਖੇਪ ਇਤਿਹਾਸ ਦੱਸਿਆ ਕਿ ਕਿਵੇਂ ਪਹਿਲਾਂ ਵੈਸਟਰਨ ਕਬੱਡੀ ਕਲੱਬ ਫੇਰ ਰੈਕਸਡੇਲ ਕਬੱਡੀ ਕਲੱਬ ਉਸ ਤੋਂ ਬਾਅਦ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਜਾਣ ਲਈ ਆਪਣਾ ਯੋਗਦਾਨ ਪਾਇਆ। ਉਨ੍ਹਾਂ 1991 ਦੇ ਕਮੇਟੀ ਮੈਂਬਰ ਬੰਤ ਨਿੱਜਰ, ਜਸਪਾਲ ਗਹੂਨੀਆ, ਪਿੰਕੀ ਢਿੱਲੋਂ, ਜੱਜ ਬੌਬੀ ਹੁੰਦਲ ਅਤੇ ਹੋਰ ਮੈਂਬਰਾਂ ਦੀ ਜਾਣ ਪਹਿਚਾਣ ਕਰਵਾਈ। ਜਿਨ੍ਹਾਂ ਨੇ ਸ਼ੁਰੂ ਵਿਚ ਇਸ ਕਲੱਬ ਨੂੰ ਸਥਾਪਿਤ ਕਰਨ ਲਈ ਅਹਿਮ ਯੋਗਦਾਨ ਪਾਇਆ।

  

ਇਸੇ ਤਰ੍ਹਾਂ ਹੀ ਮਲਕੀਤ ਦਿਓਲ ਨੇ ਆਪਣੇ ਹੁਣ ਤੱਕ ਦੇ ਵੱਡੇ ਸਪਾਂਸਰ ਨਿਊ ਮਿਲੇਨੀਅਮ ਟਾਇਰ, ਏਸ਼ੀਅਨ ਫੂਡ ਸੈਂਟਰ, ਪਾਪੂਲਰ ਟਾਇਰ ਅਤੇ ਮਾਨ ਟ੍ਰੈਵਲ ਅਤੇ ਰੈਕਸਡੇਲ ਫਾਈਨੈਂਸ਼ੀਅਲ ਆਦਿ ਦਾ ਵੀ ਧੰਨਵਾਦ ਕੀਤਾ। ਗੋਗਾ ਗਹੂਨੀਆ ਨੇ ਸਟੇਜ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ।ਜਿਥੇ ਉਨ੍ਹਾਂ ਮੀਡੀਆ ਦਾ ਧੰਨਵਾਦ ਕੀਤਾ, ਉਥੇ ਕੈਲੀਫੋਰਨੀਆ ਤੋਂ ਆਏ ਕੁਲਦੀਪ ਲੱਛੜ ਤੇ ਸਰਬਜੀਤ ਸ਼ੱਬਾ ਦਾ ਵੀ ਧੰਨਵਾਦ ਕੀਤਾ।ਇਸ ਵਾਰ ਮੁੱਖ ਸਪਾਂਸਰਸ਼ਿਪ ਲਈ 50 ਹਜ਼ਾਰ ਡਾਲਰ ਅਤੇ ਉਸ ਤੋਂ ਅੱਗੇ 25 ਹਜ਼ਾਰ ਡਾਲਰ ਤੇ ਫੇਰ 15, 10 ਤੇ 5 ਹਜਾਰ ਡਾਲਰ ਦੀ ਘੱਟੋ ਘੱਟ ਸਪਾਂਸਰਸ਼ਿਪ ਰੱਖੀ ਗਈ ਹੈ।ਗੋਗਾ ਗਹੂਨੀਆ ਨੇ ਦੱਸਿਆ ਕਿ ਸਾਨੂੰ ਇਸ ਸਮੇਂ ਕਾਰਪੋਰੇਟ ਸੈਕਟਰ ਵਲੋਂ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹ ਇਸ ਟੂਰਨਾਮੈਂਟ ਨੂੰ ਸਪਾਂਸਰ ਕਰਨਗੇ।ਇਸ ਟੂਰਨਾਮੈਂਟ ਵਿਚ ਜੇਤੂ ਟੀਮ ਲਈ ਜੋ ਇਨਾਮ ਰੱਖੇ ਗਏ ਹਨ, ਉਹ ਇਸ ਪ੍ਰਕਾਰ ਹਨ; ਪਹਿਲਾ ਇਨਾਮ 25 ਹਜ਼ਾਰ ਡਾਲਰ, ਦੂਜਾ 21 ਹਜ਼ਾਰ, ਤੀਜਾ ਤੇ ਚੌਥਾ 15 ਹਜ਼ਾਰ, ਭਾਗ ਲੈਣ ਵਾਲੀਆਂ ਟੀਮਾਂ ਲਈ 11 ਹਜ਼ਾਰ, ਬੈਸਟ ਰੇਡਰ ਤੇ ਬੈਸਟ ਸਟਾਪਰ ਲਈ 5-5 ਹਜ਼ਾਰ ਡਾਲਰ।ਬੈਸਟ ਰੇਡਰ ਤੇ ਬੈਸਟ ਸਟਾਪਰ ਉਤੇ ਇਹ ਵੀ ਸ਼ਰਤ ਲਗਾਈ ਗਈ ਹੈ ਕਿ ਉਨ੍ਹਾਂ ਦਾ ਨਾਮ ਘੋਸ਼ਿਤ ਹੋਣ ਤੋਂ ਬਾਅਦ ਉਨ੍ਹਾਂ ਦਾ ਤੁਰੰਤ ਡਰੱਗ ਟੈਸਟ ਕਰਵਾਇਆ ਜਾਵੇਗਾ ਤੇ ਡਰੱਗ ਫ੍ਰੀ ਖਿਡਾਰੀ ਨੂੰ ਹੀ ਇਹ ਇਨਾਮ ਦਿੱਤਾ ਜਾਵੇਗਾ।ਜੇਕਰ ਜੇਤੂ ਖਿਡਾਰੀ ਡਰੱਗ ਟੈਸਟ ’ਚ ਪਾਜ਼ੀਟਿਵ ਆ ਜਾਂਦਾ ਹੈ ਤਾਂ ਦੂਜੇ ਨੰਬਰ ਵਾਲੇ ਖਿਡਾਰੀ ਨੂੰ ਬੈਸਟ ਰੇਡਰ ਜਾਂ ਸਟਾਪਰ ਡਿਕਲੇਅਰ ਕੀਤਾ ਜਾਵੇਗਾ।ਕਲੱਬ ਦੇ ਪ੍ਰਧਾਨ ਸੁੱਖਾ ਮਾਨ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਬਹੁਤ ਖਿਡਾਰੀਆਂ ਨੇ ਆਪਣਾ ਡਰੱਗ ਟੈਸਟ ਕਰਵਾਉਣ ਤੋਂ ਆਨਾਕਾਨੀ ਕੀਤੀ ਸੀ ਤੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 15 ਦਸੰਬਰ, 2019 ਤੱਕ ਵੱਖ-ਵੱਖ ਟੀਮਾਂ ਦੇ ਖਿਡਾਰੀ ਜੇਕਰ ਸਾਡੇ ਵਲੋਂ ਦੱਸੀ ਏਜੰਸੀ ਤੋਂ ਆਪਣਾ ਡੋਪ ਟੈਸਟ ਕਰਵਾ ਲੈਂਦੇ ਹਨ ਤਾਂ ਅਸੀਂ 1 ਹਜ਼ਾਰ ਡਾਲਰ ਪ੍ਰਤੀ ਖਿਡਾਰੀ ਪਹਿਲੇ 21 ਖਿਡਾਰੀਆਂ ਨੂੰ ਦੇਣ ਲਈ ਤਿਆਰ ਹਾਂ।ਉਨ੍ਹਾਂ ਵਲੋਂ ਕੀਤੇ ਇਸ ਵੱਡੇ ਐਲਾਨ ਦਾ ਆਏ ਮਹਿਮਾਨਾਂ ਵਲੋਂ ਸਵਾਗਤ ਕੀਤਾ ਗਿਆ।ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਇਸ ਮੌਕੇ ਉਤੇ ਇਕ ਮੈਟਰੋ ਯੂਥ ਕਲੱਬ ਦਾ ਵੀ ਐਲਾਨ ਕੀਤਾ।ਜਿਸ ’ਚ ਮੈਂਬਰਾਂ ਦੀ ਉਮਰ 20 ਸਾਲ ਤੋਂ ਘੱਟ ਹੋਵੇਗੀ।

ਬਰੈਂਪਟਨ ਈਸਟ ਤੋਂ ਨਵੇਂ ਬਣੇ ਐਮਪੀ ਮਨਿੰਦਰ ਸਿੱਧੂ ਨੇ ਬਚਪਨ ’ਚ ਦੇਖੇ ਕਬੱਡੀ ਟੂਰਨਾਮੈਂਟ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਇਸ ਪੰਜਾਬੀ ਦੀ ਮਾਂ ਖੇਡ ਨੂੰ ਜਿੰਦਾ ਰੱਖਿਆ ਹੈ।ਉਨ੍ਹਾਂ ਭਰੋਸਾ ਦਿਵਾਇਆ ਕਿ ਸਾਡੇ ਵਲੋਂ ਜੋ ਕੁੱਝ ਵੀ ਹੋ ਸਕਿਆ ਅਸੀਂ ਜਰੂਰ ਕਰਾਂਗੇ।ਇਸ ਮੌਕੇ ਕੈਨੇਡਾ ਸਰਕਾਰ ਤੋਂ ਕਲੱਬ ਵਲੋਂ ਇਹ ਵੀ ਮੰਗ ਕੀਤੀ ਗਈ ਕਿ ਸਾਨੂੰ ਹਰ ਹਾਲਤ ’ਚ ਪਾਕਿਸਤਾਨ ਦੀ ਟੀਮ ਮੰਗਵਾ ਕੇ ਦਿੱਤੀ ਜਾਵੇ।ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਅੱਗੇ ਤਾਂ ਸਰਦਾਰ ਮੱਲ੍ਹੀ ਪਾਰਲੀਮੈਂਟ ਵਿਚ ਇਕੋ ਮੈਂਬਰ ਸਨ ਤੇ ਹੁਣ ਸਾਡੇ ਮੈਂਬਰਾਂ ਦੀ ਵੱਡੀ ਗਿਣਤੀ ਹੈ ਤੇ ਅਸੀਂ ਸਭ ਨੂੰ ਇਸ ਦੀ ਅਪੀਲ ਕਰਾਂਗੇ। ਦੇਰ ਨਾਲ ਪਹੁੰਚੇ ਬਰੈਪਟਨ ਦੇ ਮੇਅਰ ਪੈਟਿ੍ਰਕ ਬ੍ਰਾਊਨ ਨੂੰ ਕਲੱਬ ਵਲੋਂ ਇਕ ਮੈਮੋਰੰਡਮ ਦਿੱਤਾ ਗਿਆ।ਜਿਸ ’ਚ ਉਨ੍ਹਾਂ ਵਲੋਂ ਚੋਣਾਂ ਤੋਂ ਪਹਿਲਾਂ ਕਬੱਡੀ ਸਟੇਡੀਅਮ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਸੀ ਤੇ ਉਸ ਨੂੰ ਪੂਰਾ ਕੀਤਾ ਜਾਵੇ।

Have something to say? Post your comment