ਨਵੀਂ ਦਿੱਲੀ, 18 ਨਵੰਬਰ (ਪੋਸਟ ਬਿਊਰੋ)- ਖੁਰਾਕ ਸੁਰੱਖਿਆ ਨੂੰ ਸੁਰੱਖਿਅਤ ਕਰਨ ਵਾਲੇ ਕੀਟਨਾਸ਼ਕ ਸਾਡੀ ਸਿਹਤ ਲਈ ਗੰਭੀਰ ਖਤਰਾ ਬਣ ਗਏ ਹਨ। ਦੂਸਰੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਬਹੁਤ ਘੱਟ ਮਾਤਰਾ ਵਿੱਚ ਕੀਟਨਾਸ਼ਕਾਂ ਦਾ ਪ੍ਰਯੋਗ ਕਰਨ ਦੇ ਬਾਵਜੂਦ ਏਥੇ ਚੁਣੌਤੀਆਂ ਬਹੁਤ ਵਧ ਗਈਆਂ ਹਨ।
ਜਾਗਰੂਕਤਾ ਦੀ ਘਾਟ ਕਾਰਨ ਪਾਬੰਦੀ ਸ਼ੁਦਾ ਅਤੇ ਘਟੀਆ ਕੀਟਨਾਸ਼ਕਾਂ ਦੀ ਵਰਤੋਂ ਭਾਰਤ ਵਿੱਚ ਧੜੱਲੇ ਨਾਲ ਹੋ ਰਹੀ ਹੈ। ਇਸ ਦੇ ਉਤਪਾਦਨ, ਸਪਲਾਈ, ਵਿਕਰੀ ਅਤੇ ਪ੍ਰਯੋਗ ਲਈ ਬਣਾਏ ਨਿਯਮਾਂ ਦੀਆਂ ਹਦਾਇਤਾਂ ਜਾਰੀ ਨਾ ਹੋਣ ਕਾਰਨ ਮੁਸ਼ਕਲਾਂ ਬਹੁਤ ਵਧ ਗਈਆਂ ਹਨ। ਅਜਿਹੇ ਪਾਬੰਦੀ ਸ਼ੁੁਦਾ ਕੀਟਨਾਸ਼ਕਾਂ ਦੀ ਇੰਪੋਰਟ ਵੀ ਹੋ ਰਹੀ ਹੈ, ਜਿਹੜੇ ਜਲਵਾਯੂ ਅਤੇ ਲੋਕਾਂ ਦੇ ਜੀਵਨ ਵਿੱਚ ਜ਼ਹਿਰ ਘੋਲ ਰਹੇ ਹਨ। ਇਨ੍ਹਾਂ ਕੀਟਨਾਸ਼ਕਾਂ ਨਾਲ ਫਸਲਾਂ ਦੂਸ਼ਿਤ ਹੋ ਰਹੀਆਂ ਹੈ। ਖੇਤੀ ਦੇ ਬੁਨਿਆਦੀ ਢਾਂਚੇ ਮਿੱਟੀ, ਬੀਜ ਅਤੇ ਪਾਣੀ ਵਿੱਚ ਰੋਜ਼ ਜ਼ਹਿਰ ਘੁਲ ਰਿਹਾ ਹੈ। ਕੀਟਨਾਸ਼ਕਾਂ ਦੇ ਤਾਬੜਤੋੜ ਪ੍ਰਯੋਗ ਨਾਲ ਮਿੱਟੀ ਵਿਚ ਮੌਜੂਦ ਸੂਖਮ ਜੀਵਨ ਸਭ ਤੋਂ ਪਹਿਲਾਂ ਖਤਮ ਹੁੰਦੇ ਹਨ।
ਇਸ ਸੰਬੰਧ ਵਿੱਚ ਮਾਹਰਾਂ ਦਾ ਕਹਿਣਾ ਹੈ ਕਿ ਕੀਟ ਨਾਸ਼ਕਾਂ ਦੀ ਵਰਤੋਂ ਦੇ ਮਾਮਲੇ ਵਿੱਚ ਭਾਰਤ ਕਿਸੇ ਵੀ ਦੇਸ਼ ਤੋਂ ਪਿੱਛੇ ਹੈ, ਪਰ ਇਸ ਦੀ ਗਲਤ ਵਰਤੋਂ ਕਾਰਨ ਹਾਲਾਤ ਬੜੇ ਖਰਾਬ ਹਨ, ਜਿਸ 'ਤੇ ਬਿਨਾਂ ਕਿਸੇ ਦੇਰੀ ਦੇ ਰੋਕ ਲੱਗਣੀ ਚਾਹੀਦੀ ਹੈ। ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ਦੇ ਸਾਬਕਾ ਡਾਇਰੈਕਟਰ ਡਾ: ਮੰਗਲਾ ਰਾਏ ਕਹਿੰਦੇ ਹਨ ਕਿ ਭਾਰਤ ਵਿੱਚ ਪ੍ਰਤੀ ਹੈਕਟੇਅਰ 500 ਗਰਾਮ ਕੀਟਨਾਸ਼ਕ ਦਾ ਛਿੜਕਾ ਕੀਤਾ ਜਾਂਦਾ ਹੈ, ਜਾਪਾਨ ਵਿੱਚ ਇਹ 15 ਕਿਲੋਗਰਾਮ ਤੱਕ ਹੈ, ਪਰ ਭਾਰਤ ਵਿੱਚ ਕਿਹੜਾ ਕੀਟਨਾਸ਼ਕ ਵਰਤਿਆ ਜਾਂਦਾ ਹੈ, ਇਹ ਦੇਖਣ ਵਾਲਾ ਕੋਈ ਨਹੀਂ। ਏਥੇ ਪਿਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀ ਕਿਹਾ ਸੀ ਕਿ ਕੀਟਨਾਸ਼ਕਾਂ ਦੇ ਉਤਪਾਦਨ, ਸਪਲਾਈ, ਪ੍ਰਚੂਨ ਵਪਾਰੀਆਂ ਤੇ ਕਿਸਾਨਾਂ ਦਾ ਤਾਲਮੇਲ ਨਹੀਂ ਹੈ।