ਹਾਂਗਕਾਂਗ, 8 ਅਕਤੂਬਰ (ਪੋਸਟ ਬਿਊਰੋ)- ਕੌਮਾਂਤਰੀ ਆਰਥਿਕ ਸੁਸਤੀ ਦਾ ਅਸਰ ਰੋਜ਼ਗਾਰ 'ਤੇ ਸਾਫ ਦਿੱਸਣ ਲੱਗਾ ਹੈ। ਕੌਮਾਂਤਰੀ ਬੈਂਕਿੰਗ ਕੰਪਨੀ ਐੱਚ ਐੱਸ ਬੀ ਸੀ 10,000 ਹੋਰ ਲੋਕਾਂ ਨੂੰ ਨੌਕਰੀ ਤੋਂ ਕੱਢਣ ਲੱਗੀ ਹੈ। ਕੁਝ ਹਫਤੇ ਪਹਿਲਾਂ ਇਸ ਬੈਂਕ ਦੇ ਸੀ ਈ ਓ ਨੇ ਅਹੁਦਾ ਛੱਡਿਆ ਸੀ ਅਤੇ ਕਮਜ਼ੋਰ ਗਲੋਬਲ ਆਊਟਲੁੱਕ ਦਾ ਹਵਾਲਾ ਦਿੰਦਿਆਂ ਚਾਰ ਹਜ਼ਾਰ ਲੋਕਾਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ ਕੀਤਾ ਸੀ। ਬੈਂਕ ਦਾ ਹੈਡਕੁਆਰਟਰ ਲੰਡਨ 'ਚ ਹੈ।
ਇੱਕ ਰਿਪੋਰਟ ਮੁਤਾਬਕ ਬੈਂਕ ਨੂੰ ਘਟਦੀ ਵਿਆਜ ਦਰ, ਬ੍ਰੈਗਜ਼ਿਟ ਅਤੇ ਲੰਮੀ ਖਿੱਚੀ ਜਾ ਰਹੀ ਟ੍ਰੇਡ ਵਾਰ ਨਾਲ ਨਜਿੱਠਣ 'ਚ ਮੁਸ਼ਕਲ ਹੋ ਰਹੀ ਹੈ। ਇਸ ਬੈਂਕ ਦੇ ਨਵੇਂ ਮੁਖੀ ਨੋਏਲ ਕਵਿਨ ਖਰਚਾ ਘਟਾਉਣ ਦੀ ਮੁਹਿੰਮ ਚਲਾ ਰਹੇ ਹਨ। ਇਸ ਮੁਹਿੰਮ ਹੇਠ 10,000 ਹੋਰ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ। ਪਿਛਲੇ ਮਹੀਨੇ ਜਰਮਨੀ ਦੇ ਦੂਜੇ ਸਭ ਤੋਂ ਵੱਡੇ ਬੈਂਕ ਕਾਮਰਸ ਬੈਂਕ ਨੇ ਕਿਹਾ ਸੀ ਕਿ ਉਹ 4300 ਕੁੱਲ ਵਕਤੀ ਅਹੁਦਿਆਂ ਦੇ ਬਰਾਬਰ ਸਟਾਫ ਦੀ ਛਾਂਟੀ ਕਰੇਗਾ। ਇਹ ਗਿਣਤੀ ਉਸ ਦੇ ਕੁੱਲ ਸਟਾਫ ਦਾ 10 ਫੀਸਦੀ ਹੈ। ਬੈਂਕ ਨੇ 200 ਬਰਾਂਚਾਂ ਬੰਦ ਕਰਨ ਦਾ ਐਲਾਨ ਕੀਤਾ ਸੀ। ਨੌਕਰੀ ਤੋਂ ਕੱਢੇ ਜਾਣ ਵਾਲਿਆਂ 'ਚ ਜ਼ਿਆਦਾਤਰ ਮੋਟੀ ਤਨਖਾਹ ਲੈਣ ਵਾਲੇ ਕਰਮਚਾਰੀ ਹਨ।
ਜਾਣਕਾਰ ਸੂਤਰਾਂ ਨੇ ਕਿਹਾ ਕਿ ਅਸੀਂ ਕਈ ਸਾਲਾਂ ਤੋਂ ਜਾਣਦੇ ਹਾਂ ਕਿ ਸਾਨੂੰ ਖਰਚੇ ਦੇ ਮੋਰਚੇ ਉਤੇ ਕੁਝ ਕਰਨ ਦੀ ਜ਼ਰੂਰਤ ਹੈ ਅਤੇ ਕਰਮਚਾਰੀਆਂ ਦੀ ਤਨਖਾਹ ਖਰਚੇ ਦਾ ਸਭ ਤੋਂ ਵੱਡਾ ਹਿੱਸਾ ਹੈ। ਆਖਰ ਅਸੀਂ ਇਹ ਔਖੇ ਫੈਸਲੇ ਲੈ ਰਹੇ ਹਾਂ। ਸਵਾਲ ਇਹ ਹੈ ਕਿ ਜਦੋਂ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਦਹਾਈ ਅੰਕਾਂ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਤਾਂ ਯੂਰਪ ਵਿੱਚ ਇੰਨੇ ਜ਼ਿਆਦਾ ਲੋਕ ਕਿਉਂ ਕੰਮ ਕਰ ਰਹੇ ਹਨ।
ਇਸ ਬੈਂਕ ਨੇ ਪਿਛਲੇ ਮਹੀਨੇ ਸੀ ਈ ਓ ਜਾਨ ਫਲਿੰਟ ਵੱਲੋਂ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਫਲਿੰਟ 18 ਮਹੀਨੇ ਹੀ ਅਹੁਦਾ 'ਤੇ ਰਹੇ। ਬੈਂਕ ਨੇ ਉਨ੍ਹਾਂ ਦੇ ਅਹੁਦਾ ਛੱਡਣ ਦੇ ਫੈਸਲੇ ਦਾ ਕਾਰਨ ਨਹੀਂ ਦੱਸਿਆ। ਉਸ ਵੇਲੇ ਬੈਂਕ ਨੇ ਕਿਹਾ ਸੀ ਕਿ ਉਹ ਕੌਮਾਂਤਰੀ ਲੇਬਰ ਫੋਰਸ ਵਿੱਚੋਂ ਦੋ ਫੀਸਦੀ ਯਾਨੀ 4000 ਲੋਕਾਂ ਨੂੰ ਨੌਕਰੀ ਤੋਂ ਕੱਢੇਗਾ, ਜਿਨ੍ਹਾਂ ਵਿੱਚ ਜ਼ਿਆਦਾਤਰ ਪ੍ਰਬੰਧਨ ਨਾਲ ਜੁੜੇ ਸਨ। ਪਹਿਲੀ ਛਿਮਾਹੀ ਵਿੱਚ ਬੈਂਕ ਨੇ ਸ਼ੁੱਧ ਲਾਭ ਵਿੱਚ 18.6 ਫੀਸਦੀ ਵਾਧਾ ਦਰਜ ਕੀਤਾ ਹੈ। ਤੀਜੀ ਤਿਮਾਹੀ ਦੇ ਨਤੀਜੇ ਬੈਂਕ ਇਸ ਮਹੀਨੇ ਐਲਾਨਣ ਵਾਲਾ ਹੈ।