Welcome to Canadian Punjabi Post
Follow us on

05

July 2020
ਸੰਪਾਦਕੀ

ਵੱਖਵਾਦ ਅਤੇ ਡਾਲਰਾਂ ਦਾ ਲੜਾਈ ਵਿੱਚ ਅਲਬਰਟਾ ਅਤੇ ਕਿਉਬਿੱਕ ਦਾ ਅਨੋਖਾ ਰਿਸ਼ਤਾ

November 19, 2019 09:03 AM

ਪੰਜਾਬੀ ਪੋਸਟ ਸੰਪਾਦਕੀ

ਜੇਸਨ ਕੈਨੀ ਨੂੰ ਅੱਜ ਕੱਲ ਗੁੱਸਾ ਆਇਆ ਹੋਇਆ ਹੈ। ਇਸ ਗੁੱਸੇ ਦਾ ਕਾਰਣ ਕਈ ਪਾਸਿਆਂ ਤੋਂ ਘੋਖਿਆ ਜਾ ਸਕਦਾ ਹੈ ਪਰ ਵੱਡੇ ਕਾਰਣਾਂ ਵਿੱਚ ਕੰਜ਼ਰਵੇਟਿਵਾਂ ਦੇ ਹਾਰ ਜਾਣ ਤੋਂ ਬਾਅਦ ਅਲਬਰਟਾ ਲਈ ਓਟਾਵਾ ਤੋਂ ਡਾਲਰ ਲੈਣ ਦੀ ਮੰਗ ਅਤੇ ਪੱਛਮੀ ਪ੍ਰੋਵਿੰਸਾਂ ਵਿੱਚ ਉੱਠੀ ਵੱਖਵਾਦ ਦੀ ਸੁਰ ਹਨ। ਉਸਦੇ ਗੁੱਸੇ ਦੇ ਦੌਰ ਵਿੱਚ ਕਿਉਬਿੱਕ ਤੋਂ ਬਲਾਕ ਕਿਉਬਕੋਆ ਦੇ ਲੀਡਰ ਵੈਸ ਫਰੈਂਕੋਇ ਬਲੈਂਸ਼ਏ (Yves-François Blanchet) ਨਾਲ ਵੀ ਸਿੰਗ ਫਸ ਗਏ ਹਨ।

ਜੇਸਨ ਕੈਨੀ ਦਾ ਆਖਣਾ ਹੈ ਕਿ 1960 ਤੋਂ ਲੈ ਕੇ ਹੁਣ ਤੱਕ ਅਲਬਰਟਾ ਦੁਆਰਾ ਪ੍ਰੋਵਿੰਸਾਂ ਦਰਮਿਆਨ ਬਰਾਬਰੀ ਪੈਦਾ ਕਰਨ ਵਾਲੇ (Equilization payments) ਫਾਰਮੁਲੇ ਤਹਿਤ ਫੈਡਰਲ ਸਰਕਾਰ ਕੋਲ 600 ਬਿਲੀਅਨ ਡਾਲਰ ਜਮ੍ਹਾਂ ਕਰ ਚੁੱਕਾ ਹੈ। ਹੁਣ ਜਦੋਂ ਅਲਬਰਟਾ ਦੀ ਆਰਥਕਤਾ ਵਿੱਚ ਤੇਲ ਸੈਕਟਰ ਦੇ ਮੰਦਵਾੜੇ ਕਾਰਣ ਗਿਰਾਵਟ ਆ ਚੁੱਕੀ ਹੈ ਤਾਂ ਜੇਸਨ ਕੈਨੀ ਵੱਲੋਂ ਫੈਡਰਲ ਸਰਕਾਰ ਕੋਲੋਂ ਅਲਬਰਟਾ ਲਈ 1.7 ਬਿਲੀਅਨ ਡਾਲਰ ਦੀ ਸਹਾਇਤਾ ਮੰਗ ਕੀਤੀ ਜਾ ਰਹੀ ਹੈ। ਇਸ ਵਿੱਚ ਕਿਉਬਿੱਕ ਦਾ ਪੰਗਾ ਇਸ ਲਈ ਪੈ ਗਿਆ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲਬਾਤ ਕਰਨ ਤੋਂ ਬਲਾਕ ਕਿਉਬਕੋਆ ਦੇ ਲੀਡਰ ਨੇ ਆਖ ਦਿੱਤਾ ਕਿ ਜੇ ਅਲਬਰਟਾ ਵਿੱਚ ਹੋਰ ਤੇਲ ਪਾਈਪ ਲਾਈਨਾਂ ਪੁੱਟਣ ਦੀ ਗੱਲ ਚੱਲੇਗੀ ਤਾਂ ਅਸੀਂ ਡੱਟ ਕੇ ਵਿਰੋਧ ਕਰਾਂਗੇ। ਤੇਲ ਦੀ ਖੁਦਾਈ ਅਲਬਰਟਾ ਲਈ ਅਹਿਮ ਹੈ ਜਦੋਂ ਕਿ ਲਿਬਰਲ ਪਾਰਟੀ ਦਾ ਇਸ ਵਾਰ ਨਾਅਰਾ ‘ਵਾਤਾਵਰਣ ਦੀ ਰਖਵਾਲੀ’ ਰਿਹਾ। ਚੋਣਾਂ ਤੋਂ ਬਾਅਦ ਪੱਛਮੀ ਪ੍ਰੋਵਿੰਸਾਂ ਖਾਸ ਕਰਕੇ ਅਲਬਰਟਾ ਵਿੱਚ ਕੈਨੇਡਾ ਤੋਂ ਅੱਡ ਹੋਣ ਜਾਂ ਵੱਧ ਅਧਿਕਾਰ ਦਿੱਤੇ ਜਾਣ ਦਾ ਮਾਹੌਲ ਪੈਦਾ ਹੋ ਚੁੱਕਾ ਹੈ।

ਬਲਾਕ ਕਿਉਬਕੋਆ ਦੇ ਲੀਡਰ ਦਾ ਪ੍ਰਧਾਨ ਮੰਤਰੀ ਨਾਲ ਸੁਰ ਮਿਲਾ ਕੇ ਦਿੱਤਾ ਬਿਆਨ ਜੇਸਨ ਕੈਨੀ ਲਈ ਅਸਹਿਣਯੋਗ ਸੀ। ਜਵਾਬ ਵਿੱਚ ਉਸ ਵੱਲੋਂ ਕਿਹਾ ਗਿਆ ਕਿ ਕਿਉਬਿੱਕ ਨੇ ਬੀਤੇ ਦਿਨੀਂ ਚਾਰ ਬਿਲੀਅਨ ਡਾਲਰ ਸਰਪੱਲਸ ਵਾਲਾ ਬੱਜਟ ਪੇਸ਼ ਕੀਤਾ ਹੈ। ਕੈਨੀ ਮੁਤਾਬਕ ਇਹ ਇਸ ਲਈ ਸੰਭਵ ਹੋਇਆ ਕਿਉਂਕਿ ਕਿਉਬਿੱਕ ਨੂੰ ਫੈਡਰਲ ਸਰਕਾਰ ਤੋਂ 13 ਬਿਲੀਅਨ ਡਾਲਰ ਮਿਲੇ ਹਨ ਜਦੋਂ ਕਿ ਅਲਬਰਟਾ ਫੈਡਰਲ ਨੂੰ Equilization payments ਅਦਾ ਕਰਦਾ ਖੁਦ ਕੰਗਾਲ ਹੋ ਚੁੱਕਾ ਹੈ। ਕੈਨੀ ਦਾ ਆਖਣਾ ਹੈ ਕਿ ਜੇ ਕਿਉਬਿੱਕ ਨੂੰ ਅਲਬਰਟਾ ਵਿੱਚ ਤੇਲ ਕਾਰਣ ਪੈਦਾ ਹੋਣ ਵਾਲੇ ਡਾਲਰ ਗੰਧਲੇ ਵਿਖਾਈ ਦੇਂਦੇ ਹਨ ਤਾਂ ਕਿਉਬਿੱਕ ਵੱਲੋਂ ਅਲਬਰਟਾ ਦੁਆਰਾ ਭੇਜੇ ਡਾਲਰ Equilization payments ਤਹਿਤ ਕਬੂਲ ਕਿਉਂ ਕੀਤੇ ਜਾਂਦੇ ਹਨ?

ਇੱਥੇ ਇਹ ਸਪੱਸ਼ਟ ਕੀਤਾ ਜਾਣਾ ਬਣਦਾ ਹੈ ਕਿ Equilization payments ਉਹ ਸਿਸਟਮ ਹੈ ਜਿਸ ਵਿੱਚ ਜਿਹੜੇ ਪ੍ਰੋਵਿੰਸਾਂ ਦੀ ਆਰਥਕਤਾ ਮਜ਼ਬੂਤ ਹੁੰਦੀ ਹੈ (haves) ਉਹ ਪੈਸੇ ਫੈਡਰਲ ਸਰਕਾਰ ਕੋਲ ਪੈਸੇ ਜਮ੍ਹਾ ਕਰਦੇ ਹਨ। ਕਮਜ਼ੋਰ ਆਰਥਕਤਾ ਵਾਲੇ (have nots) ਪ੍ਰੋਵਿੰਸਾਂ ਨੂੰ ਡੰਗ ਪੂਰਾ ਕਰਨ ਲਈ ਫੈਡਰਲ ਸਰਕਾਰ ਵੱਲੋਂ ਡਾਲਰ ਦਿੱਤੇ ਜਾਂਦੇ ਹਨ। ਇਹ ਸਿਸਟਮ ਕਨਫੈਡਰੇਸ਼ਨ ਬਣਨ ਦੇ ਦਿਨਾਂ ਤੋਂ ਹੀ ਚਲਿਆ ਆ ਰਿਹਾ ਹੈ ਪਰ 1957 ਤੋਂ ਇੱਕ ਵਿਧੀਵਤ ਸਿਸਟਮ ਲਾਗੂ ਕੀਤਾ ਗਿਆ। ਜੇ ਵਰਤਮਾਨ ਦੀ ਗੱਲ ਕੀਤੀ ਜਾਵੇ ਤਾਂ ਫੈਡਰਲ ਵਿੱਤ ਵਿਭਾਗ ਦੇ ਅੰਕੜਿਆਂ ਮੁਤਾਬਕ ਸਾਲ 2019-20 ਲਈ ਕਿਉਬਿੱਕ ਨੂੰ 13.1 ਬਿਲੀਅਨ ਡਾਲਰ ਮਿਲੇ ਜਦੋਂ ਕਿ ਮੈਨੀਟੋਬਾ, ਨਿਊ ਬਰੱਨਸਵਿੱਕ ਅਤੇ ਨੋਵਾ ਸਕੋਸ਼ੀਆ ਨੂੰ 2-2 ਬਿਲੀਅਨ ਅਤੇ ਪਿੰਸ ਐਡਵਾਰਡ ਆਈਲੈਂਡ ਨੂੰ 419 ਮਿਲੀਅਨ ਡਾਲਰ ਪ੍ਰਾਪਤ ਹੋਏ। 2019-20 ਦੀ ਲਿਸਟ ਮੁਤਾਬਕ ਉਂਟੇਰੀਓ, ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਅਤੇ ਸੈਸਕੈਚਵਨ haves ਪ੍ਰੋਵਿੰਸ ਹਨ।

ਬਦਲਵੇਂ ਸਿਆਸੀ ਸਮੀਕਰਣਾਂ ਦੇ ਚੱਲਦੇ ਇੱਕ ਦੋ ਚੀਜਾਂ ਬਹੁਤ ਹੀ ਦਿਲਚਸਪ ਮੋੜ ਲੈ ਰਹੀਆਂ ਹਨ। ਕਿਉਬਿੱਕ ਦੀ ਬਲਾਕ ਕਿਉਬਕੋਆ ਇੱਕ ਵੱਖਵਾਦੀ ਪਾਰਟੀ ਹੋਣ ਦੇ ਬਾਵਜੂਦ ਉਸ ਵੱਲੋਂ ਅਲਬਰਟਾ ਵਿੱਚ ਉੱਠੀ ਵੱਖਵਦੀ ਸੁਰ ਦੇ ਵਿਰੁੱਧ ਆਵਾਜ਼ ਚੁੱਕ ਰਹੀ ਹੈ। ਦੂਜੇ ਪਾਸੇ ਜੈਸਨ ਕੈਨੀ ਸਮੁੱਚੇ ਕੈਨੇਡਾ ਦੇ ਉਹਨਾਂ ਗਿਣੇ ਚੁਣੇ ਸਿਆਸਤਦਾਨਾਂ ਵਿੱਚੋਂ ਇੱਕ ਹੈ ਜੋ ਫੈਡਰਲ ਪੱਧਰ ਉੱਤੇ ਕੈਨੇਡੀਅਨ ਸਿਆਸਤ ਦੇ ਹਰ ਪੈਂਤੜੇ ਨੂੰ ਚੰਗੀ ਤਰਾਂ ਸਮਝਦਾ ਹੈ। ਪਰ ਬਦਲੇ ਹੋਏ ਮਾਹੌਲ ਦੇ ਰੰਗ ਵੇਖੋ ਕਿ ਉਹ ਆਪਣੇ ਫੈਡਰਲ ਅਕਸ ਨੂੰ ਤਿਆਗ ਕੇ ਖੇਤਰੀ ਵੱਖਵਾਦ ਵੱਲ ਝੁਕਾਅ ਕਰਨ ਲੱਗ ਪਿਆ ਹੈ। ਕੀ ਜੇਸਨ ਕੈਨੀ ਇਹ ਮਨ ਬਣਾ ਚੁੱਕਾ ਹੈ ਕਿ ਉਹ ਭੱਵਿਖ ਵਿੱਚ ਕਦੇ ਫੈਡਰਲ ਸਿਆਸਤ ਵਿੱਚ ਨਹੀਂ ਆਵੇਗਾ? ਇਸੇ ਤਰੀਕੇ ਬਲਾਕ ਕਿਉਬਕੋਆ ਲਈ ਸੁਆਲ ਹੈ ਕਿ ਹੱਦ ਤੱਕ ਉਹ ਫੈਡਰਲ ਪੱਖੀ ਹਨ ਅਤੇ ਕਿੱਥੇ ਜਾ ਕੇ ਉਹ ਵੱਖਵਾਦੀ ਬਣਦੇ ਹਨ?

Have something to say? Post your comment