Welcome to Canadian Punjabi Post
Follow us on

23

November 2020
ਮਨੋਰੰਜਨ

ਲੜਕੀਆਂ ਨੂੰ ਦਲੇਰ ਹੋਣਾ ਚਾਹੀਦਾ ਹੈ : ਪਰਿਣੀਤੀ ਚੋਪੜਾ

October 09, 2019 12:58 PM

ਪਰਿਣੀਤੀ ਚੋਪੜਾ ਕਈ ਦਿਨਾਂ ਤੋਂ ਫਿਲਮ ‘ਦਿ ਗਰਲ ਆਨ ਦਿ ਟ੍ਰੇਨ’ ਦੀ ਸ਼ੂਟਿੰਗ ਲਈ ਲੰਡਨ 'ਚ ਸੀ। ਉਥੇ ਸੱਤ ਹਫਤਿਆਂ ਤੱਕ ਇਸ ਦੀ ਸ਼ੂਟਿੰਗ 'ਚ ਬਿਜ਼ੀ ਰਹਿਣ ਪਿੱਛੋਂ ਆਖਿਰ ਉਸ ਨੂੰ ਛੁੱਟੀ ਮਿਲ ਗਈ ਅਤੇ ਉਹ ਲੰਡਨ ਤੋਂ ਮੁੰਬਈ ਪਰਤ ਆਈ ਹੈ। ਉਸ ਲਈ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਪਰਤਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਆਪਣੇ ਨਵੇਂ ਘਰ 'ਚ ਸ਼ਿਫਟ ਹੋਈ ਹੈ, ਜਿਸ ਦਾ ਉਹ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ। ਉਸ ਨੂੰ ਲੱਗਦਾ ਹੈ ਕਿ ਇੰਨੇ ਦਿਨਾਂ ਤੱਕ ਲਗਾਤਾਰ ਸ਼ੂਟਿੰਗ 'ਚ ਬਿਜ਼ੀ ਰਹਿਣ ਕਾਰਨ ਲੰਡਨ ਤੋਂ ਪਰਤਣ ਤੋਂ ਬਾਅਦ ਅਗਲੇ ਕਈ ਦਿਨ ਉਸ ਦੇ ਦਿਲੋ ਦਿਮਾਗ 'ਚ ਇਹ ਫਿਲਮ ਅਤੇ ਉਸ ਦਾ ਕਿਰਦਾਰ ਛਾਇਆ ਰਹੇਗਾ। ਪੇਸ਼ ਹਨ ਪਰਿਣੀਤੀ ਨਾਲ ਗੱਲਬਾਤ ਦੇ ਕੁਝ ਅੰਸ਼ :
* ਪਿੱਛੇ ਜਿਹੇ ਤੁਸੀਂ ਲੰਡਨ 'ਚ ਆਪਣੀ ਫਿਲਮ ‘ਦਿ ਗਰਲ ਆਨ ਦਿ ਟ੍ਰੇਨ’ ਦੀ ਸ਼ੂਟਿੰਗ ਤੋਂ ਪਰਤੇ ਹੋ। ਕਿਹੋ ਜਿਹਾ ਰਿਹਾ ਉਥੇ ਸ਼ੂਟਿੰਗ ਦਾ ਅਨੁਭਵ?
- ਮੇਰੇ ਕੋਲ ਇਸ ਲਈ ਸ਼ਬਦ ਨਹੀਂ ਹਨ। ਭਾਵਨਾਵਾਂ ਮੈਨੂੰ ਭਾਵੁਕ ਕਰ ਰਹੀਆਂ ਹਨ ਅਤੇ ਇਹੀ ਇੱਕ ਅਜਿਹੀ ਪਹਿਲੀ ਫਿਲਮ ਹੈ, ਜਿਸ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਇਸ ਦੀਆਂ ਯਾਦਾਂ ਮੇਰੇ ਅੰਦਰ ਰਹਿਣਗੀਆਂ। ਫਿਲਮ ਵਿੱਚ ਮੇਰਾ ਕਿਰਦਾਰ ਸਥਾਈ ਰੂਪ 'ਚ ਮੇਰੇ ਅੰਦਰ ਰਹੇਗਾ। ਮੈਨੂੰ ਉਸ ਦੀ ਅਤੇ ਉਸ ਦੀ ਭੂਮਿਕਾ ਨਿਭਾਉਣ ਦੀ ਯਾਦ ਆਉਂਦੀ ਹੈ। ਮੈਨੂੰ ਲੱਗਦਾ ਹੈ ਕਿ ਮੈਂ ਸੱਚਮੁੱਚ ਵੱਡੀ ਹੋ ਗਈ ਹਾਂ, ਪਰ ਸਭ ਤੋਂ ਵੱਧ ਮੈਂ ਧੰਨਵਾਦੀ ਮਹਿਸੂਸ ਕਰਦੀ ਹਾਂ। ਇਸ ਨੂੰ ਜੀਵਨ 'ਚ ਤਬਦੀਲੀ ਕਰਨ ਵਾਲਾ ਰੋਲ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ।
* ਲੰਡਨ ਤੋਂ ਪਰਤ ਕੇ ਤੁਸੀਂ ਆਪਣੇ ਨਵੇਂ ਘਰ 'ਚ ਪ੍ਰਵੇਸ਼ ਕਰ ਲਿਆ ਹੈ?
- ਮੁੰਬਈ ਦੇ ਖਾਰ ਪੱਛਮ 'ਚ ਬਹੁਤ ਹਰਿਆਲੀ ਭਰੇ ਰਸਤੇ 'ਤੇ ਇਹ ਘਰ ਬਣਿਆ ਹੈ। ਮੈਨੂੰ ਆਪਣੇ ਨਵੇਂ ਟਿਕਾਣੇ ਨਾਲ ਪਿਆਰ ਹੋ ਗਿਆ। ਕਦੋਂ ਦੀ ਮੈਂ ਇੱਕ ਵੱਡੀ, ਥੋੜ੍ਹੀ ਪਿਆਰੀ ਤੇ ਬਿਲਕੁਲ ਆਪਣੇ ਘਰ ਵਰਗੀ ਲੱਗਣ ਵਾਲੀ ਜਗ੍ਹਾ ਲੱਭ ਰਹੀ ਸੀ, ਪਰ ਪਹਿਲਾਂ ਫਿਲਮਾਂ ਤੇ ਫਿਰ ਕਮਰਸ਼ੀਅਲਜ਼ ਦੀ ਸ਼ੂਟਿੰਗ 'ਚ ਬਿਜ਼ੀ ਹੋਣ ਕਾਰਨ ਇਸ ਲਈ ਸਮਾਂ ਨਹੀਂ ਮਿਲ ਰਿਹਾ ਸੀ। ਆਖਰ ਮੈਨੂੰ ਆਪਣੀ ਤਰ੍ਹਾਂ ਦੀ ਜਗ੍ਹਾ ਮਿਲ ਗਈ ਹੈ ਤੇ ਮੈਂ ਆਪਣੀ ਪਸੰਦ ਦੇ ਹਿਸਾਬ ਨਾਲ ਇਸ ਨੂੰ ਸਜਾ ਵੀ ਸਕੀ ਹਾਂ। ਮੈਂ ਜਲਦ ਹੀ ਦੋਸਤਾਂ ਨੂੰ ਇਸ ਨਵੇਂ ਘਰ 'ਚ ਬੁਲਾਉਣ ਵਾਲੀ ਹਾਂ। ਘਰ ਬਿਲਕੁਲ ਮੇਰੇ ਵਰਗਾ ਹੈ। ਮੈਂ ਦੁਨੀਆ ਭਰ 'ਚ ਘੁੰਮਦੀ ਰਹਿੰਦੀ ਹਾਂ ਅਤੇ ਇਥੇ ਇਸ ਘਰ 'ਚ ਮੈਂ ਇਨ੍ਹਾਂ ਸਾਰੇ ਦੇਸ਼ਾਂ ਤੋਂ ਕੁਝ ਨਾ ਕੁਝ ਲਿਆ ਕੇ ਸਜਾਇਆ ਹੈ।
* ਅੱਜ ਤੱਕ ਦੇ ਆਪਣੇ ਫਿਲਮੀ ਸਫਰ ਨੂੰ ਕਿਸ ਤਰ੍ਹਾਂ ਦੇਖਦੇ ਹੋ?
- ਮੈਂ ਫਿਲਮ ਨਗਰੀ 'ਚ ਆਪਣੇ ਦਮ ਉੱਤੇ ਆਪਣੀ ਪਛਾਣ ਬਣਾਈ ਹੈ। ਇਥੋਂ ਤੱਕ ਕਿ ਮੈਂ ਆਪਣੀ ਕਜ਼ਨ ਪ੍ਰਿਅੰਕਾ ਚੋਪੜਾ ਤੋਂ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਲਈ ਕਿਉਂਕਿ ਮੇਰਾ ਮੰਨਣਾ ਹੈ ਕਿ ਤੁਸੀਂ ਬੇਸ਼ੱਕ ਕਿਸੇ ਦੇ ਬੇਟੇ, ਬੇਟੀ ਜਾਂ ਭਰਾ-ਭੈਣ ਹੋਵੋ, ਅੱਜਕੱਲ੍ਹ ਦਰਸ਼ਕਾਂ ਨੂੰ ਉਸ ਨਾਲ ਫਰਕ ਨਹੀਂ ਪੈਂਦਾ ਅਤੇ ਨਾ ਫਿਲਮ ਨਗਰੀ ਨੂੰ। ਕਈ ਸਟਾਰ ਪੁੱਤਰ-ਧੀਆਂ ਅੱਜ ਤੱਕ ਲਾਂਚ ਨਹੀਂ ਹੋ ਸਕੇ ਅਤੇ ਕਿੰਨੇ ਹਨ, ਜਿਨ੍ਹਾਂ ਨੂੰ ਲਾਂਚ ਕੀਤਾ ਗਿਆ, ਪਰ ਉਹ ਫੇਲ੍ਹ ਹੋ ਗਏ। ਮੈਂ ਆਪਣੇ ਬਲਬੂਤੇ 'ਤੇ ਆਪਣੀ ਪਹਿਲੀ ਫਿਲਮ ‘ਲੇਡੀਜ਼ ਵਰਸਿਜ਼ ਰਿੱਕੀ ਬਹਿਲ’ ਪ੍ਰਾਪਤ ਕੀਤੀ ਸੀ, ਫਿਰ ਵੀ ਮੈਂ ਪ੍ਰਿਅੰਕਾ ਤੋਂ ਪ੍ਰੇਰਨਾ ਲੈਂਦੀ ਹਾਂ। ਉਸ ਨੂੰ ਇੰਨੇ ਸਾਲ ਹੋ ਗਏ ਫਿਲਮ ਨਗਰੀ ਵਿੱਚ, ਫਿਰ ਵੀ ਉਹ ਇੰਨੀ ਸ਼ਿੱਦਤ ਨਾਲ ਕੰਮ ਕਰਦੀ ਹੈ।
* ਫਿਲਮ ਨਗਰੀ ਵਿੱਚ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਦੇਖੋ ਤਾਂ ਤੁਸੀਂ ਪਹਿਲਾਂ ਤੋਂ ਕਿਤੇ ਜ਼ਿਆਦਾ ਫਿੱਟ ਹੋ ਗਏ ਹੋ। ਇਸ ਲਈ ਕਿਹੜੀ ਖਾਸ ਕੋਸ਼ਿਸ਼ ਕਰ ਰਹੇ ਹੋ ਤੁਸੀਂ?
- ਇਸ ਲਈ ਸਹੀ ਡਾਈਟ ਤੇ ਰੈਗੂਲਰ ਵਰਕਆਊਟ ਕਰਦੀ ਹਾਂ। ਉਂਝ ਦੱਸ ਦੇਵਾਂ ਕਿ ਮੈਂ ਸ਼ੁਰੂ ਤੋਂ ਹੀ ਫੂਡੀ ਰਹੀ ਹਾਂ। ਪਿੱਜ਼ਾ ਪ੍ਰੇਮ ਤਾਂ ਮੇਰਾ ਜੱਗ ਜਾਹਰ ਹੈ। ਮੇਰਾ ਦਿਲ ਭਾਰਤੀ ਪਕਵਾਨਾਂ 'ਤੇ ਵੀ ਧੜਕਦਾ ਹੈ, ਫਿਰ ਉਹ ਪੰਜਾਬੀ ਹੋਣ, ਦੱਖਣ ਭਾਰਤੀ ਜਾਂ ਗੁਜਰਾਤੀ। ਮੈਨੂੰ ਖਾਸ ਤੌਰ 'ਤੇ ਦਾਲ ਮੱਖਣੀ, ਜੀਰਾ ਆਲੂ ਤੇ ਪਰੌਂਠੇ ਪਸੰਦ ਹਨ। ਖਾਣ ਦੇ ਮੂਡ 'ਚ ਹੁੰਦੀ ਹਾਂ ਤਾਂ ਲੱਗਦਾ ਹੈ ਕਿ ਢੱਠੇ ਖੂਹ 'ਚ ਪਵੇ ਦੁਨੀਆ। ਫਿਰ ਲੱਗਦਾ ਹੈ ਕਿ ਮੈਂ ਐਕਟ੍ਰੈਸ ਹਾਂ, ਮੈਨੂੰ ਫਿੱਟ ਰਹਿਣਾ ਪਵੇਗਾ ਅਤੇ ਡਾਈਟਿੰਗ ਕਰਨ ਲੱਗਦੀ ਹਾਂ।
* ਤੁਹਾਨੂੰ ਅੱਜ ਤੱਕ ਕੋਈ ਚਾਹੁਣ ਵਾਲਾ ਨਹੀਂ ਮਿਲਿਆ?
- ਇਹ ਗੱਲ ਨਹੀਂ ਹੈ, ਜਦੋਂ ਮੈਂ 17 ਸਾਲ ਦੀ ਸੀ ਤਾਂ ਪਹਿਲੀ ਵਾਰ ਰਿਲੇਸ਼ਨਸ਼ਿਪ 'ਚ ਪਈ ਸੀ। ਉਹ ਰਿਸ਼ਤਾ ਦੋ ਸਾਲ ਚੱਲਿਆ ਤੇ ਖਤਮ ਹੋ ਗਿਆ। ਉਸ ਉਮਰ ਵਿੱਚ ਤੁਹਾਨੂੰ ਇਨ੍ਹਾਂ ਗੱਲਾਂ ਦੀ ਖਾਸ ਸਮਝ ਨਹੀਂ ਹੁੰਦੀ। ਫਿਰ ਤੁਹਾਨੂੰ ਲੱਗਦਾ ਹੈ ਕਿ ਇਹ ਉਹ ਇਨਸਾਨ ਹੈ, ਜਿਸ ਨਾਲ ਤੁਸੀਂ ਜ਼ਿੰਦਗੀ ਦੇ 50 ਸਾਲ ਗੁਜ਼ਾਰਨਾ ਚਾਹੁੰਦੇ ਹੋ। ਹਰ ਰਿਲੇਸ਼ਨਸ਼ਿਪ 'ਚ ਇਹ ਸੋਚ ਕੇ ਪੈਂਦੇ ਹੋ ਕਿ ਸ਼ਾਇਦ ਇਹ ਉਹ ਰਿਸ਼ਤਾ ਹੈ, ਜੋ ਜ਼ਿੰਦਗੀ ਭਰ ਚੱਲੇ, ਪਰ ਘੱਟ ਉਮਰ ਵਿੱਚ ਤੁਸੀਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ। ਬਾਅਦ ਵਿੱਚ ਤੁਹਾਨੂੰ ਇਨ੍ਹਾਂ ਚੀਜ਼ਾਂ ਦਾ ਅਹਿਸਾਸ ਹੁੰਦਾ ਹੈ। ਅੱਜ ਮੈਂ ਕਾਫੀ ਮੈਚਿਓਰ ਹਾਂ, ਪਰ ਫਿਲਹਾਲ ਸਿੰਗਲ ਹਾਂ ਅਤੇ ਚਾਹੁੰਦੀ ਹਾਂ ਕਿ ਜਲਦ ਹੀ ਮੈਨੂੰ ਮੇਰੇ ਵਰਗਾ ਮਿਲ ਜਾਵੇ।
* ਅੱਜ ਸਮਾਜ 'ਚ ਲੜਕੀਆਂ ਦੀ ਸਥਿਤੀ ਬਾਰੇ ਤੁਸੀਂ ਕੀ ਸੋਚਦੇ ਹੋ। ਕੀ ਤਬਦੀਲੀ ਆਈ ਹੈ?
- ਅੱਜ ਵੀ ਸਮਾਜ ਦੀ ਸੋਚ ਬਹੁਤੀ ਬਦਲੀ ਨਹੀਂ। ਮੰਨ ਲਿਆ ਜਾਂਦਾ ਹੈ ਕਿ ਲੜਕੀਆਂ ਕਮਜ਼ੋਰ ਹਨ। ਉਨ੍ਹਾਂ ਨੂੰ ਕਿਸੇ ਦੇ ਨਾਲ ਹੀ ਘਰ 'ਚੋਂ ਬਾਹਰ ਨਿਕਲਣਾ ਚਾਹੀਦਾ ਹੈ। ਮੈਂ ਚਾਹੁੰਦੀ ਹਾਂ ਕਿ ਇਹ ਸੋਚ ਬਦਲੇ। ਮੇਰੇ ਹਿਸਾਬ ਨਾਲ ਆਧੁਨਿਕ ਲੜਕੀ ਦੀ ਪਰਿਭਾਸ਼ਾ ਹੋਣੀ ਚਾਹੀਦੀ ਹੈ। ‘ਫੀਅਰਲੈਸ’ ਮਤਲਬ ਨਿਡਰ।

Have something to say? Post your comment