Welcome to Canadian Punjabi Post
Follow us on

05

August 2021
 
ਸੰਪਾਦਕੀ

ਡੌਨ ਚੈਰੀ ਤੋਂ ਸਾਬਕਾ ਫੌਜੀਆਂ ਲਈ ਮੁਸ਼ਕਲਾਂ ਤੱਕ

November 12, 2019 07:34 AM

ਪੰਜਾਬੀ ਪੋਸਟ ਸੰਪਾਦਕੀ

85 ਸਾਲਾ ਕੱਟੜ ਖਿਆਲੀ ਖੇਡ ਕਮੈਂਟੇਟਰ ਡੌਨ ਚੈਰੀ ਵੱਲੋਂ ਨਿਫ਼ਰਤ ਭਰੇ ਲਹਿਜ਼ੇ ਨਾਲ ਰੈਮੈਂਬਰੈਂਸ ਡੇਅ ਨੂੰ ਨਾ ਮਨਾਉਣ ਦੇ ਦੋਸ਼ ਗਟੇਟਰ ਟੋਰਾਂਟੋ ਵਿੱਚ ਰਹਿਣ ਵਾਲੇ ਪਰਵਾਸੀਆਂ ਉੱਤੇ ਲਾਉਣ ਬਦਲੇ ਸਪੋਰਟਸ ਨੈੱਟ ਨੇ 1934 ਵਿੱਚ ਜਨਮੇ ਇਸ ਰਿਟਾਇਰਡ ਹਾਕੀ ਖਿਡਾਰੀ, ਨੈਸ਼ਨਲ ਹਾਕੀ ਕੋਚ ਅਤੇ ਲੇਖਕ ਦੀ ਛੁੱਟੀ ਕਰ ਦਿੱਤੀ ਹੈ। ਅਜਿਹਾ ਕਦਮ ਚੁੱਕਿਆ ਜਾਣਾ ਸੁਭਾਵਿਕ ਵੀ ਸੀ ਅਤੇ ਇਸਦਾ ਸੁਆਗਤ ਕੀਤਾ ਜਾਣਾ ਬਣਦਾ ਹੈ। ਸਿਰਫ਼ ਪਰਵਾਸੀਆਂ ਬਾਰੇ ਟਿੱਪਣੀਆਂ ਕਰਨ ਲਈ ਹੀ ਨਹੀਂ ਸਗੋਂ ਬੀਤ ਵਿੱਚ ਵੀ ਉਹ ਆਪਣੇ ਖੇਡ ਦਾਇਰੇ ਤੋਂ ਬਾਹਰ ਜਾ ਕੇ ਹੋਰ ਵੀ ਇਤਰਾਜ਼ਯੋਗ ਟਿੱਪਣੀਆਂ ਕਰਨ ਲਈ ਮਸ਼ਹੂਰ ਰਿਹਾ ਹੈ। ਮਿਸਾਲ ਵਜੋਂ 2003 ਵਿੱਚ ਡੌਨ ਚੈਰੀ ਨੂੰ ਇਰਾਕ ਹਮਲੇ ਵਿੱਚ ਘੱਟ ਯੋਗਦਾਨ ਪਾਏ ਜਾਣ ਕਾਰਣ ਕੈਨੇਡੀਅਨ ਸਰਕਾਰ ਦੀ ਨਿੰਦਾ ਕਰਨ ਲਈ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਦੋ ਗੱਲਾਂ ਦਾ ਇੱਥੇ ਸਪੱਸ਼ਟ ਕੀਤਾ ਜਾਣਾ ਤਰਕਸੰਗਤ ਹੋਵੇਗਾ। ਪਹਿਲੀ ਇਹ ਕਿ ਰੀਮੈਂਬਰੈਂਸ ਡੇਅ ਕਿਸੇ ਵਿਸ਼ੇਸ਼ ਭਾਈਚਾਰੇ ਦਾ ਅਧਿਕਾਰ ਖੇਤਰ ਨਹੀਂ ਹੈ ਸਗੋਂ ਸਮੂਹ ਕੈਨੇਡੀਅਨਾਂ ਲਈ ਇੱਕ ਸਾਂਝੀ ਵਿਰਾਸਤ ਵਾਲਾ ਦਿਨ ਹੈ। ਉਹ ਦਿਨ ਜਦੋਂ ਲੱਖਾਂ ਹਜ਼ਾਰਾਂ ਕੁਰਬਾਨੀ ਦੇ ਚੁੱਕੇ ਫੌਜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਦੂਜੀ ਇਹ ਕਿ ਵਿਸ਼ਵ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਆਉਣ ਵਾਲੇ ਪਰਵਾਸੀਆਂ ਦੀ ਕੈਨੇਡਾ ਵਿੱਚ ਸਥਾਪਤੀ ਅਤੇ ਇੱਥੇ ਦੇ ਜਨਜੀਵਨ ਵਿੱਚ ਸਮਾਈ ਕਰਨ ਦੀ ਇੱਕ ਪ੍ਰਕਿਰਿਆ ਹੈ ਜਿਸਦੇ ਪੂਰੇ ਹੋਣ ਵਿੱਚ ਵਕਤ ਲੱਗਦਾ ਹੈ, ਉਵੇਂ ਹੀ ਜਿਵੇਂ ਜੀਵਨ ਦੇ ਕਿਸੇ ਵੀ ਮਰਹਲੇ ਵਿੱਚ ਸਫ਼ਲਤਾ ਹਾਸਲ ਕਰਨ ਵਿੱਚ ਸਮਾਂ ਲੱਗਣਾ ਹੀ ਹੁੰਦਾ ਹੈ। ਡੌਨ ਚੈਰੀ ਵਰਗੇ ਵਿਅਕਤੀਆਂ ਨੂੰ ਰੀਮੈਂਬਰੈਂਸ ਡੇਅ ਜਿਹੇ ਅਵਸਰ ਨੂੰ ਖੁਦ ਅੰਦਰ ਬੈਠੀ ਨਿਰਾਸ਼ਾ ਨੂੰ ਪ੍ਰਗਟ ਕਰਨ ਲਈ ਨਹੀਂ ਵਰਤਣਾ ਚਾਹੀਦਾ ਸਗੋਂ ਉਸ ਵਰਤਾਰੇ ਦੀ ਸਮਝ ਪੈਦਾ ਕਰਨ ਲਈ ਇਸਤੇਮਾਲ ਕਰਨਾ ਚਾਹੀਦਾ ਹੈ ਕਿ ਪਰਵਾਸੀ ਵਿਸ਼ੇਸ਼ ਸਮਾਜਕ, ਰਾਜਨੀਤਕ ਅਤੇ ਸੱਭਿਆਚਾਰਕ ਸਥਿਤੀਆਂ ਵਿੱਚ ਕਿਉਂ ਅਤੇ ਕਿਵੇਂ ਵਰਤਾਅ ਕਰਦੇ ਹਨ। ਅਜਿਹੀ ਸਮਝ ਬਣਾਉਣ ਵਾਸਤੇ ਕੋਈ ਪੀ ਐਚ ਡੀ ਕਰਨ ਦੀ ਲੋੜ ਨਹੀਂ ਸਗੋਂ ਆਪਣੇ ਇਰਦ ਗਿਰਦ ਫੈਲੇ ਜੀਵਨ ਨੂੰ ਵਧੇਰੇ ਸਪੱਸ਼ਟਤਾ ਅਤੇ ਲਗਨ ਨਾਲ ਵਾਚਣਾ ਹੀ ਕਾਫ਼ੀ ਹੁੰਦਾ ਹੈ।

ਜਦੋਂ ਰੀਮੈਂਬਰੈਂਸ ਡੇਅ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਸ਼ਹੀਦ ਹੋ ਚੁੱਕੇ ਫੌਜੀਆਂ ਦੇ ਨਾਲ ਨਾਲ ਉਹਨਾਂ ਫੌਜੀਆਂ ਦੀਆਂ ਮੁਸ਼ਕਲਾਂ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਜਿਹੜੇ ਕਿਸੇ ਵੀ ਵੇਲੇ ਦੇਸ਼ ਅਤੇ ਵਿਸ਼ਵ ਅਮਨ ਦੀ ਰਖਵਾਲੀ ਲਈ ਗੋਲੀ ਖਾਣ ਲਈ ਤਿਆਰ ਬਰ ਤਿਆਰ ਬੈਠੇ ਹਨ। ਜੀਵਨ ਦੇ ਜਵਾਨੀ ਭਰੇ ੇ ਸੱਭ ਤੋਂ ਕੀਮਤੀ ਸਾਲ ਫੌਜ ਦੀ ਸੇਵਾ ਵਿੱਚ ਅਰਪਿਤ ਕਰਨ ਵਾਲੇ ਇਹ ਬਹਾਦਰ ਔਸਤਨ 38 ਸਾਲ ਦੀ ਉਮਰ ਦੀ ਛੋਟੀ ਉਮਰ ਵਿੱਚ ਰਿਟਾਇਰ ਹੋ ਜਾਂਦੇ ਹਨ।

ਵੱਖ ਵੱਖ ਸਮੇਂ ਉੱਤੇ ਕੀਤੇ ਸਰਵੇਖਣ ਦੱਸਦੇ ਹਨ ਕਿ ਜਿ਼ਆਦਾਤਰ ਕੈਨੇਡੀਅਨਾਂ ਨੂੰ ਇਹ ਗਲਤਫਹਿਮੀ ਹੈ ਕਿ ਫੌਜ ਚੋਂ ਰਿਟਾਇਰ ਹੋਣ ਤੋਂ ਬਾਅਦ ਫੌਜੀਆਂ ਨੂੰ ਫੁੱਲ ਪੈਨਸ਼ਨ ਮਿਲਦੀ ਹੈ। ਸੱਚ ਇਹ ਹੈ ਕਿ ਸਿਰਫ਼ 30% ਫੌਜੀ ਹੀ ਫੁੱਲ ਪੈਨਸ਼ਨ ਨਾਲ ਰਿਟਾਇਰ ਹੁੰਦੇ ਹਨ। ਬੀਤੇ ਦਿਨੀਂ ਐਨਗਸ ਰੀਡ (Angus Ried) ਵੱਲੋਂ ਕਰਵਾਈ ਗਈ ਪੋਲ ਵਿੱਚ 80% ਕੈਨੇਡੀਅਨਾਂ ਨੇ ਕਿਹਾ ਕਿ ਸਰਕਾਰ ਨੂੰ ਰਿਟਾਇਰ ਫੌਜੀਆਂ ਨੂੰ ਵਧੇਰੇ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਜੇ ਸਰਕਾਰ ਕੈਨੇਡੀਅਨ ਪਬਲਿਕ ਅਤੇ ਫੌਜੀਆਂ ਦੀ ਸੁਣਦੀ ਹੋਵੇ ਤਾਂ ਅਪੰਗ ਹੋਏ ਰਿਟਾਇਰ ਫੌਜੀਆਂ ਨੂੰ ਜਨਵਰੀ 2019 ਵਿੱਚ ਸਰਕਾਰ ਵਿਰੁੱਧ ਕਲਾਸ ਐਕਸ਼ਨ ਕਰਨ ਦੀ ਲੋੜ ਨਾ ਪੈਂਦੀ ਜਿਸ ਵਿੱਚ ਇਲਜ਼ਾਮ ਹਨ ਕਿ ਸਰਕਾਰ ਨੇ ਅਪਾਹਜ ਹੋ ਚੁੱਕੇ ਰਿਟਾਇਰ ਫੌਜੀਆਂ ਨੂੰ ਮਿਲਣ ਵਾਲੇ 165 ਮਿਲੀਅਨ ਡਾਲਰ ਦੇ ਬਰਾਬਰ ਲਾਭ ਰਾਸ਼ੀ ਜਾਣਦੇ ਬੁੱਝਦੇ ਹੋਏ ਜਾਰੀ ਨਹੀਂ ਕੀਤੀ। ਮੁੱਕਦਮੇ ਵਿੱਚ ਕਿਹਾ ਗਿਆ ਹੈ ਕਿ ਇਸ ਸਰਕਾਰੀ ਗਲਤੀ ਨਾਲ 2 ਲੱਖ 70 ਹਜ਼ਾਰ ਰਿਟਾਇਰ ਫੌਜੀ ਪ੍ਰਭਾਵਿਤ ਹੋਏ ਹਨ ਜਿਹਨਾਂ ਵਿੱਚੋਂ 1 ਲੱਖ 20 ਹਜ਼ਾਰ ਦੇ ਕਰੀਬ ਸਵਰਗਵਾਸ ਵੀ ਹੋ ਚੁੱਕੇ ਹਨ। ਇਹਨਾਂ ਜਿਉਂਦੇ ਅਤੇ ਸਵਰਗਵਾਸੀ ਫੌਜੀਆਂ ਲਈ ਵੀ ਰੀਮੈਂਬਰੈਂਸ ਡੇਅ ਨੂੰ ਹੰਝੂ ਕੇਰੇ ਜਾਣ ਦੀ ਲੋੜ ਹੈ।

ਲਿਬਰਲ ਪਾਰਟੀ ਨੇ 2015 ਵਿੱਚ ਵਾਅਦਾ ਕੀਤਾ ਸੀ ਕਿ ਸਾਬਕਾ ਫੌਜੀਆਂ ਨੂੰ ਖਾਸਕਰਕੇ ਪੈਨਸ਼ਨ ਨੂੰ ਲੈ ਕੇ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾਵੇਗਾ, ਪਰ ਹੋ ਨਹੀਂ ਸੀ ਸਕਿਆ। ਸਰਕਾਰ ਕੋਲ ਹੁਣ ਦੁਬਾਰਾ ਅਵਸਰ ਹੈ ਕਿ ਇਸ ਗਲਤੀ ਨੂੰ ਦੂਰ ਕੀਤਾ ਜਾਵੇ। ਸਾਬਕਾ ਫੌਜੀ ਬਣਦੇ ਹੱਕਾਂ ਲਈ ਅਦਾਲਤਾਂ ਵਿੱਚ ਜਾਣ, ਇਹ ਕੋਈ ਸ਼ੋਭਾ ਵਾਲੀ ਗੱਲ ਨਹੀਂ।

 
Have something to say? Post your comment