Welcome to Canadian Punjabi Post
Follow us on

11

August 2020
ਮਨੋਰੰਜਨ

ਸਾਡੇ ਕਿਰਦਾਰ ਅੱਜਕੱਲ੍ਹ ਮਰਦਾਂ ਦੇ ਮੁਥਾਜ ਨਹੀਂ : ਹੁਮਾ ਕੁਰੈਸ਼ੀ

November 27, 2019 09:00 AM

ਹੁਮਾ ਨੇ ਧਮਾਕੇਦਾਰ ਬਾਲੀਵੁੱਡ ਡੈਬਿਊ ਕੀਤਾ ਤੇ ਅਨੁਰਾਗ ਕਸ਼ਯਪ ਦੀ ਫਿਲਮ ‘ਗੈਂਗਸ ਆਫ ਵਾਸੇਪੁਰ; ਨਾਲ ਸਾਰਿਆਂ ਨੂੰ ਆਪਣੇ ਅਭਿਨੈ ਸਮਰੱਥਾ ਦਾ ਕਾਇਲ ਬਣਾ ਲਿਆ। ਇਸ ਪਿੱਛੋਂ ਉਸ ਨੇ ‘ਲਵ ਸ਼ਵ ਤੇ ਚਿਕਨ ਖੁਰਾਣਾ’, ‘ਏਕ ਥੀ ਡਾਇਣ’, ‘ਬਦਲਾਪੁਰ’, ‘ਡੇਢ ਇਸ਼ਕੀਆ’, ‘ਜੌਲੀ ਐੱਲ ਐੱਲ ਬੀ 2’ ਵਰਗੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਤੇ ਕਾਫੀ ਪ੍ਰਸ਼ੰਸਾ ਖੱਟੀ। ਵੱਡੇ ਪਰਦੇ ਤੋਂ ਇਲਾਵਾ ਉਨ੍ਹਾਂ ਨੇ ਡਿਜੀਟਲ ਰਾਹੀਂ ਹੱਥ ਅਜ਼ਮਾਉਣਾ ਸ਼ਰੂ ਕਰ ਦਿੱਤਾ ਹੈ ਅਤੇ ਇਸੇ ਸਾਲ ਉਹ ਵੈੱਬ ਸੀਰੀਅਜ਼ ‘ਲੀਲਾ; 'ਚ ਨਜ਼ਰ ਆਈ ਹੈ। ਇਸ ਤੋਂ ਇਲਾਵਾ ਉਹ ਹਾਲੀਵੁੱਡ ਫਿਲਮਾਂ ਵਿੱਚ ਵੀ ਦਸਤਕ ਦੇ ਚੁੱਕੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਅੱਜ ਕੱਲ੍ਹ ਤਾਂ ਤੁਸੀਂ ਹਾਲੀਵੁੱਡ ਵੀ ਪਹੁੰਚ ਗਏ ਹੋ। ਆਪਣੀ ਹਾਲੀਵੁੱਡ ਫਿਲਮ ਬਾਰੇ ਦੱਸੋ?
- ਅਮਰੀਕਨ ਫਿਲਮ ਨਿਰਮਾਤਾ ਜੈਕ ਸਨਾਇਡਰ ਦੀ ਫਿਲਮ ‘ਆਰਮੀ ਆਫ ਦਿ ਡੈੱਡ’ ਕਰ ਰਹੀ ਹਾਂ। ਇਸ ਸਾਲ ਜੁਲਾਈ ਤੋਂ ਮੈਂ ਇਸ ਦੀ ਸ਼ੂਟਿੰਗ ਲਈ ਲਾਸ ਏਂਜਲਸ ਵਿੱਚ ਸੀ। ਲਗਭਗ ਚਾਰ ਮਹੀਨੇ ਬਾਅਦ ਮੈਂ ਦੀਵਾਲੀ ਤੋਂ ਪਹਿਲਾਂ ਹੀ ਮੁੰਬਈ ਪਰਤੀ। ਮੈਂ ਖੁਸ਼ ਹਾਂ ਕਿ ਇਸ ਫਿਲਮ ਲਈ ਮੈਨੂੰ ਚੁਣਿਆ ਗਿਆ ਹੈ। ਇਸ ਵਿੱਚ ਕੰਮ ਕਰਨ ਲਈ ਮੈਂ ਕਾਫੀ ਉਤਸ਼ਾਹਤ ਹਾਂ। ਇਸ ਫਿਲਮ ਵਿੱਚ ਮੈਂ ਇੱਕ ਮਹੱਤਵ ਪੂਰਨ ਕਿਰਦਾਰ 'ਚ ਨਜ਼ਰ ਆਉਣ ਵਾਲੀ ਹਾਂ ਅਤੇ ਸ਼ਾਇਦ ਇਸ ਤਰ੍ਹਾਂ ਦੀ ਭੂਮਿਕਾ ਮੈਂ ਇਸ ਤੋਂ ਪਹਿਲਾਂ ਪਰਦੇ 'ਤੇ ਨਹੀਂ ਨਿਭਾਈ ਹੈ।
* ਸੁਣਿਆ ਹੈ ਕਿ ਤੁਸੀਂ ਹਾਲੀਵੁੱਡ 'ਚ ਵੀ ਬਾਲੀਵੁੱਡ ਦਾ ਪ੍ਰਚਾਰ ਕੀਤਾ ਹੈ?
- ਜੀਂ ਹਾਂ, ਇਹ ਸੱਚ ਹੈ ਕਿ ਘਰੋਂ ਦੂਰ ਰਹਿ ਕੇ ਮੈਂ ਹਾਲੀਵੁੱਡ ਵਿੱਚ ਵੀ ਬਾਲੀਵੁੱਡ ਦਾ ਪ੍ਰਚਾਰ ਕੀਤਾ। ਰੋਜ਼ ਸਵੇਰੇ ਜਦੋਂ ਸ਼ੂਟਿੰਗ ਲਈ ਮੇਰਾ ਮੇਕਅਪ ਹੋ ਰਿਹਾ ਹੁੰਦਾ ਤਾਂ ਮੈਂ ਨਵੇਂ ਹਿੰਦੀ ਫਿਲਮਾਂ ਦੇ ਗੀਤ ਲਾ ਲੈਂਦੀ ਤੇ ਮੇਰੇ ਨਾਲ ਕੰਮ ਕਰ ਰਹੀ ਵਿਦੇਸ਼ੀ ਟੀਮ ਨੂੰ ਦੱਸਦੀ ਕਿ ਭਾਰਤ 'ਚ ਕੀ ਟ੍ਰੈਂਡ ਚੱਲ ਰਿਹਾ ਹੈ। ਸ਼ੂਟਿੰਗ ਖਤਮ ਹੋਣ ਤੱਕ ਉਨ੍ਹਾਂ ਸਾਰਿਆਂ ਨੂੰ ਸਾਡੇ ਦੇਸੀ ਗੀਤਾਂ ਦੀ ਆਦਤ ਪੈ ਚੁੱਕੀ ਸੀ। ਜਦੋਂ ਮੈਨੂੰ ਉਥੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਤਾਂ ਮੈਂ ਆਪਣੇ ਦੇਸ਼ ਦੀ ਅਗਵਾਈ ਅਤੇ ਇਸ ਦਾ ਪ੍ਰਚਾਰ ਆਪਣੇ ਹੀ ਢੰਗ ਨਾਲ ਕਰਨਾ ਚਾਹੰੁਦੀ ਹਾਂ।
* ...ਤਾਂ ਤੁਸੀਂ ਬਾਲੀਵੁੱਡ ਤੋਂ ਕਿਨਾਰਾ ਕਰ ਰਹੇ ਹੋ?
- ਨਹੀਂ। ਇੱਕ ਰੋਮਾਂਟਿਕ ਕਾਮੇਡੀ ਫਿਲਮ ਲਈ ਗੱਲ ਚੱਲ ਰਹੀ ਹੈ। ਕਿਤੇ ਵੀ ਰਹਾਂ, ਮੈਂ ਭਾਰਤ ਨਾਲ ਜੁੜੀ ਰਹਾਂਗੀ।
* ਹਾਲੀਵੁੱਡ 'ਚ ਆਪਣੇ ਲਈ ਅੱਗੇ ਕੀ ਸੰਭਾਵਨਾਵਾਂ ਦੇਖ ਰਹੇ ਹੋ?
- ਮੈਂ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਮਿਹਨਤ ਕੀਤੀ ਹੈ। ਜਦੋਂ ਮੈਨੂੰ ਉਥੇ ਐਂਟਰੀ ਮਿਲ ਗਈ ਤਾਂ ਪਿੱਛੇ ਹਟਣ ਦਾ ਸਵਾਲ ਨਹੀਂ ਪੈਦਾ ਹੋਵੇਗਾ। ਉਥੇ ਕਾਫੀ ਦਿਲਚਸਪ ਕੰਮ ਹੋ ਰਿਹਾ ਹੈ ਅਤੇ ਇੱਕ ਅਭਿਨੇਤਰੀ ਦੇ ਰੂਪ ਵਿੱਚ ਕਿਸੇ ਇੱਕ ਭਾਸ਼ਾ ਦੇ ਬੰਧਨ 'ਚੋਂ ਮੁਕਤੀ ਮਿਲਣਾ ਬਹੁਤ ਆਜ਼ਾਦੀ ਦਾ ਅਹਿਸਾਸ ਦਿੰਦਾ ਹੈ।
* ਤੁਹਾਡੇ ਪਿਤਾ ਵੱਲੋਂ ਸ਼ੁਰੂ ਕੀਤੇ ਰੈਸਟੋਰੈਂਟ ਕਿਵੇਂ ਚੱਲ ਰਹੇ ਹਨ?
- ਜਲਦੀ ਹੀ ਮੈਂ ਦਿੱਲੀ ਵਿੱਚ ਸਾਡੇ ਸਭ ਤੋਂ ਪੁਰਾਣੇ ਰੈਸਟੋਰੈਂਟ ਦਾ ਕੰਮਕਾਜ ਦੇਖਣ ਜਾਣ ਵਾਲੀ ਹਾਂ। ਪਿਛਲੇ ਸਾਲ ਦਿੱਲੀ ਵਿੱਚ ਸ਼ੂਟਿੰਗ ਦੌਰਾਨ ਮੈਂ ਇਸ ਦਾ ਰੈਨੋਵੇਸ਼ਨ ਕਰ ਕੇ ਇਸ ਨੂੰ ਨਵੇਂ ਸਿਰੇ ਤੋਂ ਖੋਲ੍ਹਿਆ ਸੀ। ਸਾਡੇ ਲਈ ਇਹ ਬਿਜ਼ਨਸ ਨਹੀਂ ਹੈ, ਇਹ ਸਾਡੇ ਪਰਵਾਰ ਦੀ ਵਿਰਾਸਤ ਹੈ ਜਿਸ ਦਾ ਮੈਂ ਤੇ ਮੇਰਾ ਭਰਾ ਸਾਕਿਬ ਦੋਵੇਂ ਹੀ ਹਿੱਸਾ ਬਣੇ ਰਹਿਣਾ ਚਾਹੁੰਦੇ ਹਾਂ। ਮੈਂ ਪਹਿਲਾਂ ਵੀ ਕਿਹਾ ਹੈ ਕਿ ਅਭਿਨੇਤਰੀ ਨਾ ਬਣਦੀ ਤਾਂ ਰੈਸਟੋਰੈਂਟ ਬਿਜ਼ਨਸ ਵਿੱਚ ਹੁੰਦੀ। ਅਸੀਂ ਮੁੰਬਈ ਦੀ ਇੱਕ ਟਿਫਨ ਸਰਵਿਸ ਸ਼ੁਰੂ ਕੀਤੀ ਹੈ ਅਤੇ ਅਗਲੇ ਸਾਲ ਤੱਕ ਇਥੇ ਵੀ ਇੱਕ ਰੈਸਟੋਰੈਂਟ ਖੋਲ੍ਹ ਦਿਆਂਗੇ। ਅਸਲ ਵਿੱਚ ਅਸੀਂ ਆਪਣੇ ਰੈਸਟੋਰੈਂਟ ਦੇਸ਼ ਭਰ ਵਿੱਚ ਖੋਲ੍ਹਣਾ ਚਾਹੁੰਦੇ ਹਾਂ। ਦੇਖੋ ਕੀ ਹੁੰਦਾ ਹੈ।
* ਕੀ ਤੁਸੀਂ ਮੰਨਦੇ ਹੋ ਕਿ ਅੱਜਕੱਲ੍ਹ ਦਮਦਾਰ ਔਰਤ ਕਿਰਦਾਰ ਵੀ ਲਿਖੇ ਜਾ ਰਹੇ ਹਨ?
- ਏਦਾਂ ਕਹਿਣ ਦੇ ਬਦਲੇ ਮੈਂ ਇਹ ਗੱਲ ਕਹਾਂਗੀ ਕਿ ਮਹਿਲਾ ਕਿਰਦਾਰ ਅੱਜਕੱਲ੍ਹ ਮਰਦਾਂ ਦੇ ਮੁਥਾਜ ਨਹੀਂ ਰਹਿ ਗਏ। ਦਰਅਸਲ ਮੈਨੂੰ ਨਹੀਂ ਪਤਾ ਕਿ ਕਦੋਂ ਤੱਕ ਇਹ ਸਵਾਲ ਪੁੱਛਿਆ ਜਾਵੇਗਾ, ਪਰ ਮੇਰੇ ਲਈ ਇਹ ਬਿਲਕੁਲ ਸਹੀ ਸੀ। ਮੈਨੂੰ ਲੱਗਦਾ ਹੈ ਕਿ ਬਹੁਤ ਹੋ ਗਿਆ, ਕਦੋਂ ਤੱਕ ਚਮਕਦਾ ਹੋਇਆ ਕਵਚ ਪਹਿਨ ਕੇ ਇੱਕ ਯੋਧਾ ਸਾਨੂੰ ਬਚਾਉਣ ਲਈ ਆਉਂਦਾ ਰਹੇਗਾ? ਕਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਹੀਰੋ ਬਣੋਗੇ?

Have something to say? Post your comment