Welcome to Canadian Punjabi Post
Follow us on

01

June 2020
ਮਨੋਰੰਜਨ

ਕਾਮੇਡੀ ਕਰਨ ਤੋਂ ਡਰ ਲੱਗਦਾ ਹੈ : ਮਾਨਵੀ ਗਾਗਰੂ

November 06, 2019 09:19 AM

ਮਾਨਵੀ ਗਾਗਰੂ ਨੇ ਕਈ ਵੈੱਬ ਸੀਰੀਜ਼ ਵਿੱਚ ਕੰਮ ਕਰ ਕੇ ਬਿਹਤਰੀਨ ਅਭਿਨੇਤਰੀ ਵਜੋਂ ਪਛਾਣ ਬਣਾਈ ਹੈ ਅਤੇ ਦੋ ਫਿਲਮਾਂ ‘ਉਜੜਾ ਚਮਨ’ ਅਤੇ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਨਾਲ ਬਾਲੀਵੁੱਡ ਵਿੱਚ ਵੀ ਕਦਮ ਰੱਖਣ ਜਾ ਰਹੀ ਹੈ। ਪੇਸ਼ ਹਨ ਮਾਨਵੀ ਨਾਲ ਗੱਲਬਾਤ ਦੇ ਮੁੱਖ ਅੰਸ਼ :
* ਵੈੱਬ ਸੀਰੀਜ਼ ਨਾਲ ਫਿਲਮਾਂ ਵੱਲ ਵਧਣਾ ਕੀ ਤੁਹਾਡਾ ਇੱਕ ਸੋਚਿਆ ਸਮਝਿਆ ਫੈਸਲਾ ਹੈ?
- ਮੇਰੇ ਹਿਸਾਬ ਨਾਲ ਤਾਂ ਇਹ ਇੱਕ ਸੁਭਾਵਿਕ ਕਦਮ ਹੈ, ਪਰ ਇਮਾਨਦਾਰੀ ਨਾਲ ਕਹਾਂ ਤਾਂ ਇਹ ਆਪਣੇ ਆਪ ਹੋਇਆ। ਬੇਸ਼ੱਕ ਮੈਂ ਫਿਲਮਾਂ ਵਿੱਚ ਕੰਮ ਕਰਨ ਲਈ ਤਿਆਰ ਸੀ। ਜਦੋਂ ਮੈਨੂੰ ‘ਉਜੜਾ ਚਮਨ’ ਮਿਲੀ ਤਾਂ ਮੈਨੂੰ ਇਸ ਦੀ ਕਹਾਣੀ ਪਸੰਦ ਆਈ। ਜਦੋਂ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਮਿਲੀ ਤਾਂ ਮੈਂ ਖੁਦ ਨੂੰ ਕਿਹਾ ਠੀਕ ਹੈ, ਇਹ ਵੀ ਚੰਗੀ ਹੈ। ਜਿਸ ਵਿੱਚ ਅਸਲ 'ਚ ਇੱਕ ਦਿਲਚਸਪ ਕਾਸਟ ਹੈ। ਮੈਂ ਇਨ੍ਹਾਂ ਫਿਲਮਾਂ ਨੂੰ ਉਨ੍ਹਾਂ ਯੋਜਨਾਵਾਂ ਦੇ ਰੂਪ ਵਿੱਚ ਦੇਖਿਆ, ਜਿਨ੍ਹਾਂ ਨੂੰ ਸੱਚ ਵਿੱਚ ਕਰਨਾ ਚਾਹੁੰਦੀ ਹਾਂ।
* ਦੋਵਾਂ ਫਿਲਮਾਂ 'ਚ ਤੁਹਾਡੇ ਕਿਰਦਾਰ ਕਿੰਨੇ ਵੱਖਰੇ ਹਨ?
-‘ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਆਪਣੇ ਆਪ ਵਿੱਚ ਇੱਕ ਬਹੁਤ ਅਨੋਖੀ ਫਿਲਮ ਹੈ। ਇਹ ਬਰਾਬਰ ਲਿੰਗ ਵਾਲੇ ਲੋਕਾਂ ਵਿੱਚ ਪਿਆਰ ਬਾਰੇ ਹੈ, ਪਰ ਬਹੁਤ ਹਲਕੇ ਫੁਲਕੇ ਅੰਦਾਜ਼ 'ਚ। ਜਿਵੇਂ ਕਿ ਆਯੁਸ਼ਮਾਨ ਦੀ ਕੋਈ ਵੀ ਫਿਲਮ ਹੁੰਦੀ ਹੈ। ਇਸ 'ਚ ਮਜ਼ੇਦਾਰ ਹਾਲਾਤ 'ਚ ਫਸੇ ਕੁਝ ਦਿਲਚਸਪ ਪਾਤਰ ਹੋਣਗੇ। ‘ਉਜੜਾ ਚਮਨ’ ਵਿੱਚ ਮੈਂ ਅਪਸਰਾ ਨਾਂਅ ਦੀ ਕੁੜੀ ਬਣੀ ਹਾਂ। ਚਮਨ (ਸਨੀ ਸਿੰਘ) ਦੁਲਹਨ ਦੀ ਭਾਲ 'ਚ ਹੈ। ਕੁਝ ਪੰਡਤਾਂ ਨੇ ਉਸ ਨੂੰ ਦੱਸਿਆ ਕਿ ਜੇ ਉਹ 31 ਸਾਲ ਦੀ ਉਮਰ ਵਿੱਚ ਵਿਆਹ ਨਹੀਂ ਕਰਦਾ ਹੈ ਤਾਂ ਉਸ ਨੂੰ ਜੀਵਨ ਭਰ ਕੁਆਰਾ ਰਹਿਣਾ ਪਵੇਗਾ, ਇਸ ਲਈ ਉਹ ਵਿਆਹ ਕਰਨ ਨੂੰ ਉਤਾਵਲਾ ਹੈ। ਇਸ ਵਿੱਚ ਉਹ ਜਿਨ੍ਹਾਂ ਲੜਕੀਆਂ ਨੂੰ ਮਿਲਦਾ ਹੈ ਅਪਸਰਾ ਵੀ ਉਨ੍ਹਾਂ 'ਚੋਂ ਇੱਕ ਹੈ। ਇਹ ਮੋਟੀ ਹੈ, ਪਰ ਉਸ ਲਈ ਉਸ ਵਿੱਚ ਹੋਰ ਵੀ ਕੁਝ ਹੈ, ਆਖਰਕਾਰ ਉਨ੍ਹਾਂ ਦੋਵਾਂ ਵਿਚਕਾਰ ਕੁਝ ਹੁੰਦਾ ਹੈ ਅਤੇ ਫਿਲਮ ਦੀ ਕਹਾਣੀ ਅੱਗੇ ਵਧਦੀ ਹੈ। ਫਿਲਮ 'ਚ ਇੱਕ ਬਹੁਤ ਚੰਗਾ ਡਾਇਲਾਗ ਹੈ ਕਿ ‘ਸਾਨੂੰ ਅੰਦਰੂਨੀ ਸੁੰਦਰਤਾ ਦੀ ਤਲਾਸ਼ ਕਰਨੀ ਚਾਹੀਦੀ ਹੈ, ਪਰ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਉਸ ਦੇ ਚਿਹਰੇ ਅਤੇ ਸਰੀਰ ਨੂੰ ਦੇਖਦੇ ਹਾਂ। ਇਸ ਸੋਚ ਨੂੰ ਬਦਲਣ ਦੀ ਲੋੜ ਹੈ। ਇਹੀ ਇਸ ਫਿਲਮ ਵਿੱਚ ਵੱਡਾ ਸੰਦੇਸ਼ ਹੈ।
* ਵੈੱਬ ਸੀਰੀਜ਼ ‘ਫਾਰ ਮੋਰ ਸ਼ਾਟਸ ਪਲੀਜ਼' ਵਿੱਚ ਵੀ ਤਾਂ ਤੁਹਾਡਾ ਚਰਿੱਤਰ ਬਾਡੀ ਸ਼ੇਮਿੰਗ ਖਿਲਾਫ ਸੀ?
- ਮੈਨੂੰ ਅਜਿਹੇ ਰੋਲ ਪਸੰਦ ਹਨ ਤੇ ਮੈਂ ‘ਬਾਡੀ ਪਾਜ਼ੇਟੀਵਿਟੀ’ ਦੀ ਝੰਡਾ ਬਰਦਾਰ ਬਣਨਾ ਚਾਹਾਂਗੀ, ਪਰ ਜਿੱਥੇ ਤੱਕ ਕੰਮ ਦੀ ਗੱਲ ਹੈ, ਮੈਂ ਖੁਦ ਨੂੰ ਇੱਕ ਤਰ੍ਹਾਂ ਦੇ ਰੋਲ 'ਚ ਸੀਮਿਤ ਨਹੀਂ ਕਰਨਾ ਚਾਹਾਂਗੀ। ਮੈਨੂੰ ਪਤਾ ਹੈ ਕਿ ਫਿਲਮ ਨਗਰੀ ਵਿੱਚ ਤੁਹਾਡੇ ਇੱਕ ਰੋਲ ਵਿੱਚ ਟਾਈਪਕਾਸਟ ਹੋਣ ਦਾ ਖਤਰਾ ਰਹਿੰਦਾ ਹੈ। ਮੈਂ ਅਜਿਹੇ ਕਿਸੇ ਜਾਲ ਵਿੱਚ ਫਸਣਾ ਨਹੀਂ ਚਾਹੰੁਦੀ। ਫਿਰ ਭਾਵੇਂ ਫਿਲਮਾਂ 'ਚ ਇੱਕ ਤੋਂ ਬਾਅਦ ਇੱਕ ਹੌਟ ਸੈਕਸੀ ਲੜਕੀ ਦੇ ਰੋਲ ਕਿਉਂ ਨਾ ਹੋਣ।
* ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਦੀ ਸ਼ੂਟਿੰਗ ਕਿਹੋ ਜਿਹੀ ਚੱਲ ਰਹੀ ਹੈ?
- ਪੂਰੀ ਕਾਸਟ ਇੱਕੋ ਜਿਹੀ ਹੈ। ਸਾਡਾ ਇੱਕ ਵ੍ਹਟਸਐਪ ਗਰੁੱਪ ਹੈ ਜਿਸ ਨਾਲ ਅਸੀਂ ਹਮੇਸ਼ਾ ਜੁੜੇ ਰਹਿੰਦੇ ਹਾਂ। ਲੱਗਦਾ ਹੈ ਕਿ ਫਿਲਮ ਖਤਮ ਹੋਣ ਦੇ ਬਾਅਦ ਸਾਨੂੰ ਇੱਕ ਦੂਜੇ ਤੋਂ ਕੁਝ ਸਮੇਂ ਦੀ ਬ੍ਰੇਕ ਦੀ ਲੋੜ ਹੋਵੇਗੀ।
* ਤੁਹਾਡੀਆਂ ਦੋਵੇਂ ਫਿਲਮਾਂ ਕੁਝ ਕੁਝ ਕਾਮੇਡੀ ਹਨ। ਕੀ ਇੱਕ ਅਭਿਨੇਤਰੀ ਵਜੋਂ ਤੁਸੀਂ ਅਜਿਹੀਆਂ ਫਿਲਮਾਂ ਵਿੱਚ ਹੀ ਕੰਮ ਕਰਨਾ ਪਸੰਦ ਕਰਦੇ ਹੋ?
-ਨਹੀਂ, ਪਰ ਪਤਾ ਨਹੀਂ ਕਿਉਂ ਅਜਿਹੀਆਂ ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਆਫਰ ਹੋ ਰਹੀਆਂ ਹਨ। ਸੱਚ ਕਹਾਂ ਤਾਂ ਕਾਮੇਡੀ ਤੋਂ ਮੈਨੂੰ ਡਰ ਲੱਗਦਾ ਹੈ ਕਿਉਂਕਿ ਮੇਰੇ ਖਿਆਲ 'ਚ ਮੈਂ ਇਸ ਵਿੱਚ ਬਹੁਤ ਚੰਗੀ ਨਹੀਂ। ਰੀਅਲ ਲਾਈਫ ਵਿੱਚ ਮੈਂ ਬਹੁਤ ਮਜ਼ਾਕੀਆਂ ਹਾਂ, ਪਰ ਜਿਵੇਂ ਹੀ ਕੋਈ ਮੈਨੂੰ ਕੈਮਰੇ ਦੇ ਸਾਹਮਣੇ ਮਜ਼ਾਕੀਆ ਹੋਣ ਨੂੰ ਕਹਿੰਦਾ ਹੈ ਤਾਂ ਮੈਨੂੰ ਬਹੁਤ ਮੁਸ਼ਕਲ ਲੱਗਦਾ ਹੈ। ਫਿਰ ਵੀ ਪਤਾ ਨਹੀਂ ਕਿਉਂ ਲੋਕਾਂ ਨੂੰ ਮੇਰੀ ਕਾਮੇਡੀ ਚੰਗੀ ਲੱਗਦੀ ਹੈ। ਲੋਕ ਹੈਰਾਨ ਹੋ ਜਾਂਦੇ ਹਨ ਕਿ ਜਦੋਂ ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਮੈਨੂੰ ਕਾਮੇਡੀ ਕਰਨਾ ਪਸੰਦ ਨਹੀਂ ਹੈ।

Have something to say? Post your comment