Welcome to Canadian Punjabi Post
Follow us on

04

July 2020
ਮਨੋਰੰਜਨ

ਮੇਰੇ ਨਾਂਅ ਦੇ ਨਾਲ ਕਦੇ ਕੋਈ ਟੈਗ ਨਹੀਂ ਲੱਗਾ : ਅਜੈ ਦੇਵਗਨ

November 13, 2019 08:52 AM

ਅਜੈ ਦੇਵਗਨ ਨੂੰ ਇਸ ਇੰਡਸਟਰੀ ਵਿੱਚ ਲਗਭਗ ਤੀਹ ਸਾਲ ਹੋਣ ਵਾਲੇ ਹਨ। ਉਨ੍ਹਾਂ ਨੇ ਪਤਾ ਨਹੀਂ ਕਿੰਨੀਆਂ ਫਿਲਮਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਹੈ। ਅਗਲੇ ਸਮੇਂ ਵਿੱਚ ‘ਤੁਰੱਮ ਖਾਨ’, ‘ਤਾਨਾਜੀ: ਦ ਅਨਸੰਗ', ‘ਭੁਜ’, ‘ਮੈਦਾਨ’ ਵਿੱਚ ਅਜੈ ਦਿਖਾਈ ਦੇਣਗੇ। ਪੇਸ਼ ਹਨ ਅਜੈ ਦੇਵਗਨ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕਿਹਾ ਜਾਂਦਾ ਹੈ ਕਿ ਤੁਹਾਨੂੰ ਐਕਟਿੰਗ ਵਿੱਚ ਦਿਲਚਸਪੀ ਨਹੀਂ ਸੀ। ਤੁਸੀਂ ਆਪਣੇ ਪਿਤਾ ਵਾਂਗ ਐਕਸ਼ਨ ਡਾਇਰੈਕਟਰ ਬਣਨਾ ਚਾਹੁੰਦੇ ਸੀ?
- ਮੈਂ ਹਮੇਸ਼ਾ ਤੋਂ ਜਾਣਦਾ ਸੀ ਕਿ ਮੈਂ ਇਸੇ ਇੰਡਸਟਰੀ ਦਾ ਹਿੱਸਾ ਬਣਨਾ ਹੈ, ਪਰ ਮੈਂ ਕੰਮ ਕੀ ਕਰਾਂਗਾ, ਇਸ ਬਾਰੇ ਪੱਕਾ ਨਹੀਂ ਸੀ। ਮੈਂ ਆਪਣੀ ਸ਼ੁਰੂਆਤ ਐਡੀਟਿੰਗ ਤੇ ਡਾਇਰੈਕਸ਼ਨ ਵਿੱਚ ਅਸਿਸਟੈਂਟ ਦੇ ਤੌਰ 'ਤੇ ਕੀਤੀ। ਜਦ ਮੈਨੂੰ ‘ਪਿਆਰੀ ਬਹਿਨਾ' ਵਿੱਚ ਇੱਕ ਛੋਟਾ ਜਿਹਾ ਕਿਰਦਾਰ ਦਾ ਨਿਭਾਉਣ ਦਾ ਮੌਕਾ ਮਿਲਿਆ, ਤਦ ਵੀ ਐਕਟਿੰਗ ਵਿੱਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ, ਪ੍ਰੰਤੂ ‘ਫੂਲ ਔਰ ਕਾਂਟੇ' ਦੇ ਬਾਅਦ ਮੈਂ ਖੁਦ ਨੂੰ ਰੋਕ ਨਹੀਂ ਸਕਿਆ। ਉਸ ਦੇ ਬਾਅਦ ਹੌਲੀ ਹੌਲੀ ਮੇਰਾ ਕਰੀਅਰ ਅੱਗੇ ਵਧਦਾ ਗਿਆ ਅਤੇ ਹਰ ਫਿਲਮ ਦੇ ਨਾਲ ਮੈਂ ਖੁਦ ਨੂੰ ਨਿਖਾਰਦਾ ਗਿਆ।
* ਤੁਹਾਨੂੰ ਇੰਡਸਟਰੀ ਵਿੱਚ ਤਿੰਨ ਦਹਾਕੇ ਹੋਣ ਵਾਲੇ ਹਨ, ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਹੈ?
- ਅੱਜ ਜਦ ਮੈਂ ਸ਼ੂਟਿੰਗ ਦੇ ਪਹਿਲੇ ਦਿਨ ਨੂੰ ਯਾਦ ਕਰਦਾ ਹਾਂ ਤਾਂ ਲੱਗਦਾ ਹੈ ਕਿ ਜਿਵੇਂ ਕੱਲ੍ਹ ਦੀ ਗੱਲ ਹੋਵੇ। ਸੱਚ ਇਹ ਹੈ ਕਿ ਅਹਿਸਾਸ ਹੀ ਨਹੀਂ ਹੁੰਦਾ ਕਿ ਇੰਨਾ ਵਕਤ ਗੁਜ਼ਰ ਚੁੱਕਾ ਹੈ। ਤਦ ਤੇ ਅੱਜ ਦੇ ਦੌਰ ਵਿੱਚ ਕਾਫੀ ਫਰਕ ਆ ਚੁੱਕਾ ਹੈ। ਮੈਨੂੰ ਲੱਗਦਾ ਹੈ ਕਿ ਪਹਿਲਾਂ ਦੇ ਮੁਕਾਬਲੇ ਅੱਜ ਦੇ ਦਰਸ਼ਕ ਜ਼ਿਆਦਾ ਇੰਟੈਲੀਜੈਂਟ ਹਨ।
* ਕੀ ਬਦਲੇ ਹੋਏ ਇਸ ਦੌਰ ਵਿੱਚ ਖੁਦ ਨੂੰ ਐਡਜਸਟ ਕਰਨ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਮਹਿਸੂਸ ਹੋ ਰਹੀ ਹੈ?
- ਬਿਲਕੁਲ ਨਹੀਂ, ਦਰਸ਼ਕ ਜਿਸ ਤਰ੍ਹਾਂ ਦੀਆਂ ਫਿਲਮਾਂ ਪਸੰਦ ਕਰਦੇ ਹਨ, ਉਸੇ ਤਰ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਹਨ ਤੇ ਮੇਰੀ ਖੁਸ਼ਨਸੀਬੀ ਹੈ ਕਿ ਇਨ੍ਹਾਂ ਵਿੱਚ ਮੇਰੇ ਲਈ ਕਾਫੀ ਗੁੰਜਾਇਸ਼ ਹੈ। ਸਾਡਾ ਸਿਨੇਮਾ ਅੱਜ ਵਧੀਆ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਇਸ ਨਾਲ ਮੇਰਾ ਪੂਰੀ ਤਰ੍ਹਾਂ ਸੰਤੁਲਨ ਹੈ। ਇਸ ਦੌਰ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਅੱਜ ਹਰ ਤਰ੍ਹਾਂ ਦਾ ਜਾਨਰ ਚੱਲ ਰਿਹਾ ਹੈ ਤੇ ਹਰ ਐਕਟਰ ਦੇ ਕੋਲ ਉਸ ਦੇ ਤਰ੍ਹਾਂ ਦਾ ਕੰਮ ਹੈ। ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਇਸ ਦੌਰ ਵਿੱਚ ਪੈਦਾ ਹੋਇਆ ਹਾਂ। ਹਰ ਵਕਤ, ਹਰ ਲਮਹਾ ਮੈਂ ਆਪਣੇ ਕੰਮ ਅਤੇ ਕੰਮ ਦੇ ਦੌਰਾਨ ਕੀਤੀਆਂ ਆਪਣੀਆਂ ਗਲਤੀਆਂ ਤੋਂ ਕੁਝ ਨਾ ਕੁਝ ਸਿੱਖ ਰਿਹਾ ਹਾਂ।
* ਤੁਸੀਂ ਇੱਕ ਲੰਬੇ ਅਰਸੇ ਤੋਂ ਕਾਮੇਡੀ ਅਤੇ ਐਕਸ਼ਨ ਵਿੱਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹੋ?
-ਹਰ ਇੱਕ ਐਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਆਪਣਾ ਕੰਫਰਟ ਜ਼ੋਨ ਫੜ ਕੇ ਇੱਕ ਖਾਸ ਰਾਹ 'ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ, ਪਰ ਮੈਂ ਅਜਿਹਾ ਨਹੀਂ ਕੀਤਾ। ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਕਿ ਮੈਂ ਹਰ ਕਿਸਮ ਦੀ ਫਿਲਮ ਕਰਾਂ। ਜੇ ਕਾਮੇਡੀ ਕਰਦਾ ਹਾਂ ਤਾਂ ਉਸ ਦੇ ਬਾਅਦ ਡਰਾਮਾ ਵੀ ਕਰਦਾ ਹਾਂ ਅਤੇ ਐਕਸ਼ਨ ਵੀ। ਇਹੀ ਵਜ੍ਹਾ ਹੈ ਕਿ ਮੇਰੇ ਨਾਂਅ ਦੇ ਨਾਲ ਕਦੇ ਕੋਈ ਟੈਗ ਨਹੀਂ ਲੱਗਾ। ਇਸ ਦਾ ਮਤਲਬ ਸਾਫ ਹੈ ਕਿ ਦਰਸ਼ਕਾਂ ਨੇ ਹਰ ਤਰ੍ਹਾਂ ਦੇ ਰੋਲ ਵਿੱਚ ਮੈਨੂੰ ਪਸੰਦ ਕੀਤਾ ਹੈ।
* ਨਿੱਜੀ ਤੌਰ ਉਤੇ ਤੁਸੀਂ ਖੁਦ ਨੂੰ ਕਿਸ ਜਾਨਰ ਦੀਆਂ ਫਿਲਮਾਂ ਲਈ ਜ਼ਿਆਦਾ ਲੋੜੀਂਦਾ ਅਤੇ ਸਫਲ ਮੰਨਦੇ ਹੋ?
- ਮੈਨੂੰ ਨਹੀਂ ਪਤਾ ਕਿ ਮੈਂ ਕਿੰਨਾ ਸਫਲ ਹਾਂ, ਸਫਲ ਹਾਂ ਵੀ ਜਾਂ ਨਹੀਂ, ਪਰ ਦਰਸ਼ਕਾਂ ਨੇ ਹਰ ਜਾਨਰ ਵਿੱਚ ਪਸੰਦ ਕੀਤਾ ਹੈ। ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਕਰਾਂ ਜਿਨ੍ਹਾਂ ਨੂੰ ਲੈ ਕੇ ਸਹਿਜ ਰਹਾਂ। ਮੈਨੂੰ ਅਲੱਗ ਅਲੱਗ ਕੰਮ ਅਤੇ ਅਲੱਗ ਚੀਜ਼ਾਂ ਕਰਨ ਵਿੱਚ ਮਜ਼ਾ ਆਉਂਦਾ ਹੈ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਮੇਸ਼ਾ ਅਲੱਗ ਕਿਸਮ ਦਾ ਕੰਮ ਕਰਾਂ। ਮੈਨੂੰ ਆਪਣੇ ਫੈਨਜ਼ ਅਤੇ ਖੁਦ ਨੂੰ ਸਰਪ੍ਰਾਈਜ਼ ਕਰਨਾ ਚੰਗਾ ਲੱਗਦਾ ਹੈ।
* ਦਰਸ਼ਕਾਂ ਨੂੰ ਲੱਗਦਾ ਹੈ ਕਿ ‘ਫੂਲ ਔਰ ਕਾਂਟੇ’ ਤੋਂ ਲੈ ਕੇ ‘ਦੇ ਦੇ ਪਿਆਰ ਦੇ’ ਤੱਕ ਤੁਸੀਂ ਜਿੰਨੀਆਂ ਫਿਲਮਾਂ ਕੀਤੀਆਂ, ਹਰ ਵਾਰ ਫਿਲਮ ਤੋਂ ਉਪਰ ਉਠ ਕੇ, ਆਪਣੇ ਕਿਰਦਾਰ ਰਾਹੀਂ ਪੂਰੀ ਫਿਲਮ 'ਤੇ ਛਾ ਜਾਣ ਦੀ ਕੋਸ਼ਿਸ਼ ਕੀਤੀ ਹੈ?
- ਨਹੀਂ, ਤੁਸੀਂ ਇਕਦਮ ਉਲਟ ਕਹਿ ਰਹੇ ਹੋ। ਸੱਚ ਇਹ ਹੈ ਕਿ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਰਹੀ ਕਿ ਮੈਂ ਕਦੇ ਫਿਲਮ ਤੋਂ ਵਧ ਕੇ ਨਾ ਰਹਾਂ। ਮੇਰੇ ਲਈ ਫਿਲਮ ਹਮੇਸ਼ਾ ਨੰਬਰ ਵਨ ਦੀ ਪੁਜੀਸ਼ਨ 'ਤੇ ਰਹਿੰਦੀ ਹੈ। ਮੈਂ ਖੁਦ ਨੂੰ ਸਿਰਫ ਫਿਲਮ ਦਾ ਛੋਟਾ ਜਿਹਾ ਹਿੱਸਾ ਮੰਨ ਕੇ ਚੱਲਦਾ ਹਾਂ। ਇਸ ਲਈ ਮੈਂ ਉਸ ਵਿਚ ਬੱਸ ਆਪਣੇ ਸਹੀ ਤਰੀਕੇ ਨਾਲ ਹਿੱਸੇਦਾਰੀ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ। ਚਾਹੇ ਮੈਂ ਲੀਡ ਰੋਲ ਕਰਾਂ ਜਾਂ ਕੈਮੀਓ, ਮਲਟੀਸਟਾਰਰ ਕਰਾਂ ਜਾਂ ਸੋਲੋ, ਮੈਂ ਕਦੇ ਨਹੀਂ ਚਾਹਾਂਗਾ ਕਿ ਲੋਕਾਂ ਦਾ ਸਾਰਾ ਧਿਆਨ ਮੇਰੇ 'ਤੇ ਰਹੇ, ਮੈਂ ਚਾਹੁੰਦਾ ਹਾਂ ਕਿ ਦਰਸ਼ਕਾਂ ਦਾ ਸਾਰਾ ਧਿਆਨ ਫਿਲਮ ਦੀ ਕਹਾਣੀ 'ਤੇ ਰਹੇ।

Have something to say? Post your comment