Welcome to Canadian Punjabi Post
Follow us on

01

April 2020
ਟੋਰਾਂਟੋ/ਜੀਟੀਏ

ਬਰੈਂਪਟਨ ਸਾਊਥ ਵਿਚ ਸੋਨੀਆ ਸਿੱਧੂ ਦਾ ਪੱਲੜਾ ਭਾਰੀ, ਜਿੱਤ ਯਕੀਨੀ

October 17, 2019 09:18 AM

ਬਰੈਂਪਟਨ, (ਡਾ. ਝੰਡ) -ਫ਼ੈੱਡਰਲ ਚੋਣਾਂ ਵਿਚ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ। ਹੁਣ ਤਾਂ ਹਫ਼ਤੇ ਤੋਂ ਵੀ ਥੋੜ੍ਹਾ ਸਮਾਂ ਰਹਿ ਗਿਆ ਹੈ, ਵੱਖ-ਵੱਖ ਉਮੀਦਵਾਰਾਂ ਦੀ ਕਿਸਮਤ ਦਾ ਫੈ਼ਸਲਾ ਹੋਣ ਵਿਚ। ਐਡਵਾਂਸ ਪੋਲ ਦੀਆਂ 11 ਤੋਂ 14 ਅਕਤੂਬਰ ਦੀਆਂ ਤਰੀਕਾਂ ਲੰਘ ਗਈਆਂ ਹਨ ਅਤੇ ਹੁਣ ਵੋਟ ਪਾਉਣ ਲਈ ਚੋਣਾਂ ਦੀ ਅਸਲੀ ਤਰੀਕ 21 ਅਕਤੂਬਰ ਹੀ ਬਾਕੀ ਬਚੀ ਹੈ। ਉਸ ਪੋਲਿੰਗ ਵਾਲੇ ਦਿਨ ਦੀ ਰਾਤ ਨੂੰ ਨੌਂ-ਦਸ ਵਜੇ ਇਸ ਚੋਣ ਦੇ ਨਤੀਜੇ ਸੱਭ ਦੇ ਸਾਹਮਣੇ ਹੋਣਗੇ। ਕਿਧਰੇ ਢੋਲ ਵੱਜਣਗੇ ਤੇ ਭੰਗੜੇ ਪੈਣਗੇ, ਅਤੇ ਕਈ ਮੂੰਹ ਲਟਕਾਅ ਕੇ ਵਾਪਸ ਘਰਾਂ ਨੂੰ ਆਉਣਗੇ। ਐਡਵਾਂਸ ਪੋਲ ਖ਼ਤਮ ਹੋ ਚੁੱਕੀ ਹੈ ਅਤੇ ਇਸ ਵਿਚ ਲੋਕਾਂ ਨੇ ਭਾਰੀ ਉਤਸ਼ਾਹ ਵਿਖਾਇਆ ਹੈ। ਇਕ ਅੰਦਾਜ਼ੇ ਅਨੁਸਾਰ ਇਸ ਵਾਰ 10% ਤੋਂ ਵਧੇਰੇ ਐਡਵਾਂਸ ਪੋਲਿੰਗ ਹੋਈ ਹੈ ਅਤੇ ਇਹ ਪਿਛਲੀ ਵਾਰੀ ਨਾਲੋਂ 25% ਵਧੇਰੇ ਹੈ।
ਜੇਕਰ ਬਰੈਂਪਟਨ ਸਾਊਥ ਰਾਈਡਿੰਗ ਦੀ ਗੱਲ ਕਰੀਏ ਤਾਂ ਇੱਥੇ ਪਿਛਲੇ ਚਾਰ ਸਾਲ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਦਾ ਪੱਲੜਾ ਨਾ ਕੇਵਲ ਭਾਰੀ ਲੱਗਦਾ ਹੈ, ਸਗੋਂ ਉਸ ਦੀ ਜਿੱਤ ਬਰੈਂਪਟਨ ਸਾਊਥ ਦੇ ਵਸਨੀਕਾਂ ਨੂੰ ਯਕੀਨੀ ਲੱਗਦੀ ਹੈ। ਇਸ ਦਾ ਕਾਰਨ ਹੈ ਕਿ ਸੋਨੀਆ ਨੇ ਆਪਣੀ ਪਿਛਲੀ ਟੱਰਮ ਵਿਚ ਅਣਥੱਕ ਮਿਹਨਤ ਕੀਤੀ ਹੈ। ਜਿੱਥੇ ਹਾਊਸ ਆਫ਼ ਕਾਮਜ਼ ਦੀ ਹੈੱਲਥ ਕਮੇਟੀ ਦੇ ਸਰਗ਼ਰਮ ਮੈਂਬਰ ਅਤੇ ਸਟੈਡਿੰਗ ਕਮੇਟੀ ਆਨ ਡਾਇਬੇਟੀਜ਼ ਦੇ ਚੇਅਰਪਰਸਨ ਹੋਣ ਦੇ ਨਾਤੇ ਉਸ ਨੇ ਇਨ੍ਹਾਂ ਕਮੇਟੀਆਂ ਵਿਚ ਸਰਗ਼ਰਮ ਹਿੱਸਾ ਲਿਆ ਹੈ, ਉੱਥੇ ਬਰੈਂਪਟਨ ਵਿਚ ਵੀ ਕਈ ਨਵੇਂ ਪ੍ਰਾਜੈੱਕਟ ਲਿਆਉਣ ਵਿਚ ਸਫ਼ਲ ਹੋਈ ਹੈ ਜਿਨ੍ਹਾਂ ਵਿਚ ਬਰੈਂਪਟਨ ਵਿਚ 7,400 ਨਵੀਆਂ ਨੌਕਰੀਆਂ ਲਿਆਉਣ, ਇਨਫ਼ਰਾ-ਸਟਰੱਕਚਰ ਨੂੰ ਮਜ਼ਬੂਤ ਕਰਨ, ਪ੍ਰਦੂਸ਼ਨ ਘੱਟ ਕਰਨ ਵੱਲ ਵੱਧਦਿਆਂ 22 ਇਲੈੱਕਟ੍ਰਿਕ ਬੱਸਾਂ ਦੀ ਖ਼੍ਰੀਦ, ਬਰੈਂਪਟਨ ਡਾਊਨ ਟਾਊਨ ਵਿਖੇ ਰਾਇਰਸਨ ਯੁਨੀਵਰਸਿਟੀ ਦਾ ਸਾਈਬਰ ਕਰਾਈਮ ਖੋਜ ਸੈਂਟਰ ਕਾਇਮ ਕਰਨ ਵਰਗੇ ਪ੍ਰਾਜੈੱਕਟ ਸ਼ਾਮਲ ਹਨ। ਇਸ ਤੋਂ ਇਲਾਵਾ ਕੈਨੇਡਾ ਦੀ ਨਵੀਂ ਫ਼ੂਡ ਗਾਈਡ ਤਿਆਰ ਕਰਨ ਵਿਚ ਵੀ ਉਸ ਨੇ ਅਹਿਮ ਯੋਗਦਾਨ ਪਾਇਆ ਹੈ। ਇਨ੍ਹਾਂ ਕਾਰਨਾਂ ਕਰਕੇ ਐਡਵਾਂਸ ਪੋਲਿੰਗ ਵਿਚ ਵੋਟਰਾਂ ਦਾ ਸੋਨੀਆਂ ਦੇ ਪੱਖ ਵਿਚ ਭਾਰੀ ਝੁਕਾਅ ਰਿਹਾ ਹੈ ਅਤੇ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਇਹ ਵੀ ਉਸ ਦੀ ਜਿੱਤ ਨੂੰ ਯਕੀਨੀ ਬਣਾ ਰਿਹਾ ਲੱਗਦਾ ਹੈ।
ਆਪਣੇ ਖੁਸ਼ਦਿਲ ਅਤੇ ਮਿਲਵਰਤਣ ਵਾਲੇ ਸੁਭਾਅ ਸਦਕਾ ਸੋਨੀਆ ਹਰੇਕ ਵਿਅੱਕਤੀ ਦਾ ਦਿਲ ਜਿੱਤ ਲੈਂਦੀ ਹੈ। ਪਿਛਲੇ ਚਾਰ ਸਾਲਾਂ ਦੌਰਾਨ ਉਸ ਦੇ ਬਰੈਂਪਟਨ ਡਾਊਨ ਟਾਊਨ ਸਥਿਤ ਦਫ਼ਤਰ ਵਿਚ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਲੋਕ ਆਪਣੇ ਦੁੱਖ-ਤਕਲੀਫ਼ ਲੈ ਕੇ ਉਸ ਦੇ ਦਫ਼ਤਰ ਆਉਂਦੇ ਸਨ ਅਤੇ ਉਹ ਉਨ੍ਹਾਂ ਦੇ ਸਮਾਧਾਨ ਲਈ ਸਬੰਧਿਤ ਦਫ਼ਤਰ ਨੂੰ ਓਸੇ ਵੇਲੇ ਫੋਨ ਜਾਂ ਈ-ਮੇਲ ਕਰਦੇ ਸਨ ਅਤੇ ਓਧਰੋਂ ਆਏ ਜੁਆਬ ਬਾਰੇ ਉਨ੍ਹਾਂ ਨੂੰ ਫ਼ੋਨ ਜਾਂ ਈ-ਮੇਲ ਰਾਹੀਂ ਜਾਣਕਾਰੀ ਦਿੰਦੇ ਸਨ। ਸੋਨੀਆ ਦੇ ਕੰਮ ਕਰਨ ਦੇ ਇਸ ਢੰਗ ਤੋਂ ਲੋਕ ਕਾਫ਼਼ੀ ਪ੍ਰਭਾਵਿਤ ਹਨ ਅਤੇ ਉਹ ਉਸ ਨੂੰ ਪਾਰਲੀਮੈਂਟ ਮੈਂਬਰ ਦੇ ਤੌਰ ‘ਤੇ ਆਪਣੇ ਨੁਮਾਇੰਦੇ ਵਜੋਂ ਦੋਬਾਰਾ ਭੇਜਣਾ ਚਾਹੁੰਦੇ ਹਨ। ਬਾਕੀ, ਇਸ ਦੇ ਬਾਰੇ ਪੂਰਾ ਪਤਾ ਤਾਂ 21 ਅਕਤੂਬਰ ਦੀ ਰਾਤ ਨੂੰ ਹੀ ਲੱਗੇਗਾ।

Have something to say? Post your comment