Welcome to Canadian Punjabi Post
Follow us on

11

August 2020
ਸੰਪਾਦਕੀ

ਪੀਲ ਰੀਜਨ ਵਿੱਚ ਗਰੀਬੀ ਅਤੇ ਯੂਥ ਬੇਰੁਜ਼ਗਾਰੀ ਦਾ ਮੰਦਾ ਹਾਲ

November 27, 2019 08:19 AM

ਪੰਜਾਬੀ ਪੋਸਟ ਸੰਪਾਦਕੀ

ਕਿਹਾ ਜਾਂਦਾ ਹੈ ਕਿ ਜੇ ਕਿਸੇ ਕਮਿਉਨਿਟੀ ਦੇ ਭੱਵਿਖ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਵੇਖਣਾ ਚਾਹੀਦਾ ਹੈ ਕਿ ਉਸ ਕਮਿਉਨਿਟੀ ਦਾ ਯੂਥ ਭਾਵ ਨੌਜਵਾਨੀ ਦੀ ਮੌਜੂਦਾ ਸਥਿਤੀ ਕਿਹੋ ਜਿਹੀ ਹੈ। ਇਸ ਪਰੀਪੇਖ ਤੋਂ ਵੇਖਿਆਂ ਜੋ ਅੰਕੜੇ ਪੀਲ ਰੀਜਨ ਬਾਰੇ ਤਿਆਰ ਕੀਤੀ ਗਈ ਰਿਪੋਰਟ ਤੋਂ ਮਿਲਦੇ ਹਨ, ਉਹ ਇਸ ਖਿੱਤੇ ਵਿੱਚ ਪੈਦਾ ਹੋ ਚੁੱਕੀ ਸੰਕਟਮਈ ਸਥਿਤੀ ਦਾ ਨੰਗਾ ਚਿੱਟਾ ਸਬੂਤ ਹਨ। ਰੀਜਨ ਆਫ਼ ਪੀਲ ਅਤੇ ਯੂਨਾਈਟਡ ਵੇਅ ਆਫ ਗਰੇਟਰ ਟੋਰਾਂਟੋ ਦੀ ਸਰਪ੍ਰਸਤੀ ਵਿੱਚ Peel Poverty Reduction Committee ਵੱਲੋਂ ਤਿਆਰ ਕੀਤੀ ਗਈ ‘2018 ਤੋਂ 2018 ਤੱਕ ਲਈ ਪੀਲ ਰੀਜਨ ਵਿੱਚ ਗਰੀਬੀ ਘੱਟ ਕਰਨ ਦੀ ਰਣਨੀਤੀ: ਕਮਿਉਨਿਟੀ ਐਕਸ਼ਨ ਪਲਾਨ’ ਦੇ ਸਿਰਲੇਖ ਵਿੱਚ ਕਿਹਾ ਗਿਆ ਹੈ ਕਿ ਪੀਲ ਵਿੱਚੋਂ ਗਰੀਬੀ ਭਜਾਉਣ ਵਾਸਤੇ ਸਾਨੂੰ ਕਮਿਉਨਿਟੀ ਵਜੋਂ ਇੱਕ ਜੁੱਟ ਹੋ ਕੇ ਕੰਮ ਕਰਨਾ ਲਾਜ਼ਮੀ ਹੈ। ਰਿਪੋਰਟ ਮੁਤਾਬਕ ਇੱਥੇ ਪਾਈ ਜਾਂਦੀ ਗਰੀਬੀ ਅਤੇ ਬੇ-ਬਰਾਬਰੀ ਸਮੂਹ ਕਮਿਉਨਿਟੀ ਦਾ ਨੁਕਸਾਨ ਕਰ ਰਹੀ ਹੈ।

ਇਸਤੋਂ ਪਹਿਲਾਂ ਕਿ ਅਸੀਂ ਰਿਪੋਰਟ ਵਿੱਚ ਮਿਲਦੇ ਅੰਕੜਿਆਂ ਬਾਰੇ ਗੱਲ ਕਰੀਏ, ਇਹ ਵੇਖਣਾ ਮਹੱਤਵਪੂਰਣ ਹੈ ਕਿ ਗਰੀਬੀ ਤੋਂ ਕੀ ਅਰਥ ਲਿਆ ਜਾਂਦਾ ਹੈ। ਗਰੀਬੀ ਤੋਂ ਭਾਵ ਮਹਿਜ਼ ਆਮਦਨ ਘੱਟ ਹੋਣਾ ਨਹੀਂ ਸਗੋਂ ਇਸ ਨੂੰ ਬਿਆਨਣ ਵਿੱਚ ਆਮਦਨ ਦਾ ਯਕੀਨੀ ਬਣਨਾ (Income security,) ਆਰਥਕ ਅਵਸਰ (Economic opportunity) ਅਤੇ ਸਲਾਮਤੀ/ਸਮਾਜਕ ਸ਼ਮੂਲੀਅਤ (Well-being and Social Inclusion) ਤਿੰਨ ਅਹਿਮ ਨੁਕਤੇ ਹਨ।

ਕੈਨੇਡਾ ਦੇ ਅੰਕੜਾ ਵਿਭਾਗ ਮੁਤਾਬਕ 14 ਲੱਖ ਵਸੋਂ ਵਾਲੇ ਪੀਲ ਰੀਜਨ ਵਿੱਚ ਪੌਣੇ ਦੋ ਲੱਖ ਲੋਕ ਗਰੀਬੀ ਹੰਢਾ ਰਹੇ ਹਨ। ਇੱਥੇ ਵੱਸਦੇ 18% ਬੱਚੇ ਗਰੀਬੀ ਦੇ ਹਾਲਾਤਾਂ ਵਿੱਚ ਬਚਪਨ ਗੁਜ਼ਾਰ ਰਹੇ ਹਨ ਅਤੇ ਪੀਲ ਰੀਜਨ ਦੇ 52% ਹਿੱਸੇ ਉਹ ਹਨ ਜਿਹਨਾਂ ਨੂੰ ਘੱਟ ਆਮਦਨ ਵਾਲੇ ਮੰਨਿਆ ਜਾਂਦਾ ਹੈ ਅਤੇ 1980 ਵਿੱਚ ਇਹ ਦਰ ਸਿਰਫ਼ 2% ਸੀ। ਜੇ ਉਂਟੇਰੀਓ ਵਿੱਚ ਯੂਥ ਬੇਰੁਜ਼ਗਾਰੀ ਦੀ ਦਰ 12.2% ਪਾਈ ਜਾਂਦੀ ਹੈ ਤਾਂ ਪੀਲ ਰੀਜਨ ਵਿੱਚ ਇਹ ਦਰ 19.7% ਹੈ। ਜੇ ਨਵੇਂ ਪਰਵਾਸੀਆਂ, ਰੰਗਦਾਰ ਨਸਲ ਨਾਲ ਸਬੰਧਿਤ ਯੂਥ (ਸਾਊਥ ਏਸ਼ੀਅਨ, ਬਲੈਕ, ਚੀਨੀ ਆਦਿ) ਵਿੱਚ ਬੇਰੁਜ਼ਗਾਰੀ ਦਾ ਅੰਦਾਜ਼ਾ ਲਾਇਆ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਦਰ 30% ਦੇ ਕਰੀਬ ਹੋਵੇਗੀ। ਵਰਨਣਯੋਗ ਹੈ ਕਿ ਪੀਲ ਰੀਜਨ ਵਿੱਚ ਰੁਜ਼ਗਾਰਸ਼ੁਦਾ ਲੋਕਾਂ ਵਿੱਚੋਂ 48% ਉਹ ਹਨ ਜਿਹੜੇ ਪਾਰਟ-ਟਾਈਮ ਨੌਕਰੀਆਂ ਕਰਦੇ ਹਨ। ਗਰੀਬੀ ਹੰਢਾ ਰਹੇ ਜਿਹਨਾਂ ਲੋਕਾਂ ਕੋਲ ਮਕਾਨ ਹਨ, ਉਹਨਾਂ ਵਿੱਚੋਂ 70% ਦੀ ਸਥਿਤੀ ਅਜਿਹੀ ਹੈ ਕਿ ਉਹ ਮਕਾਨ ਨੂੰ ਬਰਕਰਾਰ ਰੱਖਣ ਤੋਂ ਅਸਮਰੱਥ ਹੋਣ ਦੇ ਕੰਢੇ ਪੁੱਜੇ ਹੋਏ ਹਨ।

ਵੱਖ 2 ਰਿਪੋਰਟਾਂ ਦਾ ਮੁਤਾਲਿਆ ਕਰਨ ਤੋਂ ਬਾਅਦ ਇੱਕ ਗੱਲ ਸਪੱਸ਼ਟ ਹੈ ਕਿ ਯੂਥ ਬੇਰੁਜ਼ਗਾਰੀ ਦਾ ਇੱਕਲਾ ਮੁੱਦਾ ਹੀ ਸਾਡੀ ਸਮੁੱਚੀ ਆਰਥਕਤਾ ਨੂੰ ਢੇਰੀ ਕਰਨ ਲਈ ਕਾਫੀ ਹੋਵੇਗਾ। ਜੇ ਯੂਥ ਕੋਲ ਚੰਗੀਆਂ ਜੌਬਾਂ ਨਾ ਹੋਣ ਤਾਂ ਉਹਨਾਂ ਕੋਲ ਮਕਾਨ ਖਰੀਦਣ ਦੀ ਸਮਰੱਥਾ ਨਹੀਂ ਬਣਦੀ ਜਿਸ ਕਰਕੇ ਉਹਨਾਂ ਨੂੰ ਮਜਬੂਰਨ ਕਿਰਾਏ ਉੱਤੇ ਰਹਿਣਾ ਪੈਂਦਾ ਹੈ। ਸਹੀ ਰੁਜ਼ਗਾਰ ਨਾ ਹੋਣਾ ਅਤੇ ਕਿਰਾਏ ਉੱਤੇ ਰਹਿਣ ਦੀ ਮਜਬੂਰੀ ਇੱਕ ਅਜਿਹਾ ਨਾ ਟੁੱਟਣ ਵਾਲਾ ਚੱਕਰ ਹੈ ਕਿ ਯੂਥ ਲੰਬਾ ਸਮਾਂ ਗਰੀਬੀ ਦੀ ਸਥਿਤੀ ਵਿੱਚੋਂ ਬਾਹਰ ਨਹੀਂ ਨਿਕਲ ਸਦਕੇ। ੍ਰਾਇਰਸਨ ਯੂਨੀਵਰਸਟੀ ਦੇ ਸੈਂਟਰ ਫਾਰ ਅਰਬਨ ਰੀਸਰਚ ਅਤੇ ਲੈਂਡ ਡੀਵੈਲਪਮੈਂਟ ਵਿਭਾਗ ਵੱਲੋਂ ਉਂਟੇਰੀਓ ਰੀਅਲ ਐਸਟੇਟ ਐਸੋਸੀਏਸ਼ਨ ਨਾਲ ਮਿਲ ਕੇ ਤਿਆਰ ਕੀਤੀ ਰਿਪੋਰਟ Millennials in the Greater Toronto and Hamilton Area: A generation Stuck in Apartments ਅੱਖਾਂ ਖੋਲਣ ਦਾ ਕੰਮ ਕਰਦੀ ਹੈ। ਰਿਪੋਰਟ ਮੁਤਾਬਕ ਹੈਮਿਲਟਨ ਸਮੇਤ ਜੀ ਟੀ ਏ ਵਿੱਚ 10 ਲੱਖ 25 ਤੋਂ 29 ਸਾਲ ਉਮਰ ਦੇ ਨੌਜਵਾਨ ਹਨ ਜੋ ਸਹੀ ਆਮਦਨ ਨਾ ਹੋਣ ਕਰਕੇ ਆਪਣੇ ਮਾਪਿਆਂ ਨਾਲ ਰਹਿਣ ਲਈ ਮਜ਼ਬੂਰ ਹਨ। ਸਿੱਟੇ ਵਜੋਂ ਅਗਲੇ ਇੱਕ ਦਹਾਕੇ ਵਿੱਚ 7 ਲੱਖ ਦੇ ਕਰੀਬ ਨੌਜਵਾਨ ਲੜਕੇ ਲੜਕੀਆਂ ਹੋਣਗੇ ਜਿਹੜੇ ਮਕਾਨ ਲੈਣ ਦੀ ਕੋਸਿ਼ਸ਼ ਕਰ ਰਹੇ ਹੋਣਗੇ। ਇਸਦਾ ਅਰਥ ਹੈ ਕਿ ਇਹਨਾਂ ਨੌਜਵਾਨਾਂ ਨੂੰ ਅਗਲੇ ਦਹਾਕੇ ਵਿੱਚ ਘੱਟੋ ਘੱਟ 5 ਲੱਖ ਮਕਾਨਾਂ ਦੀ ਲੋੜ ਹੋਵੇਗੀ।

ਜੇ ਗੱਲ ਰਿਪੋਰਟਾਂ ਤਿਆਰ ਨਾਲ ਬਣਦੀ ਹੋਵੇ ਤਾਂ ਮਸਲਾ ਕਦੋਂ ਦਾ ਹੱਲ ਗਿਆ ਹੁੰਦਾ ਕਿਉਂਕਿ ਵੱਖੋ ਵੱਖਰੇ ਸ੍ਰੋਤਾਂ ਵੱਲੋਂ ਇੱਕ ਤੋਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਪੀਲ ਰੀਜਨ ਦੀ ਸਮੱਸਿਆ ਹੈ ਕਿ ਇੱਥੇ ਵੱਸਦੀਆਂ ਐਥਨਿਕ ਕਮਿਉਨਿਟੀਆਂ ਕੋਲ ਆਪਣੇ ਮੁੱਦੇ ਚੁੱਕਣ ਲਈ ਸਹੀ ਪਲੇਟਫਾਰਮ ਅਤੇ ਸਹੀ ਲੀਡਰਸਿ਼ੱਪ ਨਹੀਂ ਹੈ। ਮਿਸਾਲ ਵਜੋਂ ਇਹ ਮੰਨਿਆ ਹੋਇਆ ਤੱਥ ਹੈ ਕਿ ਪੀਲ ਵਿੱਚ ਸਾਊਥ ਏਸ਼ੀਅਨ ਅਤੇ ਬਲੈਕ ਕਮਿਉਨਿਟੀਆਂ ਸੱਭ ਤੋਂ ਘੱਟ ਆਮਦਨ ਦਾ ਸਿ਼ਕਾਰ ਹਨ ਪਰ ਇਹਨਾਂ ਕਮਿਉਨਿਟੀਆਂ ਨੂੰ ਧਿਆਨ ਵਿੱਚ ਰੱਖ ਕੇ ਕੋਈ ਵਿਸ਼ੇਸ਼ ਪ੍ਰੋਗਰਾਮ ਲਾਗੂ ਕਰਨ ਵਾਲੀ ਹਿੱਲਜੁਲ ਹੁੰਦੀ ਵਿਖਾਈ ਨਹੀਂ ਦੇਂਦੀ। ਇਸਦਾ ਜਵਾਬ ਰੀਜਨ ਆਫ ਪੀਲ ਦੇ ਸੀਨੀਅਰ ਅਧਿਕਾਰੀਆਂ ਤੋਂ ਲੈ ਕੇ ਪ੍ਰੋਵਿੰਸ਼ੀਅਲ ਅਤੇ ਫੈਡਰਲ ਨੇਤਾਵਾਂ ਕੋਲ ਲੱਭਿਆਂ ਵੀ ਨਹੀਂ ਮਿਲਦਾ ਸਿਵਾਏ ਰਿਪੋਰਟਾਂ ਤੋਂ।

 

Have something to say? Post your comment