Welcome to Canadian Punjabi Post
Follow us on

12

November 2019
ਕੈਨੇਡਾ

ਸਕੂਲ ਦੇ ਬਾਹਰ ਮਾਰੇ ਗਏ ਲੜਕੇ ਨਾਲ ਹੁੰਦੀ ਸੀ ਧੱਕੇਸ਼ਾਹੀ!

October 10, 2019 09:17 AM

ਟੋਰਾਂਟੋ, 9 ਅਕਤੂਬਰ (ਪੋਸਟ ਬਿਊਰੋ) : ਹੈਮਿਲਟਨ, ਓਨਟਾਰੀਓ ਵਿੱਚ ਹਾਈ ਸਕੂਲ ਦੇ ਬਾਹਰ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ ਮਾਰੇ ਗਏ 14 ਸਾਲਾ ਲੜਕੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਲੜਕੇ ਨਾਲ ਬੁਲਿੰਗ (ਧੱਕੇਸ਼ਾਹੀ) ਕੀਤੀ ਜਾਂਦੀ ਸੀ।
ਆਪਣੇ ਘਰ ਅੱਗੇ ਖੜ੍ਹਕੇ ਆਪਣੇ ਲੜਕੇ ਨੂੰ ਚੇਤੇ ਕਰਦਿਆਂ ਸ਼ਰੀ-ਐਨ ਸੁਲੀਵਨ ਸੈਲਵੀ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਉਸ ਦੀਆਂ ਅੱਖਾਂ ਸਾਹਮਣੇ ਦਮ ਤੋੜਿਆ। ਉਸ ਦੇ ਘਰ ਦੇ ਬਾਹਰ ਵਾਲੇ ਲਾਅਨ ਵਿੱਚ ਫੁੱਲ ਪਏ ਸਨ ਤੇ ਕਈ ਤਰ੍ਹਾਂ ਦੇ ਸੁਨੇਹਿਆਂ ਵਾਲੇ ਸਾਈਨ ਵੀ ਪਏ ਸਨ। ਸੈਲਵੀ ਨੇ ਦੱਸਿਆ ਕਿ ਸਤੰਬਰ ਤੋਂ ਜਦੋਂ ਤੋਂ ਉਸ ਦੇ ਲੜਕੇ ਨੇ ਹਾਈ ਸਕੂਲ ਜਾਣਾ ਸ਼ੁਰੂ ਕੀਤਾ ਉਦੋਂ ਤੋਂ ਹੀ ਉਸ ਨਾਲ ਬੁਲਿੰਗ ਸ਼ੁਰੂ ਹੋ ਗਈ।
ਸੈਲਵੀ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਡੇਵਨ ਸੈਲਵੀ ਕਈ ਕਲਾਸਾਂ ਤਾਂ ਲਾਉਂਦਾ ਹੀ ਨਹੀਂ ਸੀ। ਉਹ ਕੁੱਝ ਕਲਾਸਾਂ ਲਾਉਣ ਲਈ ਜਾਂਦਾ ਤੇ ਫਿਰ ਫੋਨ ਕਰ ਦਿੰਦਾ ਤੇ ਉਹ ਜਾ ਕੇ ਉਸ ਨੂੰ ਲੈ ਆਉਂਦੀ। ਕਈ ਵਾਰੀ ਤਾਂ ਸਵੇਰੇ ਉਹ ਸਕੂਲ ਜਾਣ ਤੋਂ ਹੀ ਇਨਕਾਰ ਕਰ ਦਿੰਦਾ। ਉਨ੍ਹਾਂ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਡੇਵਨ ਨੇ ਫੋਨ ਕਰਕੇ ਉਸ ਨੂੰ ਆਪਣੇ ਸਕੂਲ ਸਰ ਵਿੰਸਟਨ ਚਰਚਿਲ ਸੈਕੰਡਰੀ ਸਕੂਲ, ਜੋ ਕਿ ਪਾਰਕਡੇਲ ਐਵਨਿਊ ਸਾਊਥ ਤੇ ਮੇਨ ਸਟਰੀਟ ਈਸਟ ਉੱਤੇ ਸਥਿਤ ਹੈ, ਵਿਖੇ ਸੱਦਿਆ। ਸੈਲਵੀ ਨੇ ਦੱਸਿਆ ਕਿ ਕੁੱਝ ਟੀਨੇਜਰ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ। ਉਸ ਨੇ ਦੱਸਿਆ ਕਿ ਉਹ ਉੱਥੇ ਪਹੁੰਚੀ ਤਾਂ ਉਸ ਦੀ ਦੁਨੀਆ ਹੀ ਉਜੜ ਚੁੱਕੀ ਸੀ।
ਸੈਲਵੀ ਨੇ ਦੱਸਿਆ ਕਿ ਉਸ ਦਾ ਲੜਕਾ ਡੇਵਨ ਭਾਵੇਂ ਸ਼ਰਮਾਕਲ ਸੀ ਪਰ ਉਹ ਹਮੇਸ਼ਾਂ ਆਪਣੇ ਦੋਸਤਾਂ ਦੀ ਹਿਫਾਜ਼ਤ ਕਰਦਾ ਸੀ ਤੇ ਗਲਤ ਗੱਲ ਦੇ ਖਿਲਾਫ ਖੜ੍ਹਾ ਹੁੰਦਾ ਸੀ। ਉਸ ਦੇ ਦੋਸਤਾਂ ਨੇ ਵੀ ਦੱਸਿਆ ਕਿ ਉਹ ਹਰੇਕ ਨਾਲ ਬਹੁਤ ਵਧੀਆ ਢੰਗ ਨਾਲ ਪੇਸ਼ ਆਉਂਦਾ ਸੀ। ਉਹ ਬਹੁਤ ਮਾਸੂਮ ਸੀ। ਜਿ਼ਕਰਯੋਗ ਹੈ ਕਿ ਡੇਵਨ ਦੇ ਕਤਲ ਦੇ ਸਬੰਧ ਵਿੱਚ ਸਕੂਲ ਦੇ ਬਾਹਰ 1:30 ਵਜੇ ਹਿੰਸਕ ਘਟਨਾ ਵਾਪਰਨ ਦਾ ਪਤਾ ਲੱਗਣ ਤੋਂ ਬਾਅਦ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ ਤੇ ਮੌਕੇ ਤੋਂ ਇੱਕ 18 ਸਾਲਾ ਲੜਕੇ ਤੇ 14 ਸਾਲਾ ਲੜਕੇ, ਦੋਵੇਂ ਹੀ ਹੈਮਿਲਟਨ ਤੋਂ ਹਨ, ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ।
ਮੰਗਲਵਾਰ ਨੂੰ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਦੋਵਾਂ ਨੂੰ ਫਰਸਟ ਡਿਗਰੀ ਮਰਡਰ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ। ਪੁਲਿਸ ਨੇ ਦੋਸ਼ ਲਾਇਆ ਕਿ ਚਾਕੂ 14 ਸਾਲਾ ਲੜਕੇ ਕੋਲ ਸੀ। ਮੰਗਲਵਾਰ ਦੁਪਹਿਰੇ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਰਜੈਂਟ ਸਟੀਵ ਬੈਰੇਜਿ਼ਊਕ ਨੇ ਦੱਸਿਆ ਕਿ ਜਾਂਚਕਾਰਾਂ ਨੂੰ ਇਹ ਸਬੂਤ ਮਿਲੇ ਹਨ ਕਿ ਇਸ ਕਤਲ ਦੀ ਯੋਜਨਾ ਪਹਿਲਾਂ ਹੀ ਬਣਾਈ ਗਈ ਸੀ। ਇਸੇ ਦੌਰਾਨ ਬੈਰੇਜਿ਼ਊਕ ਨੇ ਦੱਸਿਆ ਕਿ ਇਸ ਸਬੰਧ ਵਿੱਚ ਦੋ ਹੋਰ ਮਸ਼ਕੂਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਦਿਨ ਬਾਅਦ ਹੈਮਿਲਟਨ ਪੁਲਿਸ ਨੇ ਦੱਸਿਆ ਕਿ ਉਸ ਜੋੜੇ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਜਾਂਚਕਾਰਾਂ ਨੂੰ ਕਿਸੇ ਹੋਰ ਮਸ਼ਕੂਕ ਦੀ ਭਾਲ ਨਹੀਂ ਹੈ।

 

Have something to say? Post your comment