ਮੈਡ੍ਰਿਡ, 14 ਅਕਤੂਬਰ (ਪੋਸਟ ਬਿਊਰੋ)- ਸਪੇਨ ਦੀ ਸੁਪਰੀਮ ਕੋਰਟ ਨੇ ਕੈਟਾਲੋਨੀਆ ਨੂੰ ਦੇਸ਼ ਤੋਂ ਵੱਖ ਕਰਨ ਦੀ ਕੋਸ਼ਿਸ਼ ਨਾਲ ਜੁੜੇ ਕੇਸ ਵਿੱਚ ਇਸ ਖੇਤਰ ਦੇ 12 ਸਾਬਕਾ ਆਗੂਆਂ ਨੂੰ ਸੋਮਵਾਰ ਨੂੰ 13 ਸਾਲ ਤਕ ਦੀ ਸਜ਼ਾ ਕੀਤੀ ਹੈ। ਇਸ ਦੇਸ਼ ਦੇ ਇਸ ਖੁਸ਼ਹਾਲ ਉੱਤਰ-ਪੂਰਬੀ ਖੇਤਰ ਦੀ ਆਜ਼ਾਦੀ ਲਈ 2017 ਵਿੱਚ ਇੱਕ ਯਤਨ ਕੀਤਾ ਗਿਆ ਸੀ, ਜਿਸ ਨੂੰ ਤਾਨਾਸ਼ਾਹ ਫਰਾਂਸਿਸਕੋ ਫ੍ਰੈਂਕੋ ਦੀ ਮੌਤ ਮਗਰੋਂ ਲੋਕਤੰਤਰ ਅਪਣਾਉਣ ਵਾਲੇ ਸਪੇਨ ਦੇ ਸਭ ਤੋਂ ਚਰਚਿਤ ਕੇਸਾਂ ਵਿੱਚ ਗਿਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਕੈਟਾਲੋਨੀਆ ਸਮਰਥਕ ਮੁੜ ਕੇ ਭੜਕ ਸਕਦੇ ਹਨ।
ਅਦਾਲਤ ਨੇ ਕੈਟਲਾਨ ਖੇਤਰ ਦੇ ਸਾਬਕਾ ਉਪ ਰਾਸ਼ਟਰਪਤੀ ਓਰੀਅਲ ਜਨਕਵੇਰਸ ਨੂੰ ਦੇਸ਼ਧ੍ਰੋਹ ਤੇ ਸਰਕਾਰੀ ਧਨ ਦੀ ਦੁਰਵਰਤੋਂ ਦੇ ਦੋਸ਼ਾਂ ਵਿੱਚ 13 ਸਾਲ ਜੇਲ੍ਹ ਦੀ ਸਜ਼ਾ ਸੁਣਾਈਤੇ ਅੱਠ ਹੋਰ ਆਗੂਆਂ ਨੂੰ ਨੌਂ ਤੋਂ 13 ਸਾਲ ਤੱਕ ਕੈਦ ਦੀ ਸਜ਼ਾ ਦਿੱਤੀ ਹੈ। ਬਾਕੀ ਤਿੰਨ ਆਗੂਆਂ ਨੂੰ ਘੱਟ ਸਜ਼ਾ ਮਿਲੀ ਹੈ। ਸਰਕਾਰੀ ਵਕੀਲ ਨੇ ਇਨ੍ਹਾਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਸੀ। ਸਜ਼ਾ ਪਾਉਣ ਵਾਲਿਆਂ ਵਿੱਚ ਖੇਤਰੀ ਪਾਰਲੀਮੈਂਟ ਦੇ ਸਪੀਕਰ ਕਾਰਮੇ ਫੋਰਕਾਡੇਲ ਸ਼ਾਮਲ ਹਨ। ਉਨ੍ਹਾਂ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਹੋਈ ਹੈ। ਸਾਬਕਾ ਕੈਬਨਿਟ ਮੈਂਬਰਾਂ ਜੋਕਿਮ ਫੋਰਨ ਤੇ ਜੋਸੇਫ ਰੂਲ ਨੂੰ ਸਾਢੇ 10 ਸਾਲ ਦੀ ਸਜ਼ਾ ਦਿੱਤੀ ਗਈ ਹੈ। ਸਾਲ 2017 ਵਿੱਚ ਕੈਟਾਲੋਨੀਆ ਨੂੰ ਸਪੇਨ ਤੋਂ ਵੱਖ ਕਰਨ ਲਈ ਗ਼ੈਰ-ਕਾਨੂੰਨੀ ਤਰੀਕੇ ਨਾਲ ਡਿਫਰੈਂਡਮ ਕਰਾਇਆ ਗਿਆ ਤਾਂ ਇਸ ਖੇਤਰ ਦੇ ਲੋਕਾਂ ਨੇ ਵੱਖਰੇਵੇਂ ਦੇ ਹੱਕ ਵਿੱਚ ਮਤਦਾਨ ਕੀਤਾ ਸੀ। ਇਸ ਨੂੰ ਸੰਸਾਰ ਪੱਧਰ ਉੱਤੇ ਹਮਾਇਤ ਨਹੀਂ ਸੀ ਮਿਲੀ। ਬਾਅਦ ਵਿੱਚ ਸਪੇਨ ਸਰਕਾਰ ਨੇ ਖੇਤਰੀ ਸਰਕਾਰ ਬਰਖ਼ਾਸਤ ਕਰ ਦਿੱਤੀ ਸੀ।