Welcome to Canadian Punjabi Post
Follow us on

12

November 2019
ਕੈਨੇਡਾ

ਵਿਸ਼ਲੇਸ਼ਣ ਅਨੁਸਾਰ ਤਿੰਨਾਂ ਮੁੱਖ ਪਾਰਟੀਆਂ ਦੇ ਆਗੂਆਂ ਨੇ ਓਨਟਾਰੀਓ, ਕਿਊਬਿਕ ਤੇ ਬੀਸੀ ਵਿੱਚ ਲਾਇਆ ਵਧੇਰੇ ਜ਼ੋਰ

October 18, 2019 10:16 AM

ਟੋਰਾਂਟੋ, 17 ਅਕਤੂਬਰ (ਪੋਸਟ ਬਿਊਰੋ) : 2019 ਦੀਆਂ ਫੈਡਰਲ ਚੋਣਾਂ ਵਿੱਚ ਹੁਣ ਜਦੋਂ ਕੁੱਝ ਦਿਨ ਹੀ ਬਾਕੀ ਰਹਿ ਗਏ ਹਨ ਤਾਂ ਫੈਡਰਲ ਪਾਰਟੀਆਂ ਦੇ ਆਗੂ ਵੀ ਆਪਣੀ ਕਰੌਸ ਕੰਟਰੀ ਮੁਹਿੰਮ ਨੂੰ ਵਿਰਾਮ ਲਾਉਣ ਵੱਲ ਵੱਧ ਰਹੇ ਹਨ।
ਲੀਡਰਾਂ ਦੀ ਪੈੜ ਨੱਪਦਿਆਂ ਹੋਇਆਂ ਇਹ ਸਾਹਮਣੇ ਆਇਆ ਹੈ ਕਿ ਲਿਬਰਲਾਂ, ਕੰਜ਼ਰਵੇਟਿਵਾਂ ਤੇ ਐਨਡੀਪੀ ਨੇ ਕਿਹੜੇ ਇਲਾਕਿਆਂ ਉੱਤੇ ਆਪਣਾ ਵਧੇਰੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਵਿਸ਼ਲੇਸ਼ਣ ਅਨੁਸਾਰ ਬੁੱਧਵਾਰ ਤੱਕ ਤਿੰਨੇਂ ਆਗੂ 208 ਕਮਿਊਨਿਟੀਜ਼ ਦਾ ਦੌਰਾ ਕਰ ਚੁੱਕੇ ਸਨ। ਕਈ ਥਾਂਵਾਂ ਉੱਤੇ ਤਾਂ ਇਨ੍ਹਾਂ ਆਗੂਆਂ ਨੇ ਸਿਰਫ ਤਸਵੀਰਾਂ ਹੀ ਖਿਚਵਾਈਆਂ। ਪਰ ਇਨ੍ਹਾਂ ਦਾ ਬਹੁਤਾ ਧਿਆਨ ਓਨਟਾਰੀਓ, ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸਾਂ ਉੱਤੇ ਹੀ ਰਿਹਾ। ਇਹ ਤਿੰਨੇ ਪ੍ਰੋਵਿੰਸਾਂ ਹੀ ਸੰਘਰਸ਼ ਦਾ ਮੈਦਾਨ ਮੰਨੀਆਂ ਜਾਂਦੀਆਂ ਹਨ ਕਿਉਂਕਿ ਇੱਥੇ ਹੀ ਵੱਧ ਤੋਂ ਵੱਧ ਵੋਟਾਂ ਹਾਸਲ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਨ੍ਹਾਂ ਤਿੰਨਾਂ ਪ੍ਰੋਵਿੰਸਾਂ ਵਿੱਚ ਹੀ ਸੱਭ ਤੋਂ ਵੱਧ ਸੀਟਾਂ ਉਪਲਬਧ ਹਨ। ਹਾਊਸ ਆਫ ਕਾਮਨਜ਼ ਦੀਆਂ 71 ਫੀ ਸਦੀ ਸੀਟਾਂ ਇਨ੍ਹਾਂ ਪ੍ਰੋਵਿੰਸਾਂ ਵਿੱਚ ਹੀ ਹਨ।
ਲਿਬਰਲ ਆਗੂ ਜਸਟਿਨ ਟਰੂਡੋ ਦੇ ਰੁਝੇਵੇਂ ਸਾਰੇ ਆਗੂਆਂ ਨਾਲੋਂ ਵੱਧ ਰਹੇ। ਆਪਣੀ ਹੁਣ ਤੱਕ ਦੀ ਕੈਂਪੇਨ ਵਿੱਚ ਉਹ 78 ਸਪੌਟਸ ਕਵਰ ਕਰ ਚੁੱਕੇ ਹਨ। 36 ਵਾਰੀ ਉਹ ਓਨਟਾਰੀਓ ਰੁਕੇ, 17 ਵਾਰੀ ਕਿਊਬਿਕ ਤੇ ਨੌਂ ਵਾਰੀ ਬ੍ਰਿਟਿਸ਼ ਕੋਲੰਬੀਆ ਰੁਕੇ। ਟਰੂਡੋ ਨੇ ਆਪਣੀ ਕੈਂਪੇਨ ਦੀ ਸ਼ੁਰੂਆਤ ਵੈਨਕੂਵਰ ਤੋਂ ਕੀਤੀ ਤੇ ਫਿਰ ਸਰ੍ਹੀ ਤੇ ਬਰਨਾਬੀ ਵਿੱਚ ਪੜਾਅ ਕੀਤਾ, ਇਹ ਹਲਕੇ 2015 ਵਿੱਚ ਉਹ ਜਿੱਤੇ ਸਨ ਪਰ ਇਸ ਵਾਰੀ ਹਾਰ ਸਕਦੇ ਹਨ। ਰਵਾਇਤੀ ਤੌਰ ਉੱਤੇ ਬੀਸੀ ਵਿੱਚ ਲਿਬਰਲਾਂ ਦਾ ਆਧਾਰ ਬਹੁਤਾ ਮਜ਼ਬੂਤ ਨਹੀਂ ਹੈ ਪਰ ਟਰੂਡੋ ਨੇ 2015 ਵਿੱਚ ਇੱਥੇ 17 ਸੀਟਾਂ ਜਿੱਤ ਕੇ ਇਸ ਨੁਕਤੇ ਨੂੰ ਗਤਲ ਸਿੱਧ ਕੀਤਾ ਸੀ। ਪਰ ਇਸ ਵਾਰੀ ਮਾਹਿਰਾਂ ਨੂੰ ਪ੍ਰੋਵਿੰਸ ਵਿੱਚ ਸਖ਼ਤ ਮੁਕਾਬਲੇ ਦੀ ਸੰਭਾਵਨਾ ਨਜ਼ਰ ਆ ਰਹੀ ਹੈ।
ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ 11 ਸਤੰਬਰ ਤੋਂ ਸ਼ੁਰੂ ਹੋਈ ਕੈਂਪੇਨ ਦੌਰਾਨ 71 ਪੜਾਅ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ 31 ਵਾਰੀ ਓਨਟਾਰੀਓ, 15 ਵਾਰੀ ਕਿਊਬਿਕ ਤੇ ਨੌਂ ਵਾਰੀ ਬੀਸੀ ਦਾ ਦੌਰਾ ਕੀਤਾ। ਪ੍ਰੇਰੀਜ਼ ਵਿੱਚ ਸ਼ੀਅਰ ਨੂੰ ਵਧੇਰੇ ਸਮਰਥਨ ਦੀ ਆਸ ਹੈ ਤੇ ਹੁਣ ਤੱਕ ਉਹ ਸਿਰਫ ਪੰਜ ਵਾਰੀ ਹੀ ਇੱਥੇ ਗਏ ਹਨ। ਦੂਜੇ ਪਾਸੇ ਸ਼ੀਅਰ ਨੂੰ ਐਟਲਾਂਟਿਕ ਕੈਨੇਡਾ ਵਿੱਚ ਵੀ ਕੁੱਝ ਆਧਾਰ ਮਿਲਦਾ ਨਜ਼ਰ ਆ ਰਿਹਾ ਹੈ। 2015 ਵਿੱਚ ਇਹ ਇਲਾਕਾ ਲਿਬਰਲਾਂ ਦੇ ਰੰਗ ਵਿੱਚ ਰੰਗਿਆ ਗਿਆ ਸੀ। ਪਰ ਪਿਛਲੇ 13 ਮਹੀਨਿਆਂ ਵਿੱਚ ਇੱਥੇ ਦੋ ਪ੍ਰੋਗਰੈਸਿਵ ਕੰਜ਼ਰਵੇਟਿਵ ਪ੍ਰੀਮੀਅਰ ਚੁਣੇ ਜਾ ਚੁੱਕੇ ਹਨ। ਸ਼ੀਅਰ ਹੁਣ ਤੱਕ ਦਸ ਵਾਰੀ ਐਟਲਾਂਟਿਕ ਕੈਨੇਡਾ ਦਾ ਦੌਰਾ ਕਰ ਚੁੱਕੇ ਹਨ ਤੇ ਨਿਊ ਬਰੰਜ਼ਵਿੱਕ ਤੇ ਪੀਈਆਈ ਵਿੱਚ ਚਾਰ ਵਾਰੀ ਪੜਾਅ ਕਰ ਚੁੱਕੇ ਹਨ।
ਲਿਬਰਲਾਂ ਤੇ ਕੰਜ਼ਰਵੇਟਿਵਾਂ ਦੇ ਮੁਕਾਬਲੇ ਨਿੱਕੇ ਬਜਟ ਨਾਲ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੀ ਚੋਣ ਮੁਹਿੰਮ ਲਈ ਕੁੱਝ ਗਿਣਵੀਆਂ ਚੁਣਵੀਆਂ ਥਾਂਵਾਂ ਉੱਤੇ ਹੀ ਧਿਆਨ ਕੇਂਦਰਿਤ ਕਰਨ ਨੂੰ ਤਰਜੀਹ ਦਿੱਤੀ। ਕੈਂਪੇਨ ਦੌਰਾਨ ਹੁਣ ਤੱਕ ਉਹ 59 ਥਾਂਵਾਂ ਉੱਤੇ ਪੜਾਅ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ 25 ਵਾਰੀ ਉਨ੍ਹਾਂ ਵੱਲੋਂ ਓਨਟਾਰੀਓ, 20 ਵਾਰੀ ਬੀਸੀ ਤੇ ਦਸ ਵਾਰੀ ਕਿਊਬਿਕ ਦਾ ਦੌਰਾ ਕੀਤਾ ਜਾ ਚੁੱਕਿਆ ਹੈ। ਹਾਲਾਂਕਿ ਸ਼ੀਅਰ ਤੇ ਟਰੂਡੋ ਵੱਲੋਂ ਹਰੇਕ ਪ੍ਰੋਵਿੰਸ ਵਿੱਚ ਕੈਂਪੇਨ ਚਲਾਈ ਗਈ ਹੈ ਪਰ ਜਗਮੀਤ ਸਿੰਘ ਪੀਈਆਈ, ਨਿਊਫਾਊਂਡਲੈਂਡ ਐਂਡ ਲੈਬਰਾਡੌਰ ਜਾਂ ਅਲਬਰਟਾ ਨਹੀਂ ਗਏ। ਇਸ ਤੋਂ ਇਲਾਵਾ ਉਨ੍ਹਾਂ ਸਸਕੈਚਵਨ, ਮੈਨੀਟੋਬਾ, ਨੋਵਾ ਸਕੋਸ਼ੀਆ ਤੇ ਨਿਊ ਬਰੰਜ਼ਵਿੱਕ ਵਿੱਚ ਵੀ ਇੱਕ ਵਾਰੀ ਹੀ ਪੜਾਅ ਕੀਤਾ ਹੈ।
ਹਾਊਸ ਆਫ ਕਾਮਨਜ਼ ਵਿੱਚ ਅਲਬਰਟਾ ਨੂੰ ਚੌਥਾ ਸੱਭ ਤੋਂ ਵੱਧ ਸੀਟਾਂ ਵਾਲੀ ਪ੍ਰੋਵਿੰਸ ਮੰਨਿਆ ਜਾਂਦਾ ਹੈ ਪਰ ਤਿੰਨਾਂ ਆਗੂਆਂ ਵਿੱਚੋਂ ਕਿਸੇ ਵੱਲੋਂ ਵੀ ਇਸ ਨੂੰ ਤਰਜੀਹ ਨਹੀਂ ਦਿੱਤੀ ਗਈ। ਅਜਿਹਾ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ 2015 ਵਿੱਚ ਅਲਬਰਟਾ ਦੇ 34 ਹਲਕਿਆਂ ਵਿੱਚੋਂ ਪੰਜ ਨੂੰ ਛੱਡ ਕੇ ਸਾਰੀਆਂ ਥਾਂਵਾਂ ਉੱਤੇ ਹੀ ਕੰਜ਼ਰਵੇਟਿਵਾਂ ਨੇ ਜਿੱਤ ਹਾਸਲ ਕੀਤੀ ਸੀ ਇਸ ਲਈ ਇਸ ਵਾਰੀ ਵੀ ਇਹੋ ਸਿੱਟੇ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ।

Have something to say? Post your comment