Welcome to Canadian Punjabi Post
Follow us on

01

December 2020
ਅੰਤਰਰਾਸ਼ਟਰੀ

ਬ੍ਰਿਟੇਨ ਤੋਂ ਭਾਰਤੀ ਮੂਲ ਦੇ ਜੋੜੇ ਦੀ ਭਾਰਤ ਨੂੰ ਹਵਾਲਗੀ ਮਨਜ਼ੂਰ

October 17, 2019 08:28 AM

ਲੰਡਨ, 16 ਅਕਤੂਬਰ (ਪੋਸਟ ਬਿਊਰੋ)- ਬ੍ਰਿਟੇਨ ਦੀ ਹਾਈ ਕੋਰਟ ਨੇ ਗੋਦ ਲਏ ਪੁੱਤਰ ਅਤੇ ਰਿਸ਼ਤੇਦਾਰ ਦੇ ਕਤਲ ਕੇਸ ਵਿਚ ਦੋਸ਼ੀ ਭਾਰਤੀ ਮੂਲ ਦੇ ਜੋੜੇ ਦੀ ਹਵਾਲਗੀ ਲਈ ਭਾਰਤ ਨੂੰ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਕੇਸ ਬਾਰੇ ਰਾਇਲ ਕੋਰਟ ਆਫ ਜਸਟਿਸ ਵਿਚ ਅਗਲੇ ਸਾਲ 28 ਜਨਵਰੀ ਨੂੰ ਸੁਣਵਾਈ ਹੋਵੇਗੀ। ਹੱਤਿਆ ਦੀ ਇਹ ਵਾਰਦਾਤ ਸਾਲ 2017 ਵਿਚ ਗੁਜਰਾਤ ਵਿਚ ਕੀਤੀ ਗਈ ਸੀ।
ਅਦਾਲਤ ਵਿੱਚ ਹਵਾਲਗੀ ਦੀ ਕਾਰਵਾਈ ਉੱਤੇ ਭਾਰਤ ਦੀ ਪੈਰਵੀ ਕਰਨ ਵਾਲੇ ਕ੍ਰਾਊਨ ਪ੍ਰਾਸਿਕਿਊਸ਼ਨ ਸਰਵਿਸ (ਸੀ ਪੀ ਐੱਸ) ਨੇ ਕਿਹਾ ਕਿ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਹੇਠਲੀ ਅਦਾਲਤ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਨੇ ਜੁਲਾਈ ਵਿਚ ਭਾਰਤੀ ਮੂਲ ਦੇ ਬ੍ਰਿਟਿਸ਼ ਜੋੜੇ ਆਰਤੀ ਧੀਰ ਅਤੇ ਉਸ ਦੇ ਪਤੀ ਕਵਲ ਰਾਏਜ਼ਾਦਾ ਦੀ ਹਵਾਲਗੀ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਚੀਫ ਮੈਜਿਸਟ੍ਰੇਟ ਐਮਾ ਅਰਬੁਨਾਟ ਨੇ ਕਿਹਾ ਸੀ ਕਿ ਭਾਰਤ ਵਿਚ ਇਸ ਜੋੜੇ ਨੂੰ ਬਿਨਾਂ ਪੈਰੋਲ ਦੀ ਤਜਵੀਜ਼ ਦੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਜਿਹੜੀ ਯੂਰਪੀਨ ਕਨਵੈਨਸ਼ਨ ਆਨ ਹਿਊਮਨ ਰਾਈਟਸ (ਈ ਸੀ ਐੱਚ ਆਰ) ਦੀ ਧਾਰਾ 3 ਦੇ ਖ਼ਿਲਾਫ਼ ਹੈ।
ਵਰਨਣ ਯੋਗ ਹੈ ਕਿ ਅਰਬੁਨਾਟ ਨੇ ਹੀ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ਦਾ ਆਦੇਸ਼ ਦਿੱਤਾ ਸੀ। ਆਰਤੀ ਧੀਰ ਅਤੇ ਕਵਲ ਰਾਏਜ਼ਾਦਾ ਉੱਤੇ ਆਪਣੇ 11 ਸਾਲ ਦੇ ਗੋਦ ਲਏ ਪੁੱਤਰ ਗੋਪਾਲ ਸੇਜਾਨੀ ਤੇ ਆਪਣੇ ਇੱਕ ਰਿਸ਼ਤੇਦਾਰ ਹਰਸੁਖਭਾਈ ਕਰਦਾਨੀ ਦੀ ਹੱਤਿਆ ਦਾ ਦੋਸ਼ ਹੈ। ਇਹ ਕਤਲ ਕਾਂਡ ਫਰਵਰੀ 2017 ਵਿਚ ਗੁਜਰਾਤ ਵਿਚ ਹੋਇਆ ਸੀ। ਗੁਜਰਾਤ ਪੁਲਿਸ ਮੁਤਾਬਕ ਦੋਵਾਂ ਨੇ ਸਾਜ਼ਿਸ਼ ਨਾਲ ਗੋਪਾਲ ਨੂੰ ਗੋਦ ਲੈਣ ਦੀ ਯੋਜਨਾ ਬਣਾਈ ਤੇ 1.3 ਕਰੋੜ ਰੁਪਏ ਦਾ ਉਸ ਦਾ ਬੀਮਾ ਕਰਾਇਆ। ਉਸ ਤੋਂ ਬਾਅਦ ਬੀਮੇ ਦੀ ਰਕਮ ਲਈ ਬੱਚੇ ਤੇ ਰਿਸ਼ਤੇਦਾਰ ਦੀ ਅਗਵਾ ਪਿੱਛੋਂ ਹੱਤਿਆ ਕਰਵਾ ਦਿੱਤੀ ਸੀ। ਕੱਚੇ ਵਾਰੰਟ ਉੱਤੇ ਦੋਵਾਂ ਨੂੰ ਬ੍ਰਿਟੇਨ ਵਿਚ ਜੂਨ 2017 ਵਿਚ ਗ੍ਰਿਫ਼ਤਾਰ ਕੀਤਾ ਗਿਆ, ਪਰ ਬਾਅਦ ਵਿਚ ਸ਼ਰਤਾਂ ਨਾਲ ਜ਼ਮਾਨਤ ਮਿਲ ਗਈ ਸੀ। ਭਾਰਤ ਸਰਕਾਰ ਨੇ ਅਦਾਲਤ ਵਿਚ ਭਰੋਸਾ ਦਿੱਤਾ ਹੈ ਕਿ ਦੋਸ਼ੀ ਪਾਏ ਜਾਣ ਉੱਤੇ ਦੋਸ਼ੀ ਜੋੜੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ, ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।

Have something to say? Post your comment