ਰਿਦੇਸ਼ ਦੇਸ਼ਮੁਖ ਅਤੇ ਸਿਧਾਰਥ ਮਲਹੋਤਰਾ ਦੀ ਫਿਲਮ ‘ਮਰਜਾਵਾਂ’ ਦੀ ਰਿਲੀਜ਼ ਡੇਟ ਇੱਕ ਵਾਰ ਫਿਰ ਅੱਗੇ ਖਿਸਕ ਗਈ ਹੈ। ਸੱਤ ਨਵੰਬਰ ਨੂੰ ਆਯੁਸ਼ਮਾਨ ਖੁਰਾਣਾ ਦੀ ਫਿਲਮ ‘ਬਾਲਾ’ ਦੇ ਰਿਲੀਜ਼ ਹੋਣ ਕਾਰਨ ਫਿਲਮ ‘ਮਰਜਾਵਾਂ' ਇਸ ਦੇ ਬਾਅਦ 15 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ‘ਮਰਜਾਵਾਂ’ ਦੋ ਅਕਤੂਬਰ ਨੂੰ ਰਿਲੀਜ਼ ਹੋਣੀ ਸੀ, ਪਰ ‘ਵਾਰ' ਅਤੇ ‘ਸੈਯ ਰਾ ਨਰਸਿਮਹਾ ਰੈੱਡੀ’ ਵਰਗੀਆਂ ਦੋ ਵੱਡੀਆਂ ਫਿਲਮਾਂ ਰਿਲੀਜ਼ ਹੋਣ ਕਾਰਨ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ। ਫਿਲਮ ‘ਬਾਲਾ’ ਦੀ ਰਿਲੀਜ਼ ਡੇਟ ਵਿੱਚ ਵੀ ਕਾਫੀ ਉਲਟਫੇਰ ਕੀਤਾ ਗਿਆ।
ਇਸ ਤੋਂ ਪਹਿਲਾਂ ਕਰਣ ਜੌਹਰ ਨੇ 15 ਨਵੰਬਰ ਨੂੰ ‘ਬਾਲਾ’ ਦੇ ਰਿਲੀਜ਼ ਹੋਣ ਦਾ ਐਲਾਨ ਕੀਤਾ ਸੀ। ਬੀਤੇ ਦਿਨੀਂ ਰਿਲੀਜ਼ ਹੋਏ ‘ਬਾਲਾ' ਦੇ ਟ੍ਰੇਲਰ ਵਿੱਚ ਰਿਲੀਜ਼ ਡੇਟ ਸੱਤ ਨਵੰਬਰ ਦਿਖਾਈ ਗਈ ਹੈ। ‘ਮਰਜਾਵਾਂ’ ਦੀ ਰਿਲੀਜ਼ ਡੇਟ ਟਲਣ 'ਤੇ ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ ਨੇ ਟਵੀਟ ਕੀਤਾ, ‘‘ਮੈਡਾਕ ਫਿਲਮਜ਼ ਨਾਲ ਮੇਰਾ ਪੁਰਾਣਾ ਨਾਤਾ ਰਿਹਾ ਹੈ ਅਤੇ ਦਿਨੇਸ਼ ਵਿਜਨ ਮੇਰੇ ਚੰਗੇ ਮਿੱਤਰ ਹਨ। ਮੈਂ ‘ਬਾਲਾ’ ਲਈ ‘ਮਰਜਾਵਾਂ’ ਦੀ ਰਿਲੀਜ਼ ਨੂੰ 15 ਨਵੰਬਰ 20190 ਤੱਕ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਮੇਰੇ ਵੱਲੋਂ ਟੀਮ ਨੂੰ ਸ਼ੁਭ ਕਾਮਨਾਵਾਂ।” ਮਿਲਾਪ ਜਾਵੇਰੀ ਦੇ ਨਿਰਦੇਸ਼ਨ ਵਾਲੀ ‘ਮਰਜਾਵਾਂ' ਵਿੱਚ ਰਿਤੇਸ਼ ਤੇ ਸਿਧਾਰਥ ਦੇ ਇਲਾਵਾ ਤਾਰਾ ਸੁਤਾਰੀਆ, ਰਕੁਲਪ੍ਰੀਤ ਸਿੰਘ ਅਤੇ ਰਵੀ ਕਿਸ਼ਨ ਮੁੱਖ ਭੂਮਿਕਾ ਵਿੱਚ ਹਨ।