ਕਰਾਚੀ, 18 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਸਿੰਧੀ ਭਾਈਚਾਰੇ ਨੇ ਵੱਖਰੇ ਸਿੰਧੂ ਦੇਸ਼ ਦੀ ਮੰਗ ਚੁੱਕੀ ਹੈ। ਆਜ਼ਾਦ ਸਿੰਧੂ ਦੇਸ਼ ਦੀ ਮੰਗ ਲਈ ਕਰਾਚੀ ਵਿੱਚ ਹਜ਼ਾਰਾਂ ਸਿੰਧੀਆਂ ਨੇ ਮਾਰਚ ਕੱਢਿਆ। ਆਪਣੀ ਮੰਗ ਦੇ ਸਮਰਥਨ ਵਿੱਚ ਸਾਰੇ ਦੇਸ਼ ਤੋਂ ਇਕੱਠੇ ਹੋਏ ਸਿੰਧੀ ਨਾਗਰਿਕਾਂ ਨੇ ਕਰਾਚੀ ਵਿੱਚ ਗੁਲਸ਼ਨ-ਇ-ਹਦੀਦ ਤੋਂ ਪ੍ਰੈੱਸ ਕੱਲਬ ਤਕ ਮਾਰਚ ਕੀਤਾ। ਉਨ੍ਹਾਂ ਦੇ ਹੱਥਾਂ ਵਿੱਚ ਸਿੰਧੂ ਦੇਸ਼ ਦੇ ਪ੍ਰਤੀਕ ਲਾਲ ਝੰਡੇ ਫੜੇ ਹੋਏ ਸਨ।
ਵਰਨਣ ਯੋਗ ਹੈ ਕਿ ਪਾਕਿਸਤਾਨ ਤੋਂ ਆਜ਼ਾਦ ਸਿੰਧੂ ਦੇਸ਼ ਬਣਾਉਣ ਦੀ ਮੰਗ ਪਹਿਲੀ ਵਾਰ 1972 ਵਿੱਚ ਸਿੰਧ ਦੇ ਆਗੂ ਜੀ ਐੱਮ ਸਈਦ ਨੇ ਉਠਾਈ ਸੀ। ਸਾਲ 1995 ਵਿੱਚ ਜੀ ਐੱਮ ਸਈਦ ਦੇ ਦੇਹਾਂਤ ਤੋਂ ਬਾਅਦ ਆਜ਼ਾਦ ਸਿੰਧੂ ਦੇਸ਼ ਦੇ ਅੰਦੋਲਨ ਨੂੰ ਅੱਗੇ ਜਾਰੀ ਰੱਖਣ ਲਈ ਇਕ ਪਾਰਟੀ ਜੀਏ ਸਿੰਧ ਕੌਮੀ ਮੁਹਾਜ (ਜੇ ਐੱਸ ਕਿਊ ਐੱਮ) ਦਾ ਬਣਾਈ ਗਈ ਸੀ। ਕਰਾਚੀ ਵਿੱਚ ਐਤਵਾਰ ਦਾ ਇਹ ਮਾਰਚ ਜੇ ਐੱਸ ਕਿਊ ਐੱਮ ਪਾਰਟੀ ਨੇ ਕੀਤਾ ਸੀ। ਇਸ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨਾਨ ਕੁਰੈਸ਼ੀ ਅਤੇ ਹੋਰ ਕੌਮੀ ਨੇਤਾਵਾਂ ਨੇ ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਸਿੰਧੀ ਭਾਸ਼ਾ ਤੇ ਸਭਿਆਚਾਰ ਉੱਤੇ ਮੰਡਰਾ ਰਹੇ ਖ਼ਤਰੇ ਨੂੰ ਆਪਣੀਆਂ ਮੰਗਾਂ ਦਾ ਮੁੱਖ ਕਾਰਨ ਦੱਸਿਆ। ਸਿੰਧੀ ਭਾਈਚਾਰੇ ਦੀ ਰਾਏ ਹੈ ਕਿ ਸਿੰਧ ਆਪਣੇ ਆਪ ਵਿੱਚ ਵੱਖਰੀ ਕੌਮ ਹੈ, ਪਰ ਪਾਕਿਸਤਾਨ ਨੇ ਉਸ ਉੱਤੇ ਜ਼ਬਰੀ ਕਬਜ਼ਾ ਕੀਤਾ ਹੋਇਆ ਹੈ।