Welcome to Canadian Punjabi Post
Follow us on

04

July 2020
ਅੰਤਰਰਾਸ਼ਟਰੀ

ਨੇਪਾਲ ਨੇ ਵੀ ਭਾਰਤ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕੀਤੀਆਂ

November 19, 2019 08:59 AM

* ਇਕ ਇੰਚ ਜ਼ਮੀਨ ਉੱਤੇ ਵੀ ਭਾਰਤ ਨੂੰ ਛੋਟ ਨਾ ਦੇਣ ਦਾ ਬਿਆਨ


ਕਾਠਮੰਡੂ, 18 ਨਵੰਬਰ, (ਪੋਸਟ ਬਿਊਰੋ)- ਭਾਰਤ ਅਤੇ ਨੇਪਾਲ ਵਿਚਾਲੇ ਕਾਲਾਪਾਣੀ ਇਲਾਕੇ ਦੇ ਮੁੱਦੇ ਉੱਤੇ ਕੌੜ ਪੈਦਾ ਹੋਣ ਦੇ ਨਵੇਂ ਸੰਕੇਤ ਮਿਲੇ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੇਸ਼ ਭਗਤ ਸਰਕਾਰ ਹੈ, ਉਹ ਕਿਸੇ ਨੂੰ ਨੇਪਾਲ ਦੀ ਇਕ ਇੰਚ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਛੋਟਨਹੀਂ ਦੇਵੇਗੀ। ਓਲੀ ਨੇ ਕਿਹਾ ਕਿ ਉਹ ਭਾਰਤ ਨੂੰ ਕਹਿਣਗੇ ਕਿ ਉਹ ਕਾਲਾਪਾਣੀ ਤੋਂ ਆਪਣੇ ਫੋਰਸ ਹਟਾ ਲਵੇ।
ਰਾਜ ਕਰਦੀ ਨੇਪਾਲੀ ਕਮਿਊਨਿਸਟ ਪਾਰਟੀ ਦੇ ਸਹਿਯੋਗੀ ਰਾਸ਼ਟਰੀ ਯੁਵਾ ਸੰਗਠਨ ਦੇ ਪ੍ਰੋਗਰਾਮ ਵਿੱਚਬੋਲ ਰਹੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਕਿਹਾ ਕਿ ਭਾਰਤ ਸਰਕਾਰ ਕਹਿੰਦੀ ਹੈ ਕਿ ਉਸ ਦਾ ਨਕਸ਼ਾ ਸਹੀ ਅਤੇ ਪਹਿਲੀਆਂ ਸਥਿਤੀਆਂ ਉੱਤੇ ਆਧਾਰਤ ਹੈ, ਉਸ ਨੇ ਕਿਸੇ ਗੁਆਂਢੀ ਦੀ ਜ਼ਮੀਨ ਉੱਤੇ ਕਬਜ਼ਾ ਨਹੀਂ ਕੀਤਾ, ਪਰ 31 ਅਕਤੂਬਰ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਨਵੇਂ ਕੇਂਦਰੀ ਸ਼ਾਸਿਤ ਸੂਬੇ ਬਣਾਉਣ ਪਿੱਛੋਂ ਭਾਰਤ ਸਰਕਾਰ ਨੇ ਆਪਣੇ ਦੇਸ਼ ਦਾ ਜਿਹੜਾ ਨਵਾਂ ਨਕਸ਼ਾ ਜਾਰੀ ਕੀਤਾ ਹੈ, ਉਸ ਨਾਲ ਵਿਵਾਦ ਦੀ ਸਥਿਤੀ ਬਣੀ ਹੈ। ਇਸ ਨਵੇਂ ਨਕਸ਼ੇ ਵਿੱਚ ਪਾਕਿਸਤਾਨੀ ਕਬਜ਼ੇ ਹੇਠ ਆਏ ਹੋਏ ਕਸ਼ਮੀਰੀ ਇਲਾਕੇ ਨੂੰ ਨਵੇਂ ਬਣਾਏਗਏ ਕੇਂਦਰੀ ਸ਼ਾਸਿਤ ਰਾਜ ਜੰਮੂ-ਕਸ਼ਮੀਰ ਦਾ ਹਿੱਸਾ ਦੱਸਿਆ ਗਿਆ ਹੈ ਅਤੇ ਗਿਲਗਿਤ-ਬਾਲਟਿਸਤਾਨ ਨੂੰ ਲੱਦਾਖ ਦਾ ਹਿੱਸਾ ਦਸਿਆ ਗਿਆ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਕ ਨੇਪਾਲ ਸਰਕਾਰ ਨੇ ਛੇ ਨਵੰਬਰ ਨੂੰ ਕਾਲਾ ਪਾਣੀ ਨੂੰ ਭਾਰਤੀ ਨਕਸ਼ੇ ਵਿੱਚ ਸ਼ਾਮਲ ਕੀਤੇ ਜਾਣ ਉੱਤੇ ਇਤਰਾਜ਼ ਕੀਤਾ ਸੀ। ਪ੍ਰਧਾਨ ਮੰਤਰੀ ਓਲੀ ਨੇ ਕਿਹਾ ਸੀ ਕਿ ਨੇਪਾਲ ਸਰਕਾਰ ਕਾਲਾ ਪਾਣੀ ਤੋਂ ਭਾਰਤੀ ਸੁਰੱਖਿਆ ਫੋਰਸਾਂ ਨੂੰ ਹਟਾਉਣ ਲਈ ਜ਼ਰੂਰੀ ਕਦਮ ਚੁੱਕੇਗੀ, ਨੇਪਾਲ ਸਰਕਾਰ ਕਿਸੇ ਨੂੰ ਵੀ ਆਪਣੀ ਜਮੀਨ ਉੱਤੇ ਕਬਜ਼ਾ ਨਹੀਂ ਕਰਨ ਦੇਵੇਗੀ, ਇਸ ਲਈ ਭਾਰਤ ਸਰਕਾਰ ਨੂੰ ਆਪਣੀ ਸੁਰੱਖਿਆ ਫੋਰਸ ਕਾਲਾ ਪਾਣੀ ਤੋਂਹਟਾ ਲੈਣੀ ਚਾਹੀਦੀ ਹੈ। ਉਨ੍ਹਾ ਨੇ ਭਰੋਸਾ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਕਾਲਾ ਪਾਣੀ ਮਸਲੇ ਨੂੰ ਗੱਲਬਾਤ ਨਾਲ ਨਬੇੜ ਲਵੇਗੀ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨਦੇ ਸਮਰੱਥ ਹੈ ਤੇ ਆਪਣੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਵਿੱਚ ਨੇਪਾਲੀ ਸੁਰੱਖਿਆ ਫੋਰਸਾਂ ਵੀ ਸਮਰੱਥ ਹਨ। ਪ੍ਰਧਾਨ ਮੰਤਰੀ ਓਲੀ ਦਾ ਇਹ ਬਿਆਨ ਉਦੋਂ ਆਇਆ,ਜਦੋਂਓਥੋਂ ਦੀ ਮੁੱਖ ਵਿਰੋਧੀ ਧਿਰ ਨੇਪਾਲੀ ਕਾਂਗਰਸ ਦੀ ਵਿਦਿਆਰਥੀ ਸ਼ਾਖਾ ਨੇ ਕਾਠਮੰਡੂ ਵਿੱਚ ਪ੍ਰਦਰਸ਼ਨ ਕਰ ਕੇ ਕਾਲਾਪਾਣੀ ਤੋਂ ਭਾਰਤੀ ਫੋਰਸ ਦੀ ਵਾਪਸੀ ਦੀ ਮੰਗ ਉਠਾਈ ਸੀ। ਨੇਪਾਲ ਦੀਆਂ ਸਾਰੀਆਂ ਪ੍ਰਮੁਖ ਸਿਆਸੀ ਪਾਰਟੀਆਂ ਨੇ ਭਾਰਤ ਸਰਕਾਰਵੱਲੋਂ ਜਾਰੀ ਕੀਤੇ ਨਵੇਂ ਨਕਸ਼ੇ ਉੱਤੇ ਇਤਰਾਜ਼ ਕੀਤਾ ਹੈ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਨੇਪਾਲ ਸਰਕਾਰ ਇਸ ਬਾਰੇ ਸਪਸ਼ਟ ਹੈ ਕਿ ਕਾਲਾ ਪਾਣੀ ਦਾ ਇਲਾਕਾ ਉਸ ਦਾ ਆਪਣਾ ਹੈ।
ਉਂਜ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਓਲੀ ਨੇ ਇਸ ਮਸਲੇ ਉੱਤੇ ਪ੍ਰਮੁਖ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਸੱਦੀ ਸੀ, ਜਿਸ ਵਿੱਚ ਸਾਰਿਆਂ ਨੇ ਗੱਲਬਾਤ ਨਾਲ ਮਸਲਾ ਹੱਲ ਕਰਨ ਦੀ ਸਲਾਹ ਦਿੱਤੀ ਸੀ। ਕਾਲਾਪਾਣੀ ਇਲਾਕਾ ਉੱਤਰਾਖੰਡ ਦੇ ਧਾਰਚੂਲਾ ਇਲਾਕੇ ਨਾਲ ਲੱਗਦੀ ਨੇਪਾਲ ਦੀ ਸਰਹੱਦ ਨਾਲ ਜਾ ਲੱਗਦਾ ਹੈ। ਚੀਨ ਦੇ ਨੇੜੇ ਹੋਣ ਕਾਰਨ ਏਥੋਂ ਦਾ ਤਿਕੋਣਾ ਇਲਾਕਾ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਤੇ ਚੀਨ ਨਾਲ ਸਰਹੱਦੀ ਵਿਵਾਦ ਕਾਰਨ ਭਾਰਤੀ ਸੁਰੱਖਿਆ ਫੋਰਸਾਂ ਏਥੇ ਹਮੇਸ਼ਾ ਚੌਕਸ ਰਹਿੰਦੀਆਂਹਨ। ਪਿਛਲੇ ਮਹੀਨਿਆਂ ਵਿੱਚ ਨੇਪਾਲ ਅਤੇ ਚੀਨ ਦੇ ਸਬੰਧਾਂ ਵਿੱਚ ਵਧੀ ਜਾਂਦੀ ਮਜ਼ਬੂਤੀ ਇਸ ਇਲਾਕੇ ਦੀ ਸੰਵੇਦਨਸ਼ੀਲਤਾ ਨੂੰ ਹੋਰ ਵੀ ਵਧਾਉਣ ਲੱਗ ਪਈ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ