Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਆ ਆਪਾਂ ਘਰ ਬਣਾਈਏ

November 27, 2019 09:02 AM

-ਸਿਮਰਨ ਧਾਲੀਵਾਲ
ਪੰਜ ਕੁ ਸਾਲ ਪਹਿਲਾਂ ਜਦੋਂ ਖਰੈਤੀ ਲਾਲ ਨੇ ਆਪਣਾ ਥਾਂ ਨਰੈਣੇ ਨੂੰ ਵੇਚਿਆ ਸੀ। ਮੈਂ ਉਦੋਂ ਸੋਚਿਆ ਸੀ, ‘ਕਰਾੜ ਸਿਰ 'ਤੇ ਬਿਠਾ ਗਿਆ ਸਾਡੇ। ਆਪ ਤੁਰ ਗਿਆ ਸ਼ਹਿਰ ਨੂੰ। ਸਾਡੇ ਭਾਅ ਪਾ ਗਿਆ ਸਿਆਪਾ..।'
ਫਿਰ ਖੁਦ ਮੈਂ ਸੋਚਿਆ, ‘ਕੁੱਤਿਆਂ ਈ ਹੱਗਣਾ ਇੱਥੇ। ਥਾਂ ਤਾਂ ਉਹ ਕੌਡੀਆਂ ਦੇ ਭਾਅ ਸੁੱਟ ਗਿਆ। ਕੁੱਲਾ ਛੱਤਣਾ ਸੌਖਾ ਪਿਐ।' ਮੈਂ ਸਮਝਦਾ ਸਾਂ, ਨਾ ਨੌ ਮਣ ਤੇਲ 'ਕੱਠਾ ਹੋਣਾ ਨਾ ਰਾਧਾ ਨੱਚਣਾ। ਥਾਂ ਖਰੀਦੀ ਤੋਂ ਸਾਲ ਕੁ ਬਾਅਦ ਨਰੈਣੇ ਦਾ ਵੱਡਾ ਮੁੰਡਾ ਅਰਜੂ ਫੌਜ ਵਿੱਚ ਭਰਤੀ ਹੋ ਗਿਆ। ਦੋ ਸਾਲ ਥਾਂ ਫੇਰ ਵਿਹਲੀ ਪਈ ਰਹੀ। ਮੈਂ ਅੰਦਰੋਂ-ਅੰਦਰੀ ਨਫਰਤ ਨਾਲ ਭਰਦਾ ਰਿਹਾ, ਪਰ ਨਰੈਣਾ ਤਾਂ..!!
ਨਰੈਣਾ ਕਦੀ-ਕਦੀ ‘ਆਪਣੀ' ਥਾਂ ਦੇਖਣ ਆ ਜਾਂਦਾ।
‘ਸੁਣਾ ਬਈ ਮੇਜਾ ਸਿਆਂ। ਖੁਸ਼ਨੰਦ ਐਂ?’ ਆਪਣੇ ਖੋਲਿਆਂ ਵਿੱਚ ਖੜ੍ਹਾ ਨਰੈਣਾ ਦੂਰੋਂ ਹਾਕਾਂ ਮਾਰਨ ਲੱਗਦਾ। ਸਾਡਾ ਘਰ ਤੇ ਖਰੈਤੀ ਦਾ ਘਰ ਆਹਮੋ-ਸਾਹਮਣੇ ਸੀ। ਜਦੋਂ ਮਾਹੌਲ ਖਰਾਬ ਹੋਏ, ਖਰੈਤੀ ਭਾਂਡਾ-ਟੀਂਡਾ ਚੁੱਕ ਕੇ ਸ਼ਹਿਰ ਜਾ ਬੈਠਾ। ਉਹਦਾ ਮਕਾਨ ਕਈ ਸਾਲ ਬੰਦ ਪਿਆ ਰਿਹਾ। ਚੁੱਲ੍ਹਿਆਂ ਉਤੇ ਘਾਹ ਉਗਣ ਲੱਗਿਆ। ਘਰ ਵਿਕਿਆ ਨਾ। ਖਰੈਤੀ ਨੇ ਮਜ਼ਦੂਰ ਲਾ ਕੇ ਮਕਾਨ ਢਾਹ ਲਿਆ ਤੇ ਇੱਟਾਂ ਬਾਲੇ ਸ਼ਹਿਰ ਨੂੰ ਲੈ ਗਿਆ।
‘‘ਕੋਈ ਨਾ ਥਾਂ ਦਾ ਕਿਹੜਾ ਕੁਝ ਘਸ ਚੱਲਿਆ। ਆਪੇ ਵਿਕਦੀ ਰਹੂ।'' ਖਰੈਤੀ ਖੀਂ-ਖੀਂ ਕਰ ਕੇ ਹੱਸਦਾ। ਪਿੰਡਾਂ ਵਿੱਚ ਥਾਵਾਂ ਨੂੰ ਕੌਣ ਪੁੱਛਦਾ। ਅਖੀਰ ਗਰਜ਼ ਦੇ ਮਾਰਿਆਂ ਖਰੈਤੀ ਨੇ ਥਾਂ ਸਸਤੇ ਮੁੱਲ ਨਰੈਣੇ ਨੂੰ ਫੜਾ ਦਿੱਤੀ।
‘‘ਵਧੀਆ ਨਰੈਣ ਸਿਆਂ, ਤੂੂੰ ਦੱਸ ਕਦ ਛੱਤਣੇ ਫਿਰ ਮਹਿਲ?'' ਆਪਣੇ ਘਰ ਦੇ ਗੇਟ ਅੱਗੇ ਖੜ੍ਹਾ ਮੈਂ ਨਰੈਣੇ ਨੂੰ ਜਵਾਬ ਦੇ ਦਿੰਦਾ।
‘‘ਬੱਸ ਫੌਜੀ ਵੱਲ ਈ ਝਾਕਦੇ ਆਂ। ਤੂੰ ਸਿਆਣਾ ਮਕਾਨ ਕਿਹੜਾ ਐਵੇਂ ਬਣਦੇ। ਥਾਂ ਜੁੜ ਗਈ। ਮਕਾਨ ਵੀ ਬਣੂ ਈ। ਸੱਚੇ ਪਾਤਸ਼ਾਹ ਕਰਨ ਵਾਲਾ। ਤੈਨੂੰ ਕਿਹੜਾ ਭੁੱਲਾ ਏ..।''
ਨਰੈਣਾ ਪੁਰਾਣੀ ਕਥਾ ਛੇੜ ਬੈਠਦਾ।
ਨਰੈਣਾ ਮੇਰੇ ਤੋਂ ਦਸ ਕੁ ਸਾਲ ਵੱਡਾ ਹੋਣਾ। ਅਸੀਂ ਛੋਟੇ ਸਾਂ ਜਦੋਂ ਉਹ ਸਾਡੇ ਨਾਲ ਸੀਰੀ ਆ ਰਲਿਆ ਸੀ। ਐਸੀ ਗੱਲ-ਕੱਥ ਮਹੀਨੇ ਵੀਹੀਂ ਦਿਨੀਂ ਹੋ ਜਾਂਦੀ। ਜਦੋਂ ਕਦੇ ਨਰੈਣਾ ਸਾਡੇ ਸਾਹਮਣੇ ਖਰੀਦੀ ‘ਆਪਣੀ' ਥਾਂ ਵੇਖਣ ਆਉਂਦਾ। ਪੁਰਾਣੀਆਂ ਗੱਲਾਂ ਕਰਨ ਲੱਗਦਾ। ‘‘ਦੇਖ ਲਾ ਮੇਜਾ ਸਿਆਂ। ਵੇਲੇ-ਵੇਲੇ ਦੀਆਂ ਗੱਲਾਂ। ਤੈਨੂੰ ਦੱਸਦਾਂ ਬਈ ਉਦੋਂ ਆਹ ਪਸ਼ੂਆਂ ਲਈ ਪੱਕਾ ਬਰਾਂਡਾ ਨਹੀਂ ਸੀ ਹੁੰਦਾ। ਤੋੜ ਤੀਕ ਕੱਚਾ ਕੋਠਾ ਸੀ। ਇੱਕ ਪਾਸੇ ਤੂੜੀ ਪਾਉਂਦੇ। ਇੱਕ ਪਾਸੇ ਪਸ਼ੂ ਬੱਝਦੇ..।''
ਨਰੈਣਾ ਨਵੇਂ ਮਕਾਨ ਵਿੱਚੋਂ ਪੁਰਾਣੇ ਘਰ ਦਾ ਨਕਸ਼ਾ ਦਿਖਾਉਣ ਲੱਗਦਾ। ਦੋ ਕਮਰੇ ਤਾਂ ਨਰੈਣੇ ਨੇ ਛੱਤ ਲਏ ਸਨ। ਜਿਸ ਦਿਨ ਨੀਂਹ ਧਰੀ ਸੀ, ਉਸ ਦਿਨ ਲੱਡੂ ਲੈ ਕੇ ਸਾਡੇ ਵੱਲ ਆਇਆ। ‘‘ਲਓ ਜੀ ਕਰੋ ਮੂੰਹ ਮਿੱਠਾ। ਸੁੱਖ ਨਾਲ ਦੋਵੇਂ ਭਾਈ ਕੋਲ-ਕੋਲ ਆ ਗਏ ਆਂ ਮੇਜਾ ਸਿਆਂ।'' ਨਰੈਣੇ ਦੀ ਇਸ ਗੱਲ ਤੋਂ ਮੇਰਾ ਮੂੰਹ ਕੌੜਾ ਹੋ ਗਿਆ। ਉਹ ਬੂਹਿਓਂ ਬਾਹਰ ਹੋਇਆ। ਮੈਂ ਅੱਧਾ ਬਚਿਆ ਲੱਡੂ ਕੁੱਤੇ ਅੱਗੇ ਪਾ ਦਿੱਤਾ। ਨਰੈਣਾ ਸਾਡੇ ਸਾਹਮਣੇ ਘਰ ਬਣਨ ਕਰਕੇ ਬਹੁਤ ਖੁਸ਼ ਸੀ। ਜਿੰਨਾ ਉਹ ਮੋਹ ਦਿਖਾਉਂਦਾ, ਓਨਾ ਹੀ ਉਹ ਮੈਨੂੰ ਭੈੜਾ ਲੱਗਦਾ।
‘ਬਾਖੜ ਜਿਹਾ ਭਰਾ ਤੂੰ ਮੇਰਾ ਸੱਜੇ ਪੱਟੋਂ ਕੱਢਿਆ। ਉਈਂ ਸਿਰ 'ਤੇ ਚੜ੍ਹਦਾ ਜਾਊ।' ਮੈਂ ਮਨ ਵਿੱਚ ਕੁੜ੍ਹਦਾ ਰਹਿੰਦਾ। ਚੌਦਾਂ ਸਾਲ ਸਾਡੇ ਨਾਲ ਸੀਰ ਕਮਾ ਕੇ ਉਹ ਖੁਦ ਨੂੰ ਸਾਡੇ ਘਰ ਦਾ ਹਿੱਸਾ ਸਮਝਣ ਲੱਗਿਆ ਸੀ। ਬਾਪੂ ਨਰੈਣੇ ਨਾਲ ਤਿਹੁ ਦਿਖਾਉਂਦਾ ਹੁੰਦਾ ਸੀ। ਰੋਟੀ ਖਾਣ ਲੱਗਿਆਂ ਉਹਨੂੰ ਕੋਲ ਬਿਠਾ ਲੈਣਾ। ਹਰ ਚੀਜ਼ ਬਰਾਬਰ ਦੀ ਦੇਣੀ। ਉਹਨੂੰ ਘਰ-ਬਾਹਰ ਪੂਰੀ ਖੁੱਲ੍ਹ ਸੀ, ਪਰ ਅੱਜ ਵੇਲੇ ਬਦਲ ਗਏ ਸਨ। ਸਾਡੇ ਨਾਲ ਸੀਰ ਛੱਡਿਆਂ ਨਰੈਣੇ ਨੂੰ ਮੁੱਦਤ ਹੋ ਗਈ ਸੀ। ਸੀਰ ਛੱਡਣ ਮਗਰੋਂ ਪਹਿਲਾਂ ਪਿੰਡ ਤੇ ਫਿਰ ਸ਼ਹਿਰ। ਉਹ ਬਹੁਤ ਸਾਲ ਦਿਹਾੜੀਆਂ ਕਰਦਾ ਰਿਹਾ। ਉਹਦਾ ਵਿਆਹ ਹੋਇਆ। ਜਵਾਕ ਹੋਏ। ਘਰੇ ਭੰਗ ਭੁਜਦੀ। ਨਰੈਣੇ ਦੇ ਚਾਰ ਜਵਾਕ ਸਨ। ਦੋ ਕੁੜੀਆਂ ਅਤੇ ਦੋ ਮੁੰਡੇ। ਕੁੜੀਆਂ ਇਕੋ ਜਿੱਡੀਆਂ। ਲਗਰ ਵਰਗੀਆਂ। ਫੱਕਰ ਨੇ ਦੋਵੇਂ ਕੁੜੀਆਂ ਔਖੇ ਸੌਖੇ ਵਿਆਹ ਦਿੱਤੀਆਂ ਸਨ। ਤਿੰਨੀਂ ਕੱਪੜੀਂ। ਨਾ ਕੋਈ ਬਰਾਤ ਨਾ ਮੇਲ। ਗੁਰਦੁਆਰੇ ਲਾਵਾਂ ਕੀਤੀਆਂ। ਚਾਹ ਪਾਣੀ ਦਾ ਖਰਚ ਬਾਪੂ ਨੇ ਕਰ ਦਿੱਤਾ।
‘‘ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਰੱਬ ਖਬਰੇ ਕੀਹਦੇ ਪੈਰਾਂ ਪਿੱਛੇ ਦਿੰਦਾ।'' ਬਾਪੂ ਦਾਨ-ਪੁੰਨ ਦਾ ਬਹਾਨਾ ਬਣਾ ਲੈੈਂਦਾ। ਮੇੇਰਾ ਮੁੰਡਾ ਅਤੇ ਨਰੈਣੇ ਦਾ ਛੋਟਾ ਮੁੰਡਾ ਭੀਲਾ ਦੋਵੇਂ ਇਕੱਠੇ ਪੜ੍ਹੇ। ਨੌਵੀਂ ਵਿੱਚੋਂ ਹਟ ਕੇ ਭੀਲਾ ਬੋਰਾਂ ਵਾਲੇ ਜਗਤਾਰ ਨਾਲ ਜਾਣ ਲੱਗਾ। ਤਰਸੇਮ ਦਸਵੀਂ ਕਰ ਕੇ ਫਿਰ ਵੱਡੇ ਸਕੂਲ ਗਿਆਰਵੀਂ ਵਿੱਚ ਜਾ ਦਾਖਲ ਹੋਇਆ। ਅਰਜੂ ਵੱਡਾ ਸੀ। ਉਹ ਦਸਵੀਂ ਕਰ ਕੇ ਬੋਰਾਂ ਵਾਲੇ ਨਾਲ ਜਾਂਦਾ ਹੁੰਦਾ ਸੀ। ਉਹ ਭਰਤੀ ਹੋਇਆ ਤਾਂ ਭੀਲਾ ਜਾਣ ਲੱਗਿਆ। ਸਾਡੇ ਵਾਲੇ ਤੋਂ ਰੁੱਗ ਪੱਠੇ ਨਾ ਪੈਂਦੇ।
‘ਕਹਾਦੇ ਬਣੇ ਇਹ ਚਾਪੜ ਜਿਹੇ। ਨਾ ਅੱਕਣ, ਨਾ ਥੱਕਣ। ਸੁੱਕੀਆਂ ਰੋਟੀਆਂ ਆਸਰੇ..।' ਮੈਂ ਹੈਰਾਨ ਹੁੰਦਾ। ਨਰੈਣਾ ਲੰਘਦਾ ਆਉਂਦਾ ਆਖ ਜਾਂਦਾ, ‘‘ਮੇਜਾ ਸਿਆਂ! ਸੇਮੇ ਨੂੰ ਭੇਜਿਆ ਕਰ ਗਰਾਉਂਡ 'ਚ। ਅਰਜੂ ਨਾਲ ਲੱਗਾ ਰਿਹਾ ਕਰੂ। ਫੌਜ ਕਿਹੜਾ ਮਾੜੀ, ਜੇ ਗੱਲ ਬਣਜੇ ਤਾਂ। ਸਾਰੀ ਉਮਰ ਦੀ ਰੋਟੀ ਐ..।''
ਮੈਂ ਹੂੰ-ਹਾਂ ਕਰ ਛੱਡਦਾ। ਮਨ ਵਿੱਚ ਸੋਚਦਾ, ‘ਫੌਜੀ ਤਾਂ ਨਰੈਣੇ ਆਲੇ ਨੂੰ ਈ ਉਡੀਕਦੇ ਨੇ ਜਿਵੇਂ। ਗੱਲਾਂ ਤਾਂ ਇਉਂ ਕਰਦੈ..' ਪਰ ਜਦੋਂ ਅਰਜੂ ਫੌਜ 'ਚ ਭਰਤੀ ਹੋ ਗਿਆ, ਮੈਨੂੰ ਮੇਰੀ ਗੱਲ ਝੂਠੀ ਲੱਗੀ। ਤਿੰਨਾਂ ਕੁ ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ। ਨਰੈਣਾ ਦਿਹਾੜੀ ਨਾ ਜਾਂਦਾ। ਉਹਨੇ ਦੋ ਕੁ ਫੰਡਰ ਜਿਹੀਆਂ ਗਾਵਾਂ ਰੱਖ ਲਈਆਂ। ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਲੱਗਿਆ ਰਹਿੰੰਦਾ। ਛੋਟੇ ਮੁੰਡੇ ਦਾ ਬੋਰਾਂ ਦਾ ਕੰਮ ਚੰਗਾ ਸੀ। ਉਦੋਂ ਬਾਪੂ ਅਜੇ ਜਿਉਂਦਾ ਸੀ। ਉਹ ਨਰੈਣੇ ਦੀਆਂ ਗੱਲਾਂ ਛੇੜ ਲੈਂਦਾ, ‘‘ਮੁੰਡਿਆਂ ਸੋਹਣਾ ਤੋਰਾ ਤੋਰ ਲਿਆ। ਅਰਜੂ ਨੂੰ ਨੌਕਰ ਹੋਇਆਂ ਦੋ ਕੁ ਮਹੀਨੇ ਹੋ ਗਏ ਹੋਣੇ?’
‘ਆਹੋ ਹੋ ਈ ਗਏ। ਨਿੱਕਾ ਵੀ ਚੱਲ ਵਾਹਵਾ ਕਰੀ ਜਾਂਦੈ ਆਵਦਾ..।'' ਫਿਰ ਉਹ ਹੋਰ ਪਿਛਾਂਹ ਚਲਿਆ ਜਾਂਦਾ।
‘‘ਹੌਲਾ ਈ ਸੀ ਜਦੋਂ ਰਲਿਆ ਸੀ ਆਪਣੇ ਨਾਲ ਨਰੈਣਾ। ਘਰ ਦੇ ਜੀਆਂ ਵਾਂਗੰੂ ਰਿਹਾ। ਵਿਹੜੇ ਦੇ ਕੁੱਲ ਘਰਾਂ ਨਾਲੋਂ ਇਹਦੇ ਮੁੰਡੇ ਸਾਊ ਨਿਕਲੇ..।'' ਮੈਨੂੰ ਬਾਪੂ ਦੀਆਂ ਗੱਲਾਂ 'ਤੇ ਖਿਝ ਚੜ੍ਹਨ ਲੱਗਦੀ।
‘ਬੁੜ੍ਹੇ ਦੀ ਮੱਤ ਮਾਰੀ ਗਈ। ਘਰ ਦਾ ਕਦੇ ਫਿਕਰ ਨਹੀਂ ਕੀਤਾ। ਉਹਦਾ.. ਬਹੁਤਾ ਹੇਜ ਆਉਂਦਾ ਇਹਨੂੰ।'' ..ਤੇ ਫਿਰ ਜਦੋਂ ਬਾਪੂ ਬਿਮਾਰ ਹੋਇਆ, ਨਰੈਣਾ ਨਿੱਤ ਬਾਪੂ ਦੀ ਖਬਰ ਲੈਣ ਲਈ ਆ ਜਾਂਦਾ। ਦੋ-ਦੋ ਘੰਟੇ ਬੈਠਾ ਰਹਿੰਦਾ।
‘‘ਨਰੈਣਿਆਂ, ਮੁੰਡਿਆਂ ਵਿਹਲਿਆਂ ਕਰਤਾ ਲੱਗਦਾ।'' ਆਪਣੇ ਵੱਲੋਂ ਮੈਂ ਉਹਦੇ ਵਿਹਲੇ ਬੈਠਣ 'ਤੇ ਤਨਜ਼ ਕਰਦਾ।
‘‘ਬਥੇਰੇ ਹੱਡ ਭੰਨੇ ਭਾਊ! ਚਲੋ ਧੀਆਂ ਪੁੱਤਾਂ ਦੇ ਸਿਰ 'ਤੇ ਸੁੱਖ ਸਹੀ। ਆਵਦੇ ਜੋਗਾ ਕਰ ਲਈਦਾ। ਕਿਸੇ ਦੇ ਹੱਥਾਂ ਵੱਲ ਝਾਕਣਾ ਵੀ ਔਖਾ, ਤੂੰ ਸਿਆਣਾ।''
ਮੈਂ ਕਦੇ ਨਰੈਣੇ ਵੱਲ ਵੇਖਦਾ ਕਦੇ ਆਪਣੇ ਵੱਲ। ਤਰਸੇਮ ਬਾਰ੍ਹਵੀਂ ਤੋਂ ਅੱਗੇ ਨਾ ਗਿਆ। ਪੱਠਿਆਂ ਵਾਲਾ ਟੋਕਰਾ ਚੁੱਕੀ ਪਸ਼ੂਆਂ ਵੱਲ ਜਾਂਦਾ ਮੈਂ ਖਿਝਣ ਲੱਗਦਾ, ‘‘ਲੋਕਾਂ ਦੇ ਵੀ ਜਵਾਕ ਐ। ਲੱਤ ਦਿੱਤਿਆਂ ਪਾਣੀ ਆਉਂਦਾ..।'' ਪਰ ਮੈਨੂੰ ਤਰਸੇਮ ਦੇ ਵਿਹਲੇ ਫਿਰਨ ਨਾਲੋਂ ਨਰੈਣੇ ਦੇ ਮੁੰਡਿਆਂ ਦਾ ਕੰਮ ਕਰਦੇ ਹੋਣਾ ਵਧੇਰੇ ਤੰਗ ਕਰਦਾ। ..ਤੇ ਨਰੈਣੇ ਦਾ ਮੇਰੇ ਘਰ ਦੇ ਐਨ ਸਾਹਮਣੇ ਥਾਂ ਲੈ ਲੈਣਾ ਉਸ ਤੋਂ ਵੀ ਕਿਤੇ ਵੱਧ ਪ੍ਰੇਸ਼ਾਨ ਕਰਦਾ।
‘ਖਰੈਤੀ ਨੂੰ ਹੋਰ ਕੋਈ ਗਾਹਕ ਨਾ ਲੱਭਾ ਇੰਨੇ ਵੱਡੇ ਪਿੰਡ 'ਚ। ਪਤਾ ਹੁੰਦਾ ਤਾਂ ਮੈਂ ਹੀ ਅੱਗ ਫੱਕ ਲੈਂਦਾ।' ਪਰ ਜਦੋਂ ਤਿੰਨ ਕੁ ਸਾਲ ਥਾਂ ਵਿਹਲੀ ਪਈ ਰਹੀ, ਮੈਨੂੰ ਅੰਦਰੋ-ਅੰਦਰ ਅਸੀਮ ਖੁਸ਼ੀ ਮਿਲਦੀ ਰਹੀ।
‘ਘਰ ਬਣਾਉਣੇ ਕਿਤੇ ਸੌਖੇ ਪਏ ਨੇ।' ਮੈਂ ਮਨ ਵਿੱਚ ਸੋਚਦਾ। ਕਦੇ ਆਪਣੇ ਘਰ ਵੱਲ ਨੂੰ ਦੇਖਦਾ। ਬਾਪੂ ਵਾਰੇ ਦਾ ਬਣਿਆ ਪੂਰਾ ਘਰ। ਨਰੈਣੇ ਦੇ ਦੋ ਕਮਰਿਆਂ ਅੱਗੇ ਵੀ ਛੋਟਾ-ਛੋਟਾ ਲੱਗਦਾ। ਉਹਦਾ ਘਰ ਬਣਾ ਰਹੇ ਮਿਸਤਰੀ ਮੈਨੂੰ ਇਉਂ ਲੱਗਦਾ ਜਿਵੇਂ ਮੇਰਾ ਘਰ ਢਾਹ ਰਹੇ ਹੋਣ। ਮੈਂ ਬਾਹਰਲਾ ਗੇਟ ਬੰਦ ਰੱਖਦਾ। ਸਾਹਮਣੇ ਤੁਰੇ ਫਿਰਦੇ ਮਿਸਤਰੀ ਮਜ਼ਦੂਰ ਮੈਨੂੰ ਜ਼ਹਿਰ ਵਰਗੇ ਲੱਗਦੇ।
‘‘ਦਿਨਾਂ 'ਚ ਲੈ ਗਏ ਲੈਂਟਰ ਤੀਕ। ਲੱਗਦੈ ਮਿਸਤਰੀ ਤਾਂ ਬਾਹਲੇ ਛੋਹਲੇ ਐ। ਮੈਂ ਕੋਠੇ 'ਤੇ ਕੱਪੜੇ ਪਾਉਣ ਗਈ ਨੇ ਵੇਖਿਆ। ਰਸੋਈ ਵੀ ਖੁੁੱਲ੍ਹੀ ਛੱਤੀ ਲੱਗਦੀ ਵਾਹਵਾ।'' ਮੇਰੀ ਪਤਨੀ ਦੀ ਗੱਲ ਮੈਨੂੰ ਉਸ ਤੋਂ ਵੀ ਜ਼ਹਿਰੀ ਲੱਗੀ ਸੀ।
‘‘ਬਿਠਾ ਲਉ ਕਮੀਣ ਨੂੰ ਸਿਰ 'ਤੇ..।'' ਮੈਂ ਬੁੜਬੁੜਾਇਆ, ਪਰ ਉਹਨੂੰ ਮੇਰੀ ਗੱਲ ਨਹੀਂ ਸੁਣੀ। ਉਹ ਰਸੋਈ 'ਚ ਜਾ ਕੇ ਆਪਣਾ ਕੰਮ ਕਰਨ ਲੱਗੀ, ਪਰ ਮੇਰਾ ਚਿੱਤ ਕਿਸੇ ਕੰਮ ਨਾ ਲੱਗਦਾ। ਆਨੇ ਬਹਾਨ ਨਰੈਣਾ ਸਾਡੇ ਵੱਲੋ ਆ ਵੜਦਾ। ਮੈਨੂੰ ਮਿਸਤਰੀਆਂ ਕੋਲ ਗੇੜਾ ਮਾਰਨ ਨੂੰ ਆਖਦਾ।
‘‘ਬੜਾ ਫਰਕ ਪੈਂਦਾ ਮੇਜਾ ਸਿਆਂ! ਅਗਲੇ ਨੂੰ ਵੀ ਪਤਾ ਹੁੰਦਾ ਬਈ ਘਰ ਦਾ ਕੋਈ ਜੀਅ ਸਿਰ 'ਤੇ ਹੈਗਾ। ਮੈਨੂੰ ਤਾਂ ਤੈਨੂੰ ਪਤਾ ਸੌ ਭੱਜ-ਨੱਸ ਪਈ ਹੁੰਦੀ ਐ।'' ਫਿਰ ਉਹ ਖੁਦ ਹੀ ਬੋਲੀ ਜਾਂਦਾ।
‘‘ਚੱਲ ਚਹੁੰ ਦਿਨਾਂ ਦਾ ਖਪਾ ਏ, ਫੇਰ ਅਰਾਮ ਨਾਲ ਬੈਠਾਂਗੇ..।'' ਨਰੈਣੇ ਦਾ ਆਰਾਮ ਮੈਨੂੰ ਬੇਆਰਾਮ ਕਰੀ ਰੱਖਦਾ। ਉਹਦਾ ਮੈਨੂੰ ‘ਘਰ ਦਾ ਜੀਅ' ਦੱਸਣਾ, ਮੈਨੂੰ ਹੋਰ ਕੁਸੈਲਾ ਕਰ ਦਿੰਦਾ। ਕਦੇ-ਕਦੇ ਮੈੈਂ ਇੱਕਲਾ ਬੈਠਾ ਸੋਚਦਾ। ਮੈਨੂੰ ਸਮਝ ਨਾ ਆਉਂਦੀ ਨਰੈਣਾ ਮੈਨੂੰ ਅੰਦਰੋ-ਅੰਦਰ ਬੇਆਰਾਮ ਕਿਉਂ ਕਰੀ ਜਾਂਦਾ ਹੈ। ਲੈਂਟਰ ਵਾਲੇ ਦਿਨ ਨਰੈਣੇ ਵੱਲੋਂ ਆਏ ਮਿੱਠੇ ਚੌਲ ਮੈਂ ਪਸ਼ੂਆਂ ਅੱਗੇ ਸੁੱਟਵਾ ਦਿੱਤੇਾ। ਇੰਜ ਕਰਕੇ ਜਿਵੇਂ ਮੇਰੇ ਮਨ ਨੂੰ ਸਕੂਨ ਮਿਲਿਆ ਹੋਵੇ। ਕਦੇ ਏਦਾਂ ਦੀ ਬੇਆਰਾਮੀ ਤਾਰੀ ਨੇ ਪੈਦਾ ਕੀਤੀ ਸੀ। ਬਾਪੂ ਜਿਉਂਦਾ ਸੀ।
ਉਦੋਂ। ਤਾਰੀ ਪਿੰਡੋਂ ਉਠ ਕੇ ਖੇਤ ਜਾ ਬੈਠਾ। ਨਵਾਂ ਘਰ ਪਾ ਲਿਆ। ਕਦੇ-ਕਦੇ ਸਾਡੇ ਵੱਲ ਗੇੜਾ ਮਾਰਦਾ। ਘਰ ਦੀਆਂ ਗੱਲਾਂ ਕਰਨ ਲੱਗਦਾ। ਆਖਦਾ, ‘‘ਮੇਜਾ ਸਿਆਂ! ਊਂਈ ਜ਼ਮਾਨਾ ਈ ਐਸਾ ਆ ਗਿਆ। ਪੱਲੇ ਕਿਸੇ ਦੇ ਕੁਝ ਹੈਗਾ ਜਾਂ ਨਈ, ਇਹ ਨਹੀਂਉ ਵੇਖਦਾ ਕੋਈ। ਹਿਸਾਬ ਲਾ ਲੈ ਭਾਵੇਂ। ਜਵਾਕਾਂ ਨੂੰ ਬੋਲਣ ਦੀ ਮੱਤ ਨਹੀਂ। ਬਹਿਣਾ-ਉਠਣਾ ਆਉਂਦਾ ਨਹੀਂ, ਪਰ ਵੇਖ ਲਾ ਸਾਰੇ ਪਿੰਡ ਦੇ ਜਵਾਕ ਸ਼ਹਿਰ ਨੂੰ ਜਾਂਦੇ ਪੜ੍ਹਨ। ਚਾਰ-ਪੰਜ ਸਕੂਲਾਂ ਦੀਆਂ ਗੱਡੀਆਂ ਆਉਂਦੀਆਂ ਨੇ ਆਪਣੇ ਪਿੰਡ। ਜਵਾਕ ਐਨ ਟੱਲੀ ਵਾਂਗੂ ਟਣਕੇ ਹੁੰਦੇ ਸਵੇਰ ਨੂੰ। ਹੋਰ ਵੇਖ ਲਾ.. ਕੁੜੀਆਂ ਅੱਜਕੱਲ੍ਹ ਦੀਆਂ.. ਚਹੁੰ ਜੀਆਂ ਦੀ ਰੋਟੀ ਪਕਾਉਣ ਜੋਗੀਆਂ ਨਹੀਂ, ਪਰ ਅਗਲਾ ਗੋਰਾ ਚੰਮ ਜ਼ਰੂੂਰ ਵੇਖਦਾ। ਉਹ ਸੁਣੀ ਤੂੰ ਢਿੱਡਲਾਂ ਦੀ ਨਹੂੰ। ਕਹਿੰਦੇ ਸਾਰਾ ਟੱਬਰ ਗੋਡਿਆਂ ਥੱਲੇ ਕੀਤਾ ਪਿਆ ਉਹਨੇ। ਲੋਕ ਪਤਾ ਕੀ ਕਹਿੰਦੇ ਸੀ ਜਦੋਂ ਢਿੱਡਲਾਂ ਨੇ ਮੁੰਡੇ ਵਿਆਹਿਆ ਸੀ। ਅਖੇ, ਉਹ ਤਾਂ ਨਿਰੀ ਫਿਲਮਾਂ ਵਾਲੀਆਂ ਵਰਗੀ ਆ। ਮਤਲਬ ਇਹ ਨਿਕਲਦਾ ਸਾਰੀਆਂ ਗੱਲਾਂ ਦਾ ਵੀ ਜਈ-ਤਈ ਮਰਾਵੇ ਸਾਰਾ ਕੁਝ। ਬੰਦੇ ਦੀ ਠੁੱਕ ਚਾਹੀਦੀ ਚਾਰੇ ਪਾਸੇ।'' ਮੈਨੂੰ ਉਹਦਾ ਇਹ ਉਪਦੇਸ਼ ਉਦੋਂ ਸਮਝ ਆਉਂਦਾ ਜਦੋਂ ਉਹ ਆਪਣਾ ਚੱਲਦਾ ਪ੍ਰਵਚਨ ਘਰ ਨਾਲ ਜੋੜ ਲੈਂਦਾ।
‘‘ਅੱਜਕੱਲ੍ਹ ਘਰ ਬੂਹਾ ਹੀ ਦੇਖਦਾ ਅਗਲਾ। ਭੜੋਲੇ ਦੇ ਦਾਣੇ ਮੋਏ ਪੁੱਛਦੇ ਐ! ਅਸੀਂ ਤਾਂ ਹੀ ਬਾਰਾਂ ਲੱਖ ਖਰਚਤਾ ਭਾਈ। ਕੱਲ੍ਹ ਨੂੰ ਮੰੁਡੇ ਵੀ ਮੰਗਣੇ ਵਿਆਹੁਣੇ। ਜੱਟਾਂ-ਬੂਟਾਂ ਆਲਾ ਕੰਮ ਹੈਨੀ ਹੁਣ।''
ਤਾਰੀ ਮੇਰੇ ਤਾਏ ਦਾ ਪੁੱਤ ਭਾਈ ਹੈ। ਉਹਦੀਆਂ ਐਸੀਆਂ ਗੱਲਾਂ ਸੁਣ ਕੇ ਮੈਨੂੰ ਘੁੰਮੇਰ ਜਿਹੀ ਚੜ੍ਹਨ ਲੱਗੀ। ਲੱਗਦਾ ਤਾਰੀ ਆਪਣੀ ਨਵੀਂ ਕੋਠੀ ਦੀ ਗੱਲ ਨਹੀਂ ਕਰਦਾ ਸਗੋਂ ਮੇਰੇ ਪੁਰਾਣੇ ਘਰ ਵੱਲ ਦੇਖ ਕੇ ਮੈਨੂੰ ਜੱਟ-ਬੂਟ ਦੱਸਦਾ ਹੈ। ਤਾਰੀ ਦੇ ਮੁੰਡੇ ਦੇ ਵਿਆਹ 'ਤੇ ਮੈਨੂੰ ਓਪਰ-ਓਪਰਾ ਜਿਹਾ ਲੱਗਦਾ ਰਿਹਾ। ਸਾਰੇ ਵਿਆਹ ਵਿੱਚ ਮੈਂ ਪਿੱਛੇ-ਪਿੱਛੇ ਰਿਹਾ। ਤਾਰੀ ਮੁੰਡਿਆਂ ਨਾਲ ਨੱਚਦਾ। ਨੋਟ ਵਾਰ-ਵਾਰ ਸੁੱਟਦਾ। ਮੈਨੂੰ ਵੀ ਧੂਹ ਕੇ ਸਟੇਜ 'ਤੇ ਲੈ ਗਿਆ।
‘‘ਚਾਚਾ ਲੁਕਦਾ ਫਿਰਦਾ ਐ। ਆ ਜਾ ਮਾਰ ਬੜ੍ਹਕ ਪਤਾ ਲੱਗੇ।'' ਮੈਨੂੰ ਇੱਕ ਪਲ ਲਈ ਜੋਸ਼ ਆ ਗਿਆ। ਜੇਬ੍ਹ ਵਿੱਚ ਪਾਏ ਦਸਾਂ-ਦਸਾਂ ਦੇ ਨਵੇਂ ਨੋਟ ਕੱਢ ਕੇ ਮੈਂ ਹਵਾ ਵਿੱਚ ਉਛਾਲ ਦਿੱਤੇ। ਤਾਰੀ ਨੇ ਜ਼ਮੀਨ ਗਹਿਣੇ ਧਰ ਕੇ ਵਿਆਹ ਕੀਤਾ ਸੀ। ਨਵੀਂ ਪਾਈ ਕੋਠੀ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਈ ਸੀ। ਕਈ ਦਿਨ ਤਾਰੀ ਦੇ ਮੁੰਡੇ ਦਾ ਵਿਆਹ ਮੇਰੇ ਅੰਦਰ ਖੌਰੂ ਪਾਉਂਦਾ ਰਿਹਾ। ਮੈਨੂੰ ਇਉਂ ਲੱਗਦਾ ਮੇਰੇ ਸਾਹਮਣੇ ਮੈਂ ਬੈਠਾ, ਮੇਰੀ ਬੈਚੇਨੀ ਦੀਆਂ ਗੱਲਾਂ ਕਰ ਰਿਹਾ ਹੋਵਾਂ।
‘ਇਹੋ ਜਿਹੀਆਂ ਚਾਰ ਕੋਠੀਆਂ ਤੂੰ ਵੀ ਛੱਤ ਲੈ ਭਾਵੇਂ। ਕਰਜ਼ੇ ਦਾ ਪਹਾੜ ਚੁੱਕੀ ਫਿਰਦਾ ਅਗਲਾ ਸਿਰ 'ਤੇ। ਮੁੰਡੇ ਦੇ ਵਿਆਹ 'ਤੇ ਜ਼ਮੀਨ ਗਹਿਣੇ ਧਰੀ। ਤੂੰ ਕਾਣੀ ਕੌਡੀ ਨਹੀਂ ਦੇਣੀ ਕਿਸੇ ਦੀ।' ਜਦੋਂ ਮੈਂ ਇਸ ਗੱਲ ਨਾਲ ਸਹਿਮਤ ਹੁੰਦਾ, ਉਸੇ ਵੇਲੇ ਜਿਵੇਂ ਕੋਈ ਹੋਰ ਮੇਰੇ ਅੰਦਰ ਬੋਲਦਾ।
‘ਕਰਜ਼ੇ ਤਾਂ ਚੜ੍ਹਦੇ ਉਤਰਦੇ ਰਹਿੰਦੇ ਨੇ। ਤੂੰ ਨੀ ਮੁੰਡਾ ਵਿਆਹਣਾ ਕੱਲ੍ਹ ਨੂੰ? ਘਰ ਬੂਹਾ ਸਵਾਰ ਲੈ। ਕਿਹੜੇ ਹਿੱਕ 'ਤੇ ਰੱਖ ਲਿਜਾਣਾ ਕੁਝ।' ਮੈਨੂੰ ਸੰਵਾਰ ਕੇ ਨੀਂਦ ਨਾ ਆਉਂਦੀ। ਬਿਮਾਰਾਂ ਵਾਂਗ ਮੰਜੇ ਨਾਲ ਲੱਗਿਆ ਰਹਿੰਦਾ। ਤਾਰੀ ਦੇ ਮੁੰਡੇ ਦਾ ਵਿਆਹ ਦਿਮਾਗ 'ਚੋਂ ਨਾ ਨਿਕਲਦਾ। ਮੈਂ ਡਾਕਟਰ ਕੋਲੋਂ ਗੋਲੀਆਂ ਲੈ ਕੇ ਖਾਂਦਾ। ਡਾਕਟਰ ਆਖਦਾ ਤੈਨੂੰ ਟੈਨਸ਼ਨ ਹੋ ਗਈ ਹੈ। ਦਵਾਈ ਖਾ ਕੇ ਨੀਂਦ ਆ ਜਾਂਦੀ।
ਨਰੈਣਾ ਨਵੇਂ ਘਰ 'ਚ ਆ ਵਸਿਆ। ਮਹੂਰਤ ਵਾਲੇੇ ਦਿਨ ਸੰਗਤ ਵਿੱਚ ਬੈਠਾ ਮੈਂ ਅੰਦਰ ਹੀ ਅੰਦਰ ਕੁੜ੍ਹਦਾ ਰਿਹਾ। ਰਾਗੀ ਸ਼ਬਦ ਪੜ੍ਹਨ ਲੱਗਾ:
‘‘ਲੱਖ ਖੁਸ਼ੀਆਂ ਪਾਤਸ਼ਾਹੀਆਂ..।'' ਮੈਂ ਅਰਦਾਸ ਹੋਣ ਤੋਂ ਪਹਿਲਾਂ ਹੀ ਘਰ ਆ ਗਿਆ।
ਵਿਸਾਖ ਚੜ੍ਹ ਗਿਆ ਸੀ। ਧੁੱਪ ਪਿੰਡੇ ਨੂੰ ਖਾਂਦੀ, ਪਰ ਮੈਂ ਧੁੱਪੇ ਮੰਜਾ ਡਾਹ ਕੇ ਪੈ ਗਿਆ। ਉਤੇ ਚਾਦਰ ਤਾਣ ਲਈ। ਜਦੋਂ ਨੀਂਦ ਖੁੱਲ੍ਹੀ ਮੇਰੀ ਪਤਨੀ ਚਾਹ ਦਾ ਗਲਾਸ ਲਈ ਸਿਰਹਾਣੇ ਖੜ੍ਹੀ ਸੀ। ਦਿਨ ਢਲਣ ਲੱਗਾ, ਪਰ ਮੇਰੀ ਬੈਚੇਨੀ ਪੈਰੋ-ਪੈਰ ਵਧਦੀ ਤੁਰੀ ਗਈ। ਮੈਨੂੰ ਅਰਜੂ ਦੇ ਵਿਆਹ ਦਾ ਫਿਕਰ ਪੈ ਗਿਆ। ਤਾਰੀ ਦੇ ਮੁੰਡੇ ਦੀ ਬੈਚੇਨੀ ਅਜੇ ਉਤਰੀ ਨਹੀਂ ਸੀ ਕਿ ਮੈਨੂੰ ਅਰਜੂ ਦੇ ਵਿਆਹ ਦਾ ਡਰ ਆਉਣ ਲੱਗਾ। ਮੈਂ ਨਹੀਂ ਸੀ ਚਾਹੁੰਦਾ ਕਿ ਅਰਜੂ ਦਾ ਰਿਸ਼ਤਾ ਹੋਵੇ। ਵਿਹੜੇ ਦਾ ਕੋਈ ਬੰਦਾ ਜਦੋਂ ਕਦੇ ਸਾਡੇ ਖੇਤ ਦਿਹਾੜੀਆਂ ਜਾਂਦਾ, ਮੈਂ ਜਾਣ-ਬੁੱਝ ਕੇ ਨਰੈਣੇ ਦੇ ਮੁੰਡਿਆਂ ਦੀ ਗੱਲ ਛੇੜ ਬੈਠਦਾ, ‘‘ਫੌਜ ਦੇ ਮੂੰਹ ਨੂੰ ਸਾਕ ਤਾਂ ਭਾਵੇਂ ਸੌ ਵਾਰ ਹੋ ਜਾਏ। ਟੱਬਰ ਹੈਨੀ ਊਂ ਇਹ ਕਾਸੇ ਜੋਗਾ। ਦਲੀਲ ਦੇ ਹੌਲੇ ਈ ਨੇ। ਬੀਰੋ ਦੀ ਜ਼ੁਬਾਨ ਤਾਂ ਟੋਕੇ ਵਾਂਗ ਚਲਦੀ ਐ। ਭਰਾ ਮੇਰਿਆ, ਥੋਡੇ ਨਾਲ ਵੀ ਸੂਤ ਏ। ਐਵੇਂ ਨਾ ਸਕੀਰੀ 'ਚੋਂ ਸਾਕ ਕਰਾਉਂਦਾ ਫਿਰੀਂ..।'' ਇਹੀ ਗੱਲ ਮੈਂ ਵਿਹੜੇ ਦੇ ਕਈ ਬੰਦਿਆਂ ਕੋਲ ਕੀਤੀ। ਇਉਂ ਕਰਕੇ ਜਿਵੇਂ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੋਵੇ।
ਪਰ ਉਹ ਤਾਂ ਵਿਹੜੇ ਦੇ ਕੁੱਲ ਮੰੁਡਿਆਂ ਨਾਲੋਂ ਚੰਗਾ ਸੀ। ਫੌਜ ਦੀ ਨੌਕਰੀ ਸੀ। ਨੌਕਰੀ ਤਾਂ ਏਸ ਯੁੱਗ ਵਿੱਚ ਬੰਦਾ ਮਾਰਿਆਂ ਨਹੀਂ ਲੱਭਦੀ। ਉਹ ਛੁੱਟੀ ਆਇਆ, ਬਣ-ਤਣ ਕੇ ਪਿੰਡ ਵਿੱਚ ਫਿਰਦ। ਕੋਲੋਂ ਲੰਘਦਾ ਤਾਂ ਚੁਫੇਰੇ ਮਹਿਕ ਫੈਲ ਜਾਂਦੀ। ‘ਜਿੰਨਾ ਕਦੇ ਮੂੰਹ ਨਹੀਂ ਸੀ ਧੋਤਾ.. ' ਮੈਂ ਗਾਲ੍ਹ ਕੱਢ ਇਉਂ ਸੋਚਦਾ ਜਿਵੇਂ ਅਰਜੂ ਦੀ ਫੈਲਾਈ ਖੁਸ਼ਬੂ ਕਿੱਧਰੇ ਉਡ-ਪੁੱਡ ਗਈ ਹੋਵੇ। ਜਾਣਦਾ ਸਾਂ ਅਰਜੂ ਦਾ ਰਿਸ਼ਤਾ ਨਹੀਂ ਅੜਦਾ। ਮੈਂ ਚੱਤੋ-ਪਹਿਰ ਸੁਰਤ ਰੱਖਦਾ, ਪਰ ਕਿਧਰੇ ਵੀ ਅਰਜੂ ਦੇ ਰਿਸ਼ਤੇ ਬਾਰੇ ਕੋਈ ਕਨਸੋਅ ਨਾ ਮਿਲਦੀ। ਕਦੇ ਮੈਨੂੰ ਲੱਗਦਾ ਕਿ ਮੈਂ ਪਾਗਲ ਹੋਈ ਜਾਂਦਾ ਹਾਂ। ਬਿਨਾਂ ਸਿਰ ਪੈਰ ਦੀਆਂ ਗੱਲਾਂ ਸੋਚਦਾ। ..ਤੇ ਜਦੋਂ ਅਰਜੂ ਨੂੰ ਦੇਖਣ ਵਾਲੇ ਆਏ ਮੈਂ ਵਾਰ-ਵਾਰ ਬੂਹੇ ਅੱਗੇ ਖੜ੍ਹ ਕੇ ਨਰੈਣੇ ਦੇ ਘਰ ਵੱਲ ਦੇਖਦਾ ਰਿਹਾ। ਆਥਣੇ ਨਰੈਣੇ ਦੀ ਘਰਵਾਲੀ ਲੱਡੂ ਦੇ ਕੇ ਗਈ, ਸਵੇਰ ਦੀ ਮਨ ਨੂੰ ਲੱਗੀ ਅੱਚਵੀ ਹੋਰ ਗੂੜ੍ਹੀ ਹੋ ਗਈ।
ਮੈਂ ਖੁਦ ਨੂੰ ਤਸੱਲੀ ਦੇਣ ਖਾਤਰ ਹੀ ਜਿੱਦਾਂ ਪੁੱਛ ਲਿਆ ਸੀ, ‘‘ਕਾਹਦੇ ਲੱਡੂ ਵੰਡੀ ਜਾਂਦੀ ਐ ਬੀਰੋ।'' ਬੀਰੋ ਦੀਆਂ ਵਰਾਛਾਂ ਖਿੜੀਆਂ ਹੋਈਆਂ ਸਨ। ਉਹਨੇ ਹੋਰ ਹੁੱਬ ਕੇ ਦੱਸਿਆ, ‘‘ਆਪਣੇ ਅਰਜੂ ਨੂੰ ਰੋਕ ਗਏ। ਸੂਟ ਸਵਾ ਛੱਡ ਨਵਾਂ। ਅੱੱਸੂ ਦੀ ਸਿੱਧਾ ਵਿਆਹ ਈ ਲੈ ਲੈੈਣਾ ਆਪਾਂ।'' ਮੈਂ ਉਹਨੂੰ ਵਧਾਈ ਨਾ ਦਿੱਤੀ। ਇਉਂ ਲੱਗਿਆ ਜਿਵੇਂ ਕੋਈ ਬਹੁਤੀ ਤੱਤੀ ਚੀਜ਼ ਖਾ ਕੇ ਹਿੱਕ ਮੱਚਣ ਲੱਗੀ ਹੋਵੇ। ਹੋਰ ਦੋ ਸਾਲਾਂ ਨੂੰ ਤਰਸੇਮ ਦਾ ਵੀ ਕੋਈ ਬੰਨ੍ਹ-ਸੁੱਬ ਕਰਨਾ। ਮੇਰਾ ਜੀਅ ਕਰਦਾ ਸੀ। ਅੱਜ ਈ ਤਰਸੇਮ ਨੂੰ ਵਿਆਹ ਲਵਾਂ।
..ਤੇ ਜਦੋਂ ਅਰਜੂ ਦੇ ਵਿਆਹ ਦਾ ਡੀ ਜੇ ਵੱਜਿਆ, ਮੇਰੇ ਕੰਨਾਂ ਵਿੱਚ ਜਿਵੇਂ ਪਾਰਾ ਘੁਲਣ ਲੱਗਿਆ। ਮੈਂ ਦੋ ਕੁ ਪੈਗ ਪਹਿਲਾਂ ਹੀ ਲਾਈ ਬੈਠਾ ਸੀ। ਨਰੈਣਾ ਮੱਲੋ-ਜ਼ੋਰੀ ਖਿੱਚ ਕੇ ਆਪਣੇ ਵੱਲ ਲੈ ਗਿਆ। ਵਿਹੜੇ 'ਚੋਂ ਨਰੈਣੇ ਦੇ ਸ਼ਰੀਕੇ ਦੇ ਬੰਦੇ ਬੈਠੇ ਦਾਰੂ ਪੀ ਰਹੇ ਸਨ। ਮੈਂ ਵੀ ਨਾਲ ਬੈਠ ਕੇ ਦਾਰੂੁ ਪੀਣ ਲੱਗਿਆ। ਜਦੋਂ ਵਾਹਵਾ ਤਰਾਰਾ ਜਿਹਾ ਬੱਝ ਗਿਆ ਡੀ ਜੇ 'ਤੇ ਨੱਚਦੇ ਲੋਕ ਮੈਨੂੰ ਭੈੜੇ ਜਿਹੇ ਲੱਗਣ ਲੱਗੇ। ਮੈਂ ਘਾਉੂਂ ਜਿਹਾ ਬਣਿਆ ਉਨ੍ਹਾਂ ਵੱਲ ਝਾਕਣ ਲੱਗਿਆ। ਅਚਾਨਕ ਪਤਾ ਨਹੀਂ ਕੀ ਹੋਇਆ ਕਿ ਮੈਂ ਉਠ ਕੇ ਗਾਲ੍ਹਾਂ ਕੱਢਣ ਲੱਗਿਆ। ਰੂੜੇ ਪੈਚ ਨੂੰ ਮੈਂ ਗਲਮੇ ਤੋਂ ਫੜ ਲਿਆ, ‘‘..ਝਾਕਦਾ ਕਿੱਦਾਂ ਤੁੂੰ..।''
‘‘ਮੈਂ ਤੈਨੂੰ ਕੀ ਕਹਿਤਾ ਯਾਰ! ਊਈਂ ਖੇੜਨ ਆ ਗਿਆ ਮੇਰੇ 'ਤੇ..।'' ਰੂੜਾ ਪਹਿਲਾਂ ਤਾਂ ਚੁੱਪ ਕੀਤਾ ਰਿਹਾ, ਫਿਰ ਸਾਡੀ ਤੂੰ-ਤੂੰ ਮੈਂ-ਮੈਂ ਛਿੜ ਪਈ। ਮੇਜ਼ 'ਤੇ ਪਿਆ ਮੀਟ ਵਾਲਾ ਕੌਲਾ ਮੂਧਾ ਹੋ ਗਿਆ। ਕੱਚ ਦੀਆਂ ਗਲਾਸੀਆਂ ਭੁੰਜੇ ਡਿੱਗ ਕੇ ਟੁੱਟ ਗਈਆਂ।
‘‘ਯਾਰ ਆਪਾਂ ਭਾਈ ਆਂ। ਰੌਲਾ ਪਾਉਂਦੇ ਚੰਗੇ ਲੱਗੀਦਾ?'' ਨਰੈਣਾ ਮੈਨੂੰ ਧੂਹ ਕੇ ਪਰ੍ਹੇ ਲੈ ਗਿਆ। ਉਹਨੂੰ ਵਿਆਹ ਵਿੱਚ ਪੈਂਦੀ ਬੇ-ਰਸੀ ਦਿਸ ਗਈ ਸੀ। ਬੇ-ਰਸੀ ਹੀ ਮੈਂ ਪਾਉਣੀ ਸੀ। ਪਰ ਰੂੜੇ ਨੂੰ ਵੀ ਉਹਦਾ ਮੁੰਡਾ ਘਰ ਨੂੰ ਲੈ ਗਿਆ। ਬੰਦ ਹੋਇਆ ਡੀ ਜੇ ਫੇਰ ਵੱਜਣ ਲੱਗਾ। ਰਾਤ ਕੌਣ, ਕਦੋਂ ਮੈਨੂੰ ਘਰ ਛੱਡ ਕੇ ਗਿਆ ਮੈਨੂੰ ਕੋਈ ਸੁਰਤ ਨਹੀਂ ਸੀ। ਸਵੇਰੇ ਜਦੋਂ ਮੈਂ ਉਠਿਆ, ਅਰਜੂ ਦੀ ਬਰਾਤ ਚੜ੍ਹ ਗਈ ਸੀ। ਸਾਰਾ ਦਿਨ ਸਿਰ ਗੱਡੇ ਵਰਗਾ ਬਣਿਆ ਰਿਹਾ। ਮੈਂ ਕਿਸੇ ਨਾਲ ਵੀ ਨਾ ਬੋਲਿਆ। ਤਰਸੇਮ ਬਰਾਤੇ ਚਲਾ ਗਿਆ।
***
ਘਰੇ ਫਿਰਦੀ ਅਰਜੂ ਦੀ ਬਹੂ ਮੈਂ ਜਦ ਦੇਖਦਾ, ਇਉਂ ਲੱਗਦਾ ਜਿਵੇਂ ਸਾਰਾ ਕੁਝ ਬਦਲ ਗਿਆ ਹੋਵੇ। ਬੀਰੋ ਲੰਘਦੀ ਵੜਦੀ ਘਰੋੜ-ਘਰੋੜ ਗੱਲਾਂ ਕਰਦੀ। ਨਰੈਣਾ ਮੌਜ ਵਿੱਚ ਰਹਿੰਦਾ। ਧੋਤੇ ਕੱਪੜੇ ਪਾਉਂਦਾ। ਪੱਕੀ ਰੋਟੀ ਖਾਂਦਾ। ਮੈਨੂੰ ਭਾਈ-ਭਾਈ ਕਰਦਾ। ਜੱਟ ਤੇ ਸੀਰੀ ਭਾਈ ਨਹੀਂ ਹੁੰਦੇ। ਮੈਂ ਮਨ ਵਿੱਚ ਨਰੈਣੇ ਨੂੰ ਮੋਟੀ ਸਾਰੀ ਗਾਲ੍ਹ ਕੱਢ ਕੇ ਖੁਦ ਨੂੰ ਸ਼ਾਂਤ ਕਰ ਲੈਂਦਾ। ਕਦੇ ਲੱਗਦਾ ਜੇ ਉਹ ਮੇਰਾ ਲੱਗਦਾ ਕੁਝ ਨਹੀਂ ਤਾਂ ਫੇਰ ਉਹਦੇ ਨਾਲ ਮੇਰਾ ਸ਼ਰੀਕਾ ਕਾਹਦਾ। ਜਦੋਂ ਦਾ ਨਰੈਣਾ ਮੈਨੂੰ ਭੈੜਾ ਲੱਗਣਾ ਲੱਗਿਆ, ਉਦੋਂ ਦਾ ਮੈਨੂੰ ਤਾਰੀ ਚੰਗਾ ਲੱਗਣ ਲੱਗਿਆ। ਝੋਨਾ ਵੇਚ ਕੇ ਮੈਂ ਨਵਾਂ ਘਰ ਬਣਾਉਣ ਦੀ ਸਲਾਹ ਬਣਾ ਲਈ। ਮੈਨੂੰ ਤਾਰੀ ਦੀ ਗੱਲ ਯਾਦ ਆਉਂਦੀ। ਮੈਂ ਸੋਚਦਾ ਹੋਰ ਸਾਲ ਨੂੰ ਤਰਸੇਮ ਨੂੰ ਮੰੰਗਣਾ-ਵਿਆਹੁਣਾ ਐ। ਜ਼ਮਾਨੇ ਮੂਜਬ ਚੱਲਣਾ ਚਾਹੀਦਾ ਹੈ। ਤੇਗਾ ਮਿਸਤਰੀ ਨੀਂਹ ਧਰਨ ਲਈ ਆ ਗਿਆ। ਦਿਹਾੜੀਆਂ ਚਾਕ ਕਹੀ ਦੇ ਟੱਕ ਮਾਰਦਾ ਤੇ ਹਫਣ ਲੱਗਦਾ। ਡੂੰਘੇ-ਡੂੰਘੇ ਸਾਹ ਲੈਂਦਾ। ਤਰਸੇਮ ਇੱਟਾਂ ਦੀ ਤਰਾਈ ਕਰਦਾ। ਮੈਂ ਮਿਸਤਰੀ ਦੇ ਸਿਰਹਾਣੇ ਖੜ੍ਹਾ ਸਾਂ।
‘‘ਇਉਂ ਕੱਛਾਂ 'ਚ ਹੱਥ ਦਿੱਤਿਆਂ ਘਰ ਨਹੀਂ ਬਣਦੇ ਮੇਜਾ ਸਿਆਂ। ਘਰ ਵਾਲਿਆਂ ਨਾਲ ਵੱਗਣਾ ਈ ਪੈਂਦਾ ਐ। ਫੜਾ ਉਰੇ੍ਹ ਕਹੀ।'' ਮਜ਼ਦੂਰ ਹੱਥੋਂ ਕਹੀ ਫੜ ਕੇ ਨਰੈਣਾ ਨੀਂਹ ਪੁੱਟਣ ਲੱਗਾ। ਮੈਂ ਉਹਦੇ ਵੱਲ ਦੇਖ ਕੇ ਖਚਰਾ ਜਿਹਾ ਹੱਸਿਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ