Welcome to Canadian Punjabi Post
Follow us on

01

June 2020
ਮਨੋਰੰਜਨ

ਅਣਿਆਈ ਮੌਤ

November 06, 2019 09:21 AM

-ਸਵੈਂ ਪ੍ਰਕਾਸ਼
ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਨੌਵੀਂ 'ਚ ਪੜ੍ਹਦਾ ਸੀ। ਸਾਡੀ ਜਮਾਤ 'ਚ ਅੰਮ੍ਰਿਤ ਲਾਲ ਨਾਮ ਦਾ ਇੱਕ ਮੁੰਡਾ ਹੁੰਦਾ ਸੀ। ਪਿਆਰ ਨਾਲ ਸਾਰੇ ਉਸ ਨੂੰ ਇੰਮੀ ਕਹਿੰਦੇ ਸਨ। ਇੰਮੀ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਸੀ। ਉਹ ਨਾ ਸਿਰਫ ਸਕੂਲ ਦੀ ਫੁੱਟਬਾਲ ਟੀਮ ਵਿੱਚ ਸ਼ਾਮਲ ਸੀ, ਸਗੋਂ ਜ਼ਿਲ੍ਹੇ ਦੀ ਟੀਮ ਵਿੱਚ ਖੇਡ ਚੁੱਕਾ ਸੀ। ਉਸ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਕਈ ਵਾਰ ਉਹ ਸਮੇਂ 'ਤੇ ਫੀਸ ਜਮ੍ਹਾਂ ਨਹੀਂ ਕਰਵਾ ਸਕਿਆ ਸੀ ਅਤੇ ਉਸ ਨੂੰ ਅਕਸਰ ਆਪਣੀ ਫੀਸ ਮੁਆਫ ਕਰਵਾਉਣ ਲਈ ਕਦੇ ਕਿਸੇ ਅਤੇ ਕਦੇ ਕਿਸੇ ਦੇ ਪਿੱਛੇ ਘੁੰਮਦਾ ਦੇਖਿਆ ਜਾਂਦਾ ਸੀ। ਉਸ ਨੂੰ ਕਿਹਾ ਗਿਆ ਕਿ ਜਿਸ ਦਿਨ ਉਹ ਰਾਜ ਪੱਧਰੀ ਟੀਮ ਵਿੱਚ ਚੁਣਿਆ ਜਾਏਗਾ, ਉਸਦੀ ਫੀਸ ਮੁਆਫ ਕਰ ਦਿੱਤੀ ਜਾਵੇਗੀ। ਨਤੀਜਾ ਇਹ ਨਿਕਲਿਆ ਕਿ ਸਕੂਲ ਤੋਂ ਬਾਅਦ ਹਨੇਰਾ ਹੋਣ ਤੱਕ ਉਹ ਸਕੂਲ ਦੇ ਮੈਦਾਨ ਵਿੱਚ ਖੇਡਦਾ ਰਹਿੰਦਾ ਭਾਵੇਂ ਇਕੱਲਾ ਹੀ ਹੁੁੰਦਾ, ਮੈਦਾਨ ਦੇ ਦੌੜ ਕੇ ਚੱਕਰ ਲਾਉਂਦਾ ਰਹਿੰਦਾ।
ਇੱਕ ਦਿਨ ਸਵੇਰੇ ਪਤਾ ਲੱਗਾ ਕਿ ਇੰਮੀ ਦੇ ਪਿਤਾ ਜੀ ਦੀ ਮੌਤ ਹੋ ਗਈ ਹੈ। ਸਾਨੂੰ ਬੜਾ ਦੁੱਖ ਹੋਇਆ। ਪੂਰੀ ਕਲਾਸ ਨੂੰ ਪਾਲਾ ਮਾਰ ਗਿਆ। ਅੱਧੀ ਛੁੱਟੀ ਵੇਲੇ ਜਦੋਂ ਬਾਹਰ ਨਿਕਲੇ ਤਾਂ ਸੜਕ 'ਤੇ ਅੱਗੇ ਇੱਕ ਆਦਮੀ ਇੰਮੀ ਦੀ ਬਾਂਹ ਫੜ ਕੇ ਤੁਰ ਰਿਹਾ ਸੀ। ਇੰਮੀ ਦੇ ਹੱਥ ਵਿੱਚ ਇੱਕ ਛਿੱਕਾ ਫੜਿਆ ਹੋਇਆ ਸੀ ਜਿਸ 'ਚ ਰੱਖੀ ਮਟਕੀ 'ਚੋਂ ਧੰੂਆਂ ਨਿਕਲ ਰਿਹਾ ਸੀ। ਪਿੱਛੇ-ਪਿੱਛੇ ਉਸ ਦੇ ਪਿਤਾ ਦੀ ਅਰਥੀ ਤੇ ਅਰਥੀ ਪਿੱਛੇ ਚਲਦੇ ਵੀਹ ਪੱਚੀ ਲੋਕ।
ਤੀਜੇ ਦਿਨ ਸਾਡੀ ਜਮਾਤ ਦੇ ਵੱਡੇ ਮੁੰਡਿਆਂ-ਬਾਲਕਿਸ਼ਨ ਤੇ ਰਾਧੇ ਸ਼ਿਆਮ ਨੇ ਆਪਸ ਵਿੱਚ ਕੁਝ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਬੁਲਾ ਕੇ ਕਿਹਾ ਕਿ ਸਾਨੂੰ ਇੰਮੀ ਦੇ ਘਰ ਬੈਠਣ ਜਾਣਾ ਚਾਹੀਦਾ ਹੈ। ਉਸ ਸਮੇਂ ਮੈਨੂੰ ਨਹੀਂ ਸੀ ਪਤਾ ਕਿ ਬੈਠਣ ਜਾਣ ਦਾ ਮਤਲਬ ਅਫਸੋਸ ਕਰਨ ਜਾਣਾ ਹੁੰਦਾ ਹੈ। ਬਾਲ ਕਿਸ਼ਨ ਤੇ ਰਾਧੇ ਸ਼ਿਆਮ ਦੇ ਸੁਝਾਅ ਨਾਲ ਸਾਰੇੇ ਸਹਿਮਤ ਹੋ ਗਏ। ਜਦੋਂ ਅਮੀਰ ਵਕੀਲ ਕੁਟੂੰਬਲੇ ਦੇ ਬੇਟੇ ਅਸ਼ੋਕ ਨੇ ਕਿਹਾ ਕਿ ਕੱਲ੍ਹ ਸਾਰੇ ਚਿੱਟੇ ਕੱਪੜੇ ਪਾ ਕੇ ਆਉਣਗੇ ਤਾਂ ਮਾਮਲਾ ਥੋੜ੍ਹਾ ਉਲਝ ਗਿਆ। ਸਾਰਿਆਂ ਕੋਲ ਚਿੱਟੀ ਪੈਂਟ-ਸ਼ਰਟ ਹੈ ਨਹੀਂ ਸੀ। ਜੇ ਇੱਕ ਦੋ ਕੋਲ ਸੀ ਵੀ ਤਾਂ ਸਾਫ ਨਹੀਂ ਸੀ, ਜਾਂ ਫਟੀ ਹੋਈ ਸੀ। ਦੂਜੀ ਗੱਲ ਇਹ ਸੀ ਕਿ ਚਿੱਟੇ ਕੱਪੜੇ ਪਾਉਣ ਲਈ ਛੁੱਟੀ ਤੋਂ ਬਾਅਦ ਪਹਿਲਾਂ ਘਰ ਜਾਣਾ ਸੌਖਾ ਸੀ। ਉਂਜ ਵੀ ਉਸ ਦਾ ਘਰ ਸਕੂਲ ਤੋਂ ਜ਼ਿਆਦਾ ਦੂਰ ਨਹੀਂ ਸੀ।
ਇਉਂ ਅਗਲੇ ਦਿਨ ਅਸੀਂ ਸਕੂਲੋਂ ਸਿੱਧੇ ਇੰਮੀ ਦੇ ਘਰ ਗਏ ਬੈਠਣ ਵਾਸਤੇ। ਇੰਮੀ ਦਾ ਘਰ ਬਹੁਤ ਸਾਰੇ ਰੁੱਖਾਂ ਨਾਲ ਘਿਰਿਆ ਹੋਇਆ ਇੱਕ ਖੰਡਰਨੁਮਾ, ਪਰ ਹਵਾਦਾਰ ਇੱਕ ਮੰਜ਼ਿਲਾ ਮਕਾਨ ਸੀ ਜੋ ਇਸ ਸਮੇਂ ਬੜਾ ਸੁੰਨਾ-ਸੁੰਨਾ ਲੱਗ ਰਿਹਾ ਸੀ। ਅਸੀਂ ਸੰਕੋਚ ਦੇ ਮਾਰੇ ਬਹੁਤ ਖੜ੍ਹੇ ਏਧਰ-ਉਧਰ ਦੇਖ ਰਹੇ ਸਾਂ। ਏਨੀ ਦੇਰ 'ਚ ਇੱਕ ਵੱਡੀ ਉਮਰ ਦੀ ਕੁੜੀ ਨੇ ਸਾਨੂੰ ਦੇਖ ਕੇ ਪੁੱਛਿਆ, ‘‘ਕੀਹਨੂੰ ਮਿਲਣਾ ਹੈ? ਇੰਮੀ ਨੂੰ? ਆ ਜਾਓ, ਆ ਜਾਓ, ਇੰਮੀ.. ਤੇਰੇ ਦੋਸਤ ਆਏ ਨੇ।'' ਬੋਲਦੀ-ਬੋਲਦੀ ਲੜਕੀ ਮਕਾਨ ਦੇ ਪਿੱਛੇ ਚਲੀ ਗਈ।
ਅਸੀਂ ਹੌਲੀ-ਹੌਲੀ ਚਲਦੇ ਚੁੱਪ-ਚਾਪ ਅੰਦਰ ਚਲੇ ਗਏ ਤੇ ਮਕਾਨ ਦੇ ਨੰਗੇ ਠੰਢੇ ਫਰਸ਼ 'ਤੇ ਇੱਕ ਦੂਜੇ ਵਿੱਚ ਫਸ ਕੇ ਪਾਲਥੀ ਮਾਰ ਕੇ ਬੈਠ ਗਏ। ਚਾਰ ਪੰਜ ਮਿੰਟ ਬਾਅਦ ਇੰਮੀ ਆਇਆ। ਆਪਣੇ ਨਾਪ ਤੋੋਂ ਕਿਤੇ ਛੋਟਾ ਗੁੱਛਾ-ਮੁੱਛਾ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਈ, ਚੋਪੜਿਆ ਹੋਇਆ ਸਿਰ ਉਤੇ ਪਿੱਛੇ ਛੋਟੀ ਜਿਹੀ ਬੋਦੀ। ਇੰਮੀ ਜ਼ੋਰ-ਜ਼ੋਰ ਨਾਲ ਬੋਲਦਾ ਹੋਇਆ ਅੰਦਰ ਆਇਆ, ‘‘ਮੈਂ ਸੋਚ ਰਿਹਾ ਸੀ ਕਿ ਸਕੂਲੋਂ ਕੋਈ ਨਾ ਕੋਈ ਆਏਗਾ ਜ਼ਰੂਰ। ਹੋਰ? ਕੀ ਹਾਲ ਹੈ? ਕਿਵੇਂ ਚੱਲ ਰਿਹਾ ਹੈ? ਕੀ ਕੱਲ੍ਹ ਹਿਸਾਬ ਦਾ ਟੈਸਟ ਹੋਇਆ ਸੀ? ਗਹਿਲੋਤ ਸਰ ਦੇ ਕੀ ਹਾਲ ਐ? ਜੇ ਸਟੇਟ ਵਿੱਚ ਸਿਲੈਕਟ ਕਰਵਾ ਦਿੰਦੇ ਤਾਂ ਘੱਟੋ ਘੱਟ ਜੁੱਤੇ ਤੇ ਜਰਸੀ ਮਿਲ ਜਾਂਦੀ, ਪਰ ਉਨ੍ਹਾਂ ਦੀਆਂ ਤਾਂ ਫਰਮਾਇਸ਼ਾਂ ਹੀ ਗਜ਼ਬ ਸਨ!! ਹਾਂ ਸੱਚ, ਭਾਰਗਵ ਆ ਰਿਹੈ? ਉਹਦੇ ਕੋਲ ਮੇਰੀ ਮੈਥ ਦੀ ਕਾਪੀ ਰਹਿ ਗਈ ਸੀ। ਖੈਰ! ਉਹਨੂੰ ਕਹਿਣਾ ਕਿ ਹੁਣ ਉਹ ਰੱਖ ਲਵੇ। ਹੁਣ ਮੈਨੂੰ ਉਸਦੀ ਲੋੜ ਨਹੀਂ।''
‘‘ਤੇਰੇ ਪਿਤਾ ਜੀ ਨੂੰ ਕੀ ਹੋਇਆ ਸੀ ਇੰਮੀ?'' ਅਸ਼ੋਕ ਨੇ ਪੁੱਛਿਆ।
‘‘ਉਨ੍ਹਾਂ ਨੂੰ ਟੀ ਬੀ ਸੀ ਨਾ! ਬਹੁਤ ਦਿਨਾਂ ਤੋਂ ਸੀ,'' ਇੰਮੀ ਨੇ ਇਸ ਤਰ੍ਹਾਂ ਕਿਹਾ ਜਿਵੇਂ ਇਹ ਗੱਲ ਹੋਰਾਂ ਦੀ ਤਰ੍ਹਾਂ ਦੀ ਸਾਨੂੰ ਵੀ ਪਤਾ ਹੋਣੀ ਚਾਹੀਦੀ ਸੀ। ਏਨੇ ਚਿਰ ਵਿੱਚ ਉਹੀ ਵੱਡੀ ਲੜਕੀ ਪਿੱਤਲ ਦੀ ਗੜਵੀ ਵਿੱਚ ਠੰਢਾ ਪਾਣੀ ਲੈ ਆਈ। ਨਾਲ ਪਿੱਤਲ ਦਾ ਗਲਾਸ ਵੀ। ਪਿਆਸ ਤਾਂ ਸਾਨੂੰ ਸਾਰਿਆਂ ਨੂੰ ਲੱਗੀ ਸੀ। ਸਾਰਿਆਂ ਨੇ ਪਾਣੀ ਪੀਤਾ।
ਫਿਰ ਪਿੱਛੇ ਕੁਝ ਸ਼ੋਰ ਸੁਣਾਈ ਦਿੱਤਾ ਤਾਂ ਇੰਮੀ ਉੱਠ ਕੇ ਦੇਖਣ ਗਿਆ ਤੇ ਤੁਰੰਤ ਮੁੜ ਆਇਅ। ਉਸ ਦੇ ਹੱਥ ਵਿੱਚ ਅੱਠ-ਦਸ ਅਮਰੂਦ ਸਨ। ‘‘ਅਮਰੂਦ ਖਾਉਗੇ? ਆਪਣੇ ਬਗੀਚੇ ਦੇ ਐ। ਲਓ ਖਾਓ। ਕਈ ਤੋਤੇ ਕੁਤਰ ਜਾਂਦੇ ਹਨ। ਤੁਹਾਨੂੰ ਪਤਾ ਹੈ ਤੋਤਿਆਂ ਦੇ ਕੁਤਰੇ ਹੋਏ ਅਮਰੂਦ ਬਹੁਤ ਮਿੱਠੇ ਹੁੰਦੇ ਐ! ਲਓ..'' ਉਹ ਸਾਰਿਆਂ ਵੱਲ ਇੱਕ-ਇੱਕ ਅਮਰੂਦ ਸੁੱਟਦਾ ਗਿਆ, ਅਸੀਂ ਕੈਚ ਕਰਦੇ ਗਏ। ਸਮਝ ਨਹੀਂ ਆ ਰਿਹਾ ਸੀ ਖਾਈਏ ਕਿ ਨਾਂ ਖਾਈਏ, ਪਰ ਇੰਮੀ ਖੁਦ ਖਾ ਰਿਹਾ ਸੀ। ਸਾਨੂੰ ਸੰਕੋਚ ਕਰਦੇ ਵੇਖ ਕੇ ਬੇਪਰਵਾਹੀ ਨਾਲ ਬੋਲਿਆ, ‘‘ਖਾਓ ਯਾਰ, ਸਾਡੇ ਚਲਦੈ।''
ਸੰਕੋਚ ਦੇ ਮਾਰੇ ਅਸੀਂ ਹੌਲੀ-ਹੌਲੀ ਖਾਣ ਲੱਗੇ। ਅਮਰੂਦ ਮਿੱਠੇ ਸਨ। ਭੁੱਖ ਲੱਗੀ ਸੀ। ਇੰਮੀ ਬੋਲਿਆ, ‘‘ਤੋਤੇ ਐ ਨਾ, ਐਨੇ ਆਉਂਦੇ ਐ ਕਿ ਕੀ ਦੱਸਾਂ, ਖਾਣ ਤਾਂ ਖਾਣ ਕੋਈ ਗੱਲ ਨਹੀਂ, ਪਰ ਇਹ ਕੱਚਿਆਂ ਨੂੰ ਥੋੜ੍ਹਾ ਜਿਹਾ ਕੁਤਰ ਕੇ ਸੁੱਟ ਦਿੰਦੇ ਐ। ਅਸੀਂ ਜਾਲੀ ਵੀ ਵਿਛਾਈ ਤਾਂ ਭੈੜੇ ਜਾਲੀ ਨੂੰ ਕੱਟ ਗਏ। ਹੋਰ ਖਾਓਗੇ? ਛੱਡੋ ਯਾਰ.. ਤੁਸੀਂ ਪਿੱਛੇ ਕਿਉਂ ਨਹੀਂ ਆ ਜਾਂਦੇ? ਆਪਾਂ ਪਿੱਛੇ ਚਲਦੇ ਹਾਂ। ਜੱਕੂ ਨੂੰ ਚੜ੍ਹਾ ਦਿਆਂਗੇ, ਉਹ ਤੋੜ-ਤੋੜ ਦਿੰਦਾ ਜਾਊਗਾ। ਕੋਈ ਹੋਰ ਨਾ ਚੜ੍ਹਾਉ। ਅਮਰੂਦ ਦੀਆਂ ਟਹਿਣੀਆਂ ਕੱਚੀਆਂ ਹੁੰਦੀਆਂ ਹਨ।'' ਬੋਲਦੇ-ਬੋਲਦੇ ਹੀ ਉਹ ਤੁਰ ਪਿਆ। ਪਿੱਛੇ-ਪਿੱਛੇ ਅਸੀਂ..।
ਘਰ ਦੇ ਪਿਛਲੇ ਵਿਹੜੇ ਵਿੱਚ ਅਮਰੂਦਾਂ ਦੇ ਦੋ ਵੱਡੇ-ਵੱਡੇ ਰੁੱਖ ਲੱਗੇ ਸਨ। ਫਲਾਂ ਨਾਲ ਲੱਦੇ ਪਏ ਸਨ। ਕੁਝ ਛੋਟੇ ਬੱਚੇ ਅਮਰੂਦ ਤੋੜ ਕੇ ਖਾ ਰਹੇ ਸਨ। ਸਾਨੂੰ ਦੇਖ ਕੇ ਉਹ ਭੱਜ ਗਏ। ਅਸੀਂ ਵੀ ਅਮਰੂਦ ਖਾਣ ਲੱਗੇ ਅਤੇ ਥੋੜ੍ਹੀ ਦੇਰ ਲਈ ਇਹ ਭੁੱਲ ਹੀ ਗਏ ਕਿ ਅਸੀਂ ਏਥੇ ਅਮਰੂਦ ਖਾਣ ਨਹੀਂ, ਬੈਠਣ ਆਏ ਸੀ।
ਕੋਈ ਘੰਟੇ ਬਾਅਦ ਨਿਕਲਣ ਲੱਗੇ ਤਾਂ ਮੱਜੂ ਨੇ ਇੰਮੀ ਨੂੰ ਪੁੱਛਿਆ, ‘‘ਇੰਮੀ! ਤੂੰ ਸਕੂਲ ਕਦੋਂ ਆਏਂਗਾ?''
ਉਹ ਬੋਲਿਆ, ‘‘ਹੁਣ ਨਹੀਂ ਆਊਂਗਾ।''
ਰਾਧੇ ਸ਼ਿਆਮ ਨੇ ਪੁੱਛਿਆ, ‘‘...ਤਾਂ ਫਿਰ ਕੀ ਕਰੇਂਗਾ?''
ਉਹ ਬੋਲਿਆ, ‘‘ਸਬਜ਼ੀ ਦੀ ਰੇੜ੍ਹੀ ਲਾਵਾਂਗਾ। ਜਿੱਥੇ ਬਾਊ ਜੀ ਲਾਉਂਦੇ ਸੀ। ਭੰਡਾਰੀ ਮਿੱਲ ਸਾਹਮਣੇ ਲਾਵਾਂਗਾ। ਚਾਚੇ ਹੋਰੀਂ ਪਿੰਡੋਂ ਸਬਜ਼ੀ ਲਿਆਉਂਦੇ ਹਨ। ਉਨ੍ਹਾਂ ਦੇ ਦੋਵੇਂ ਬੇਟੇ ਹੁਕਮਚੰਦ ਮਿਲ ਅੱਗੇ ਲਾਉਂਦੇ ਹਨ। ਮੈਂ ਏਧਰ ਲਾਊਂਗਾ। ਦਿਨ ਦੇ ਪੰਜਾਹ ਰੁਪਈਏ ਵੀ ਕਮਾ ਲਏ ਤਾਂ ਬਹੁਤ ਐ ਯਾਰ! ਮੈਂ ਆਂ ਅਤੇ ਮਾਂ ਐ। ਹੋਰ ਹੈ ਕੌਣਾ? ਇੱਕ ਭੈਣ ਸੀ ਉਹਦਾ ਵਿਆਹ ਕਰਤਾ। ਵੈਸੇ ਆਦਮੀ ਪੜ੍ਹ ਲਿਖ ਕੇ ਵੀ ਕੀ ਕਰਦਾ ਹੈ? ਕੰੰਮ ਧੰਦਾ ਹੀ ਕਰਦਾ ਹੈ।''
‘‘...ਤੇ ਫੁੱਟਬਾਲ?'' ਕਿਸੇ ਨੇ ਹੌਲੀ ਜਿਹੀ ਪੁੱਛਿਆ।
‘‘ਫੁੱਟਬਾਲ ਨਾਲ ਰੋਟੀ ਨਹੀਂ ਮਿਲਦੀ। ਸਮਝੇ? ਕੋਈ ਕਿੰਨਾ ਵੀ ਵੱਡਾ ਪਲੇਅਰ ਹੋ ਜਾਵੇ..। ਸਮਝੇ? ਇਹ ਖੇਡ-ਖੂਡ ਸਭ ਭਰੇ ਢਿੱਡ ਵਾਲਿਆਂ ਦੀਆਂ ਗੱਲਾਂ ਨੇ।'' ਇੰਮੀ ਚਿੜ ਗਿਆ, ‘‘ਹੋ ਜਾਓ ਪਲੇਅਰ, ਪਰ ਕੰਮ ਧੰਦਾ ਤਾਂ ਤੁਹਾਨੂੰ ਕਰਨਾ ਹੀ ਪੈਣਾ ਹੈ।''
ਉਸ ਦੀ ਗੱਲ ਸੁਣ ਕੇ ਅਸੀਂ ਚੁੱਪ ਤੇ ਉਦਾਸ ਹੋ ਗਏ। ਲੱਗ ਰਿਹਾ ਸੀ ਜਿਵੇਂ ਉਹ ਸਾਨੂੰ ਨਹੀਂ, ਖੁਦ ਨੂੰ ਸਮਝਾ ਰਿਹਾ ਸੀ। ਬੋਲਦੇ ਸਮੇਂ ਉਸ ਦੀ ਆਵਾਜ਼ ਕੰਬ ਰਹੀ ਸੀ। ਲੱਗਦੀ ਸੀ ਜਿਵੇਂ ਕਿਸੇ ਵੀ ਪਲ ਰੋ ਪਵੇਗਾ। ਰਾਧੇ ਸ਼ਿਆਮ ਨੇ ਇੰਮੀ ਨੂੰ ਗਲ ਨਾਲ ਲਾ ਲਿਆ ਤੇ ਕਿਹਾ, ‘‘ਤੇਰੇ ਪਿਤਾ ਜੀ ਦੀ ਮੌਤ ਦਾ ਬੜਾ ਅਫਸੋਸ ਹੋਇਆ ਇੰਮੀ।''
ਇੰਮੀ ਬੋਲਿਆ, ‘‘ਸਭ ਲਿਖਾ ਕੇ ਲਿਆਉਂਦੇ ਐ ਭਰਾ। ਜਦੋਂ ਖਤਮ ਹੋ ਜਾਂਦੀ ਤਾਂ ਹੋ ਜਾਂਦੀ ਐ। ਫਿਰ ਰੋਵੇ ਭਾਵੇਂ ਛਾਤੀ ਪਿੱਟੋ, ਚਾਹੇ ਕੁਝ ਵੀ ਕਰੋ।'' ਉਹ ਆਪਣੀ ਉਮਰ ਤੋਂ ਬਹੁਤ ਵੱਡਾ ਲੱਗ ਰਿਹਾ ਸੀ ਤੇ ਇਕਦਮ ਵੱਡੇ ਬੰਦਿਆਂ ਵਾਂਗ ਬੋਲ ਰਿਹਾ ਸੀ। ਅਸੀਂ ਚੁੱਪ-ਚਾਪ ਮੂੰਹ ਲਟਕਾ ਕੇ ਬਾਹਰ ਨਿਕਲ ਆਏ ਅਤੇ ਵਾਪਸ ਆ ਗਏ।
ਚਾਰ ਪੰਜ ਸਾਲ ਬਾਅਦ ਇੱਕ ਸ਼ਾਮ ਕੁਝ ਬੱਚੇ ਸਕੂਲ ਦੇ ਮੈਦਾਨ ਵਿੱਚ ਫੁੱਟਬਾਲ ਖੇਡਦੇ ਸੀ ਕਿ ਮੀਂਹ ਆ ਗਿਆ, ਹਨੇਰਾ ਜਿਹਾ ਹੋ ਗਿਆ। ਖੇਡ ਬੰਦ ਨਹੀਂ ਹੋਈ। ਕੁਝ ਬੱਚੇ ਮੀਂਹ ਵਿੱਚ ਤਰ-ਬ-ਤਰ ਭਿੱਜਦੇ ਹੋਏ ਵੀ ਖੇਡ ਰਹੇ ਸਨ। ਅਚਾਨਕ ਇੱਕ ਲੰਮਾ ਚੋੜਾ ਆਦਮੀ ਪਤਾ ਨਹੀਂ ਕਿੱਥੋਂ ਆਇਆ ਤੇ ਬੱਚਿਆਂ ਨਾਲ ਖੇਡਣ ਲੱਗਾ। ਉਹ ਸਭ ਨੂੰ ਝਕਾਨੀ ਦੇ ਰਿਹਾ ਸੀ। ਉਸ ਨਾਲ ਲਟਕਣ, ਚਿੰਬੜਣ ਦੇ ਬਾਵਜੂਦ ਉਹ ਉਸ ਤੋਂ ਗੇਂਦ ਖੋਹਣ ਵਿੱਚ ਕਾਮਯਾਬ ਨਹੀਂ ਹੋ ਰਹੇ ਸਨ। ਘੰਟੇ ਭਰ ਬਾਅਦ ਉਹ ਆਦਮੀ ਕੱਪੜੇ ਨਿਚੋੜਦਾ ਚੁੱਪ-ਚਾਪ ਉੱਧਰ ਚਲਾ ਗਿਆ ਜਿੱਥੇ ਸੜਕ ਕਿਨਾਰੇ ਇੱਕ ਸਬਜ਼ੀ ਦੀ ਰੇੜ੍ਹੀ ਤੇਜ਼ ਮੀਂਹ ਵਿੱਚ ਲਾਵਾਰਸਾਂ ਵਾਂਗ ਖੜ੍ਹੀ ਸੀ।

Have something to say? Post your comment