ਚੰਡੀਗੜ੍ਹ, 8 ਅਕਤੂਬਰ (ਪੋਸਟ ਬਿਊਰੋ)- ਆਪਣੀ 8 ਸਾਲ ਬੱਚੀ ਨੂੰ ਇਨਸਾਫ ਦਿਵਾਉਣ ਦੀ ਗੁਹਾਰ ਲਈ ਇੱਕ ਮਾਂ ਕੱਲ੍ਹ ਸੈਕਟਰ 27 ਵਿਖੇ ਪ੍ਰੈਸ ਕਲੱਬ ਵਿੱਚ ਮੀਡੀਆ ਦੇ ਸਾਹਮਣੇ ਹੋਈ। ਉਸ ਨੇ ਦੇਸ਼ ਲਾਏ ਕਿ ਵਿਦੇਸ਼ ਵਿੱਚ ਪਾਦਰੀ ਬਜਿੰਦਰ ਸਿੰਘ ਨੇ ਉਸ ਦੀ ਬੱਚੀ ਦਾ ਸਰੀਰਕ ਸ਼ੋਸ਼ਣ ਕੀਤਾ ਹੈ।
ਯੋਗ ਹੈ ਕਿ ਪਾਦਰੀ ਬਜਿੰਦਰ ਸਿੰਘ 'ਤੇ ਇਹ ਦੂਜਾ ਦੋਸ਼ ਲੱਗਾ ਹੈ, ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਮੁਹਾਲੀ ਦੀ ਇੱਕ ਅਦਾਲਤ ਵਿੱਚ ਬਲਾਤਕਾਰ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ। ਬੱਚੀ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਸ ਉਸ ਦੀ ਮਾਂ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ, ਜਦ ਕਿ ਪੀੜਤ ਬੱਚੀ ਦੀ ਮਾਂ ਦਾ ਦੋਸ਼ ਹੈ ਕਿ ਪੁਲਸ ਨੇ ਹਾਲੇ ਤੱਕ ਪਾਦਰੀ ਦਾ ਦਬਾਅ ਹੋਣ ਦੇ ਚਲਦੇ ਸ਼ਿਕਾਇਤ ਦੇ ਤਿੰਨ ਮਹੀਨੇ ਬਾਅਦ ਵੀ ਪਾਦਰੀ ਖਿਲਾਫ ਜ਼ੀਰੋ ਡੀ ਡੀ ਆਰ ਤੱਕ ਵੀ ਦਰਜ ਨਹੀਂ ਕੀਤੀ। ਪੀੜਤਾ ਦੀ ਮਾਂ ਨੇ ਦੱਸਿਆ ਕਿ ਪਾਦਰੀ ਬਜਿੰਦਰ ਸਿੰਘ ਉਨ੍ਹਾਂ ਨੂੰ ਆਪਣੀ ਬੱਚੀ ਨਾਲ ਵਿਦੇਸ਼ ਵਿੱਚ ਇੱਕ ਇੰਟਰਨੈਸ਼ਨਲ ਕਾਨਫਰੰਸ 'ਚ ਸ਼ਾਮਲ ਕਰਵਾਉਣ ਲਈ ਆਪਣੇ ਨਾਲ ਲੈ ਕੇ ਗਿਆ ਸੀ, ਪਰ ਉਥੇ ਜਾ ਕੇ ਪਾਦਰੀ ਨੇ ਇੱਕ ਔਰਤ ਨਾਲ ਮਿਲ ਕੇ ਉਨ੍ਹਾਂ ਦੀ ਬੱਚੀ ਦਾ ਸਰੀਰਕ ਸ਼ੋਸ਼ਣ ਕੀਤਾ ਸੀ, ਜਿਸ ਦਾ ਖੁਲਾਸਾ ਉਨ੍ਹਾਂ ਨੂੰ ਭਾਰਤ ਵਾਪਸ ਆਉਣ ਤੋਂ ਬਾਅਦ ਹੋਇਆ ਤੇ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਪਾਦਰੀ ਸਮੇਤ ਔਰਤ ਖਿਲਾਫ ਚੰਡੀਗੜ੍ਹ ਪੁਲਸ ਨੂੰ ਸ਼ਿਕਾਇਤ ਦਰਜ ਕਰਾਈ ਸੀ। ਪਰ ਪੁਲਸ ਨੇ ਹਾਲੇ ਤੱਕ ਸਬੰਧਤ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ।
ਦੂਜੇ ਪਾਸੇ ਪਾਦਰੀ ਬਜਿੰਦਰ ਸਿੰਘ ਨੇ ਪੀੜਤ ਬੱਚੀ ਦੀ ਮਾਂ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਬੱਚੀ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ ਤੇ ਇਹ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ।