Welcome to Canadian Punjabi Post
Follow us on

05

July 2020
ਟੋਰਾਂਟੋ/ਜੀਟੀਏ

ਸ਼ੀਅਰ ਨੇ ਅਸਤੀਫਾ ਦੇਣ ਤੋਂ ਕੀਤਾ ਇਨਕਾਰ

December 02, 2019 08:42 AM

ਕੈਲਗਰੀ, 1 ਦਸੰਬਰ (ਪੋਸਟ ਬਿਊਰੋ) : ਪਿਛਲੇ ਮਹੀਨੇ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਤੋਂ ਅਸਤੀਫਾ ਮੰਗਣ ਵਾਲਿਆਂ ਨੂੰ ਟੋਰੀ ਆਗੂ ਨੇ ਸਾਫ ਇਨਕਾਰ ਕਰ ਦਿੱਤਾ ਹੈ।
ਸੁ਼ੱਕਰਵਾਰ ਨੂੰ ਅਲਬਰਟਾ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਦਿੱਤੇ ਭਾਸ਼ਣ ਵਿੱਚ ਸ਼ੀਅਰ ਨੇ ਆਖਿਆ ਕਿ ਉੱਚ ਵਰਗ ਤੇ ਖਾਹ-ਮ-ਖਾਹ ਗੱਲਾਂ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਕੈਨੇਡਾ ਨੂੰ ਦੂਜੀ ਲਿਬਰਲ ਪਾਰਟੀ ਦੀ ਲੋੜ ਹੈ। ਸ਼ੀਅਰ ਨੇ ਆਖਿਆ ਕਿ ਤੁਸੀਂ ਸਾਰੇ ਜਾਣਦੇ ਹੀ ਹੋਂ ਕਿ ਇਸ ਲਈ ਉਹ ਕਦੇ ਵੀ ਤਿਆਰ ਨਹੀਂ ਹੋਣਗੇ।
21 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਬਣੀ। ਅਲਬਰਟਾ ਤੇ ਸਸਕੈਚਵਨ ਵਿੱਚ ਲਿਬਰਲ ਖਾਤਾ ਵੀ ਨਹੀਂ ਖੋਲ੍ਹ ਸਕੇ। ਇਨ੍ਹਾਂ ਪ੍ਰੋਵਿੰਸਾਂ ਵਿੱਚ ਫੈਡਰਲ ਕਾਰਬਨ ਟੈਕਸ, ਰਿਸੋਰਸ ਪ੍ਰੋਜੈਕਟ ਐਨਵਾਇਰਮੈਂਟਲ ਰਵਿਊਜ਼ ਤੇ ਉੱਤਰੀ ਬੀਸੀ ਕੋਸਟ ਉੱਤੇ ਆਇਲ ਟੈਂਕਰ ਬੈਨ ਕਾਰਨ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਇਸ ਦੌਰਾਨ ਸ਼ੀਅਰ ਵੱਲੋਂ ਦਿੱਤੇ ਗਏ ਭਾਸ਼ਣ ਦਾ ਸੱਭ ਨੇ ਸਵਾਗਤ ਕੀਤਾ। ਭੀੜ ਵਿੱਚੋਂ ਕਈਆਂ ਨੇ ਤਾਂ ਉਨ੍ਹਾਂ ਦੇ ਨਾਂ ਵਾਲੀਆਂ ਫੱਟੀਆਂ ਵੀ ਚੁੱਕੀਆਂ ਹੋਈਆਂ ਸਨ।
ਜਦੋਂ ਉਨ੍ਹਾਂ ਯੂਸੀਪੀ ਮੈਂਬਰਾਂ ਨੂੰ ਇਹ ਪੁੱਛਿਆ ਕਿ ਕੀ ਅਗਲੀਆਂ ਚੋਣਾਂ ਵਿੱਚ ਕਾਰਬਨ ਟੈਕਸ ਰਾਹੀਂ ਕੰਜ਼ਰਵੇਟਿਵਾਂ ਨੂੰ ਜਿੱਤ ਹਾਸਲ ਕਰਨੀ ਚਾਹੀਦੀ ਹੈ ਤਾਂ ਉਨ੍ਹਾਂ ਨਾਂਹ ਵਿੱਚ ਜਵਾਬ ਦਿੱਤਾ। ਕੰਜ਼ਰਵੇਟਿਵ ਆਗੂ ਨੇ ਆਖਿਆ ਕਿ ਚੋਣਾਂ ਦੇ ਨਤੀਜਿਆਂ ਤੋਂ ਉਹ ਕਾਫੀ ਨਿਰਾਸ਼ ਹਨ। ਉਨ੍ਹਾਂ ਆਖਿਆ ਕਿ ਉਹ ਆਪਣੀ ਪਾਰਟੀ ਤੇ ਲੋਕਾਂ ਤੋਂ ਇਹ ਸੁਣਨਾ ਚਾਹੁੰਦੇ ਹਨ ਕਿ ਅਗਲੀ ਵਾਰੀ ਹੋਰ ਬਿਹਤਰ ਕੀ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਇਸ ਗੱਲ ਵਿੱਚ ਉਨ੍ਹਾਂ ਦੀ ਖਾਸ ਦਿਲਚਸਪੀ ਹੈ ਕਿ ਪਾਰਟੀ ਕਿਹੋ ਜਿਹਾ ਆਕਾਰ ਲਵੇ ਇਸ ਬਾਰੇ ਉਹ ਸਾਰੇ ਆਪਣੀ ਪਾਰਟੀ ਬਾਰੇ ਰਾਇ ਪ੍ਰਗਟਾਉਣ।
ਉਨ੍ਹਾਂ ਆਖਿਆ ਕਿ ਇਸ ਗੱਲ ਵਿੱਚ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਕਿ ਅਖੌਤੀ ਬੁੱਧੀਜੀਵੀ, ਪਾਰਟੀ ਵਿੱਚ ਵੰਡੀਆਂ ਪਾ ਕੇ ਪੈਸੇ ਕਮਾਉਣ ਵਾਲਿਆਂ ਵੱਲੋਂ ਉਨ੍ਹਾਂ ਬਾਰੇ ਕੀ ਆਖਿਆ ਜਾਂਦਾ ਹੈ। ਸ਼ੀਅਰ ਨੇ ਉਨ੍ਹਾਂ ਸਾਰਿਆਂ ਖਿਲਾਫ ਪਾਰਟੀ ਮੈਂਬਰਾਂ ਨੂੰ ਆਗਾਹ ਕੀਤਾ ਜਿਹੜੇ ਅਪਰੈਲ ਵਿੱਚ ਹੋਣ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਇਜਲਾਸ ਨੂੰ ਅੰਦਰੂਨੀ ਲੜਾਈ ਵਿੱਚ ਬਦਲਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਜਦੋਂ ਅਸੀਂ ਆਪਣੇ ਸਾਂਝੇ ਟੀਚਿਆਂ ਦੀ ਥਾਂ ਉੱਤੇ ਆਪਣੇ ਮਤਭੇਦਾਂ ਉੱਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਸਾਡੇ ਹੱਥ ਪੱਲੇ ਕੁੱਝ ਨਹੀਂ ਰਹੇਗਾ।
ਜਿ਼ਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੀ ਕੰਜ਼ਰਵੇਟਿਵ ਐਮਪੀ ਤੇ ਸਾਬਕਾ ਕੈਬਨਿਟ ਮੰਤਰੀ ਐੱਡ ਫਾਸਟ ਨੇ ਸ਼ੀਅਰ ਦੀ ਸੈ਼ਡੋ ਕੈਬਨਿਟ ਵਿੱਚ ਕੋਈ ਅਹੁਦਾ ਸਵੀਕਾਰਨ ਤੋਂ ਇਹ ਆਖਦਿਆਂ ਹੋਇਆਂ ਇਨਕਾਰ ਕਰ ਦਿੱਤਾ ਕਿ ਪਾਰਟੀ ਦੇ ਆਗੂ ਦੇ ਆਲੇ ਦੁਆਲੇ ਉਹ ਲੋਕ ਹੋਣੇ ਚਾਹੀਦੇ ਹਨ ਜਿਹੜੇ ਉਨ੍ਹਾਂ ਦਾ ਸਮਰਥਨ ਕਰਦੇ ਹੋਣ।

 

Have something to say? Post your comment