Welcome to Canadian Punjabi Post
Follow us on

05

July 2020
ਸੰਪਾਦਕੀ

ਇਸਤੋਂ ਪਹਿਲਾਂ ਕਿ ਲੋਹੜਾ ਮਾਰਨ ਮਾਰੂ - ਸੁਪਰਬੱਗਜ਼

November 14, 2019 07:52 AM

ਪੰਜਾਬੀ ਪੋਸਟ ਸੰਪਾਦਕੀ

ਇਸ ਸਾਲ ਫੈਡਰਲ ਚੋਣਾਂ ਵਿੱਚ ਕਲਾਈਮੇਟ ਚੇਂਜ ਭਾਵ ਵਾਤਾਵਰਣ ਤਬਦੀਲੀ ਵੱਡਾ ਮੁੱਦਾ ਰਿਹਾ ਹੈ ਅਤੇ ਇਹ ਮੁੱਦਾ ਵਿਸ਼ਵ ਭਰ ਵਿੱਚ ਚਰਚਾ ਦਾ ਵਿਸ਼ਾ ਤਾਂ ਹੈ ਹੀ। ਐਂਟੀਬਾਇਓਟਿਕ (Antibiotics) ਅਤੇ ਹੋਰ ਰੋਗ ਵਿਰੋਧੀ ਦਵਾਈਆਂ ਦੇ ਅਸਰ ਨੂੰ ਨਾ ਕਬੂਲ ਕਰਨ ਦੀ ਜੋ ਸਮਰੱਥਾ ਮਨੁੱਖਾਂ ਦੇ ਸਰੀਰ ਵਿੱਚ ਪੈਦਾ ਹੋ ਰਹੀ ਹੈ, ਇਸਦੇ ਮਾਰੂ ਅਸਰ ਦੀ ਕੈਨੇਡੀਅਨਾਂ ਦੀ ਸਿਹਤ ਉੱਤੇ ਕਲਾਈਮੇਟ ਚੇਂਜ ਦੇ ਬਰਾਬਰ ਹੀ ਪੈਣ ਦੀ ਸੰਭਾਵਨਾ ਹੈ। ਇਹ ਚੇਤਾਵਨੀ ਬਰੈਟ ਫਿਨਲੇ (Brett Finaly) ਵੱਲੋਂ ਦਿੱਤੀ ਗਈ ਹੈ ਜੋ ਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ Antimicrobial resistance ਦੁਆਰਾ ਹੋਣ ਵਾਲੇ ਨੁਕਸਾਨ ਦਾ ਪਤਾ ਲਾਉਣ ਲਈ ਬਣਾਇਆ ਗਿਆ ਸੀ। ਪੈਨਲ ਨੇ “When Antibiotics Fail: The growing cost of antimicrobial resistance in Canada ਨਾਮਕ ਰਿਪੋਰਟ ਦੋ ਦਿਨ ਪਹਿਲਾਂ ਜਾਰੀ ਕੀਤੀ ਹੈ। ਹਾਲਾਂਕਿ ਪੰਜਾਬੀ ਦੀ ਕਿਸੇ ਡਿਕਸ਼ਨਰੀ ਵਿੱਚ antimicrobial resistance ਦਾ ਅਰਥ ਵੇਖਣ ਨੂੰ ਨਹੀਂ ਮਿਲਦਾ ਪਰ ਸੌਖੇ ਸ਼ਬਦਾਂ ਵਿੱਚ ਇਸਨੂੰ ਸੂਖਮ-ਰੋਗਾਣੂਆਂ ਨਾਲ ਲੜਨ ਦੀ ਮਨੁੱਖੀ ਸਰੀਰ ਵਿੱਚ ਪੈਦਾ ਹੋਈ ਕਮਜ਼ੋਰੀ ਕਿਹਾ ਜਾ ਸਕਦਾ ਹੈ। ਐਂਟੀਬਾਇਓਟਿਕ ਅਤੇ ਹੋਰ ਰੋਗਾਣੂੰ ਵਿਰੋਧੀ ਦਵਾਈਆਂ ਤੋਂ ਨਾ ਮਰਨ ਵਾਲੇ ਤੱਤਾਂ ਨੂੰ ‘ਸੁਪਰਬੱਗਜ਼’ਦਾ ਨਾਮ ਦਿੱਤਾ ਗਿਆ ਹੈ।

ਰਿਪੋਰਟ ਮੁਤਾਬਕ ਅਗਲੇ 30 ਸਾਲਾਂ ਵਿੱਚ ਸੁਪਰਬੱਗਜ਼ 4 ਲੱਖ ਕੈਨੇਡੀਅਨਾਂ ਦੀ ਜਾਨ ਲੈ ਚੁੱਕੇ ਹੋਣਗੇ ਅਤੇ ਸਾਡੀ ਆਰਥਕਿਤਾ ਨੂੰ 400 ਬਿਲੀਅਨ ਡਾਲਰ ਦਾ ਨੁਕਸਾਨ ਕਰਨਗੇ। ਇਹਨਾਂ 400 ਬਿਲੀਅਨ ਡਾਲਰਾਂ ਵਿੱਚ 120 ਬਿਲੀਅਨ ਉਹ ਡਾਲਰ ਸ਼ਾਮਲ ਨਹੀਂ ਹਨ ਜੋ ਸੁਪਰਬੱਗਜ਼ ਤੋਂ ਪੀੜਤ ਮਰੀਜਾਂ ਉੱਤੇ ਹਸਪਤਾਲਾਂ ਵਿੱਚ ਖਰਚ ਕਰਨੇ ਪੈਣਗੇ। ਜੇ ਦਵਾਈਆਂ ਦੇ ਅਸਰ ਨਾਲ ਲੜਨ ਦੀ ਕੈਨੇਡੀਅਨਾਂ ਦੀ ਸਮਰੱਥਾ 2018 ਵਿੱਚ 26% ਘੱਟ ਹੋਈ ਵੇਖੀ ਗਈ ਤਾਂ 2050 ਵਿੱਚ ਇਹ 40% ਹੋ ਜਾਵੇਗੀ। ਸਾਲ 2018 ਵਿੱਚ ਸੁਪਰਬੱਗਜ਼ ਨੇ 14,000 ਕੈਨੇਡੀਅਨਾਂ ਦੀ ਜਾਨ ਲਈ। ਹਾਲਾਂਕਿ ਇਹ ਮੰਗ ਕਾਫੀ ਦੇਰ ਤੋਂ ਚੱਲੀ ਆ ਰਹੀ ਹੈ ਕਿ ਕੈਨੇਡਾ ਨੂੰ ਸੁਪਰਬੱਗਜ਼ ਨਾਲ ਸਿੱਝਣ ਵਾਸਤੇ ਇੱਕ ਕੌਮੀ ਰਣਨੀਤੀ ਬਣਾਉਣ ਦੀ ਲੋੜ ਹੈ ਪਰ ਹਾਲੇ ਤੱਕ ਇਸ ਦਿਸ਼ਾ ਵਿੱਚ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਮਾਹਰ ਚੇਤਾਵਨੀ ਦੇ ਰਹੇ ਹਨ ਕਿ ਅਜਿਹੀਆਂ ਮਾਰੂ ਬਿਮਾਰੀਆਂ ਦੇ ਅਸਰ ਨੂੰ ਸਿਰਫ਼ ਮੌਤਾਂ ਦੀ ਗਿਣਤੀ ਕਰਕੇ ਹੀ ਖਤਰਨਾਕ ਨਹੀਂ ਮੰਨਣਾ ਚਾਹੀਦਾ ਸਗੋਂ ਉਸਨਾਂ ਪ੍ਰਭਾਵਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੋ ਸੁਪਰਬੱਗਜ਼ ਤੋਂ ਪੀੜਤ ਕੈਨੇਡੀਅਨਾਂ ਨੂੰ ਮਾਨਸਿਕ ਸੰਤਾਪ, ਗਰੀਬੀ ਅਤੇ ਇੱਕਲਤਾ ਦੇ ਰੂਪ ਵਿੱਚ ਹੰਢਾਉਣੇ ਪੈਣਗੇ।

ਸੁਪਰਬੱਗਜ਼ ਸਿਰਫ਼ ਕੈਨੇਡਾ ਦੀ ਸਿਰਦਰਦੀ ਨਹੀਂ ਹਨ ਇਹਨਾਂ ਕਾਰਣ ਵਿਸ਼ਵ ਭਰ ਵਿੱਚ ਮਲੇਰੀਆ, ਤਪਦਿਕ ਅਤੇ ਏਡਜ਼ ਆਦਿ ਬਿਮਾਰੀਆਂ ਨਾਲ ਲੜਨ ਦੀ ਮਨੁੱਖੀ ਸਮਰੱਥਾ ਘੱਟ ਹੋ ਰਹੀ ਹੈ। ਕੈਨੇਡਾ ਦੀ ਇੱਕ ਲੋੜ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਤੋਂ ਆਉਣ ਵਾਲੇ ਪਰਵਾਸੀ ਹਨ। ਮਾਹਰਾਂ ਨੂੰ ਖਦਸ਼ਾ ਹੈ ਕਿ ਕਿਤੇ ਸੁਪਰਬੱਗਜ਼ ਕਾਰਣ ਕੈਨੇਡਾ ਵਿੱਚ ਇੰਮੀਗਰੇਸ਼ਨ ਬਾਰੇ ਵਿਰੋਧਤਾ ਨਾ ਪੈਦਾ ਹੋ ਜਾਵੇ ਜੋ ਕਿ ਨੁਕਸਾਨਦਾਇਕ ਗੱਲ ਹੋਵੇਗੀ। ਵਿਸ਼ਵ ਸਿਹਤ ਸੰਸਥਾ (WHO) ਮੁਤਾਬਕ ਨਾਮਕ ਸੀਫਾਲੋਸਪੋਰਿਨ (Cephalosporin) ਐਂਟੀਬਾਇਓਟਿਕ ਦਵਾਈ ਨਾਲ ਲੜਨ ਦੀ ਤਾਕਤ ਦੇ ਕਿਸੇ ਹੱਦ ਤੱਕ ਖਤਮ ਹੋਣ ਦੀ ਆਸਟਰੇਲੀਆ, ਕੈਨੇਡਾ, ਜਪਾਨ, ਫਰਾਂਸ, ਨੌਰਵੇ, ਸਵੀਡਨਅਤ ਇੰਗਲੈਂਡ ਵਰਗੇ ਮੁਲਕਾਂ ਵਿੱਚੋਂ ਪੁਸ਼ਟੀ ਹੋ ਚੁੱਕੀ ਹੈ। ਇਹ ਦਵਾਈ ਸੁਜਾਕ (Gnorrhoea)ਤੋਂ ਪੀੜਤ ਲੋਕਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ।

ਵੇਖਣ ਵਾਲੀ ਗੱਲ ਹੈ ਕਿ ਇਹਨਾਂ ਵੱਡੀਆਂ ਵੱਡੀਆਂ ਰਿਪੋਰਟਾਂ ਅਤੇ ਸਰਕਾਰ ਦੀ ਨਾਕਰਦਗੀ ਦੇ ਚੱਲਦੇ ਆਮ ਮਨੁੱਖ ਕੀ ਕਰ ਸਕਦਾ ਹੈ? ਡਾਕਟਰ ਅਤੇ ਸਿਹਤ ਮਾਹਰ ਇਸ ਗੱਲ ਉੱਤੇ ਰਾਜੀ ਹੁੰਦੇ ਜਾ ਰਹੇ ਹਨ ਕਿ ਸਮਾਂ ਆ ਚੁੱਕਾ ਹੈ ਕਿ ਮਨੁੱਖ ਨੂੰ ਐਂਟੀਬਾਇਓਟਿਕ ਇਜਾਦ ਹੋਣ ਤੋਂ ਪਹਿਲਾਂ ਵਾਲੀ ਸਥਿਤੀ ਪੈਦਾ ਕਰਨ ਦੀ ਲੋੜ ਹੈ ਭਾਵ ਸਮਾਂ ਜਦੋਂ ਐਂਟੀਬਾਇਓਟਿਕਾਂ ਦੀ ਲੋੜ ਹੀ ਨਹੀਂ ਸੀ ਹੁੰਦੀ। ਇਹ ਗੱਲ ਕਿਸੇ ਸੁਫਨੇ ਦੇ ਪੂਰਾ ਹੋਣ ਵਰਗੀ ਹੈ ਪਰ ਹੱਲ ਕਿੱਥੇ ਹੈ? ਸਿਹਤ ਮਾਹਰਾਂ ਦਾ ਆਖਣਾ ਹੈ ਕਿ ਆਮ ਵਿਅਕਤੀ ਨੂੰ ਛੂਤ ਦੇ ਰੋਗਾਂ ਤੋਂ ਬਚਣ ਦੀ ਹਰ ਸੰਭਵ ਕੋਸਿ਼ਸ਼ ਕਰਨੀ ਚਾਹੀਦੀ ਹੈ ਜਿਸ ਵਿੱਚ ਸਫ਼ਾਈ ਦਾ ਖਿਆਲ ਰੱਖਣਾ, ਸਮੇਂ ਸਮੇਂ ਉੱਤੇ ਲੋੜੀਂਦੇ ਟੀਕੇ ਲਵਾਉਣੇ, ਐਂਟੀਬਾਇਓਟਿਕਾਂ ਨੂੰ ਦੀ ਬੇਲੋੜੀ ਵਰਤੋਂ ਤੋਂ ਬਚਣਾ, ਖਾਣਾ ਸਹੀ ਮਾਤਰਾ ਅਤੇ ਸਹੀ ਢੰਗ ਨਾਲ ਖਾਣਾ, ਅਣਜਾਣੇ ਲੋਕਾਂ ਨਾਲ ਸਰੀਰਕ ਸਬੰਧ ਬਣਾਉਣ ਤੋਂ ਪਰਹੇਜ਼ ਕਰਨਾ ਆਦਿ ਸ਼ਾਮਲ ਹੈ।

ਕੈਨੇਡਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੈਨਲ ਵੱਲੋਂ ਦਿੱਤੇ ਗਏ ਸੁਝਾਅ ਮੁਤਾਬਕ ਸੁਪਰਬੱਗਜ਼ ਬਾਰੇ ਹੋਰ ਖੋਜ ਕਰਨ ਲਈ 120 ਮਿਲੀਅਨ ਡਾਲਰ ਤੁਰੰਤ ਜਾਰੀ ਕਰੇ ਅਤੇ 150 ਮਿਲੀਅਨ ਡਾਲਰ ਸੁਪਰਬੱਗਜ਼ ਨਾਲ ਸਿੱਝਣ ਲਈ ਕੀਤੇ ਜਾਣ ਵਾਲੇ ਉੱਦਮਾਂ ਵਾਸਤੇ ਦੇਵੇ।

Have something to say? Post your comment