ਨਵੀਂ ਦਿੱਲੀ, 18 ਨਵੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਆਪਣੇ ਇੱਕ ਅਹਿਮ ਫੈਸਲੇ 'ਚ ਕਿਹਾ ਹੈ ਕਿ ਕੋਈ ਵੀ ਹੋਟਲ ਆਪਣੇ ਮੁਲਾਜ਼ਮ ਦੇ ਹੱਥਾਂ ਜਾਂ ਵੈਲੇਟ ਪਾਰਕਿੰਗ 'ਚ ਖੜ੍ਹੇ ਕੀਤੇ ਵਾਹਨ ਦੀ ਚੋਰੀ ਬਾਰੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। ਉਹ ‘ਓਨਰਸ ਰਿਸਕ' ਦਾ ਕਲਾਜ਼ ਲਾ ਕੇ ਮੁਆਵਜ਼ਾ ਦੇਣ ਤੋਂ ਨਹੀਂ ਬਚ ਸਕਦੇ।
ਇਸ ਸੰਬੰਧ ਵਿੱਚ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਹੋਟਲ ਉੱਤੇ ਵੈਲੇਟ ਪਾਰਕਿੰਗ 'ਚ ਹੋਰ ਪਾਰਕਿੰਗ ਸਹੂਲਤਾਂ ਦੇ ਉਲਟ ਵਾਹਨ ਦੇ ਮਾਲਕ ਨੂੰ ਖੁਦ ਪਾਰਕਿੰਗ ਦੀ ਥਾਂ ਨਹੀਂ ਲੱਭਣੀ ਪੈਂਦੀ ਅਤੇ ਨਾ ਉਸ ਨੂੰ ਖੁਦ ਜਾ ਕੇ ਆਪਣਾ ਵਾਹਨ ਸਹੀ ਤਰੀਕੇ ਨਾਲ ਖੜ੍ਹਾ ਕਰਨਾ ਪੈਂਦਾ ਹੈ। ਵਾਪਸੀ ਵੇਲੇ ਵਾਹਨ ਦੀ ਪਰਚੀ ਜਾਂ ਟੋਕਨ ਦਿਖਾਉਣ ਉੱੇ ਹੋਟਲ ਸਟਾਫ ਖੁਦ ਹੀ ਉਨ੍ਹਾਂ ਦੀ ਗੱਡੀ ਡਰਾਈਵ ਕਰਕੇ ਉਨ੍ਹਾਂ ਦੇ ਕੋਲ ਲਿਆਉਂਦਾ ਹੈ। ਇਸ ਲਈ ਵੈਲੇਟ ਪਾਰਕਿੰਗ ਵਾਲੇ ਗਾਹਕ ਦੀ ਗੱਡੀ ਚੋਰੀ ਹੋਣ ਉੱਤੇ ਹੋਟਲ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ। ਕੋਰਟ ਨੇ ਸਾਫ ਕਿਹਾ ਕਿ ਇਸ ਹਾਲਤ ਵਿੱਚ ਕਿਸੇ ਦਾ ਵਾਹਨ ਚੋਰੀ ਹੋਣ ਜਾਂ ਨੁਕਸਾਨੇ ਜਾਣੇ ਦੀ ਸੂਰਤ ਵਿੱਚ ਹੋਟਲ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਬਤ ਕਰੇ ਕਿ ਉਸ ਦੇ ਪਾਰਕਿੰਗ ਕੰਪਲੈਕਸ ਤੋਂ ਵਾਹਨ ਚੋਰੀ ਹੋਣ ਜਾਂ ਨੁਕਸਾਨੇ ਜਾਣੇ 'ਤੇ ਉਸ ਦੀ ਗਲਤੀ ਕਿਵੇਂ ਨਹੀਂ। ਇਸ ਕੇਸ 'ਚ ਸਿੱਧੇ ਤੌਰ ਉੱਤੇ ਹੋਟਲ ਦੀ ਜ਼ਿੰਮੇਵਾਰੀ ਹੁੰਦੀ ਹੈ, ਕਿਉਂਕਿ ਇਸ 'ਚ ਵਾਹਨ ਮਾਲਕ ਸੁਰੱਖਿਆ ਦੇ ਭਰੋਸੇ ਨਾਲ ਆਪਣਾ ਵਾਹਨ ਹੋਟਲ ਮੁਲਾਜ਼ਮ ਨੂੰ ਸੌਂਪਦਾ ਹੈ ਅਤੇ ਉਸ ਦੀ ਪਰਚੀ ਜਾਂ ਟੋਕਨ ਉਸ ਸਮਝੌਤੇ ਦਾ ਸਬੂਤ ਹੁੰਦਾ ਹੈ।
ਜਸਟਿਸ ਐਮ ਐਮ ਸ਼ਾਂਤਰਾਗੌਰ ਅਤੇ ਜਸਟਿਸ ਅਜੈ ਰਸਤੋਗੀ ਦੇ ਬੈਂਚ ਨੇ ਕਿਹਾ ਕਿ ਹੋਟਲ ਦਾ ਮਾਲਿਕ ਇਸ ਸਮਝੌਤੇ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਕਿਸੇ ਵੀ ਹਾਲਤ ਵਿੱਚ ਆਪਣੀ ਜਾਂ ਆਪਣੇ ਮੁਲਾਜ਼ਮ ਦਾ ਲਾਪਰਵਾਹੀ ਤੋਂ ਆਪਣੇ ਗਾਹਕ ਨੂੰ ਨੁਕਸਾਨ ਪਹੁੰਚਣ 'ਤੇ ਉਹ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਬੈਂਚ ਨੇ ਕਿਹਾ ਕਿ ਜਿੱਥੇ ਆਮ ਮੱਦਾਂ ਲਾਗੂ ਹੁੰਦੀਆਂ ਹਨ ਜਾਂ ਕਿਸੇ ਤਰ੍ਹਾਂ ਦੀ ਛੋਟ ਦਾ ਕਲਾਜ਼ ਹੁੰਦਾ ਹੈ, ਉਥੇ ਪਹਿਲੀ ਨਜ਼ਰ 'ਚ ਹੋਟਲ ਦੀ ਜ਼ਿੰਮੇਵਾਰੀ ਬਣਦੀ ਹੈ। ਸੁਪਰੀਮ ਕੋਰਟ ਨੇ ਇਹ ਫੈਸਲਾ ਖਪਤਕਾਰ ਅਦਾਲਤ ਦੇ ਮੁਆਵਜ਼ਾ ਦੇਣ ਦੇ ਫੈਸਲੇ ਦੇ ਖਿਲਾਫ ਹੋਟਲ ਦੀ ਅਪੀਲ ਨੂੰ ਰੱਦ ਕਰਦਿਆਂ ਸੁਣਾਇਆ ਹੈ। ਪਿੱਛੇ ਜਿਹੇ ਜਦੋਂ ਪੀੜਤ ਆਪਣੀ ਗੱਡੀ ਇੱਕ ਪੰਜ ਤਾਰਾ ਹੋਟਲ ਦੇ ਵੈਲੇਟ ਪਾਰਕਿੰਗ 'ਚ ਖੜ੍ਹੀ ਕਰਵਾ ਕੇ ਹੋਟਲ ਦੇ ਅੰਦਰ ਗਿਆ ਤਾਂ ਵਾਪਸੀ ਉੱਤੇ ਜਦੋਂ ਉਸ ਨੇ ਪਰਚੀ ਦਿਖਾ ਕੇ ਆਪਣੀ ਗੱਡੀ ਲਿਆਉਣ ਲਈ ਕਿਹਾ ਤਾਂ ਹੋਟਲ ਸਟਾਫ ਨੇ ਦੱਸਿਆ ਕਿ ਉਸ ਦੀ ਗੱਡੀ ਪਹਿਲਾਂ ਤਿੰਨ ਮੁੰਡੇ ਡਰਾਈਵ ਕਰ ਕੇ ਲਿਜਾ ਚੁੱਕੇ ਹਨ। ਇਹ ਤਿੰਨ ਮੁੰੰਡੇ ਇੱਕ ਵੱਖਰੀ ਕਾਰ ਵਿੱਚ ਹੋਟਲ 'ਚ ਆਏ ਸਨ। ਜਦੋਂ ਵਾਹਨ ਮਾਲਕ ਨੇ ਬੀਮੇ ਦੀ ਰਕਮ ਮੰਗੀ ਤਾਂ ਹੋਟਲ ਨੇ ਪਾਰਕਿੰਗ ਕੂਪਨ 'ਤੇ ਲਿਖੇ ‘ਓਨਰਸ ਰਿਸਕ' ਦਾ ਕਲਾਜ਼ ਦਿਖਾ ਕੇ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ।