Welcome to Canadian Punjabi Post
Follow us on

02

July 2025
 
ਸੰਪਾਦਕੀ

ਜਗਮੀਤ ਸਿੰਘ ਦੀ ਡੀਬੇਟ ਵਿੱਚ ਹਾਂ ਪੱਖੀ ਸ਼ਮੂਲੀਅਤ

October 09, 2019 09:08 AM

ਪੰਜਾਬੀ ਪੋਸਟ ਸੰਪਾਦਕੀ

ਪਰਸੋਂ ਹੋਈ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਡੀਬੇਟ ਵਿੱਚ ਜਗਮੀਤ ਸਿੰਘ ਦੀ ਸ਼ਮੂਲੀਅਤ, ਉਸ ਦੇ ਗੱਲਬਾਤ ਕਰਨ ਦੇ ਸਲੀਕੇ ਅਤੇ ਹਾਜ਼ਰ ਜਵਾਬੀ ਬਾਰੇ ਹਾਂ ਪੱਖੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਇਹ ਗੱਲ ਵੱਖਰੀ ਚਰਚਾ ਦਾ ਵਿਸ਼ਾ ਹੈ ਕਿ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਐਨ ਡੀ ਪੀ ਲਈ ਇੱਕ ਪਾਰਟੀ ਵਜੋਂ ਕਿਹੋ ਜਿਹੇ ਰਹਿਣਗੇ ਪਰ ਜਗਮੀਤ ਸਿੰਘ ਨੇ ਪਾਰਟੀ ਲੀਡਰ ਵਜੋਂ ਕੌਮੀ ਪੱਧਰ ਉੱਤੇ ਚੰਗੀ ਪਰਫਾਰਮੈਂਸ ਦੇ ਕੇ ਸਿੱਖ ਜਗਤ ਨੂੰ ਮਾਣਮੱਤਾ ਜਰੂਰ ਕੀਤਾ ਹੈ। ਅੱਜ ਕੈਨੇਡੀਅਨ ਸਿੱਖ ਸਿਆਸਤ ਐਨੀ ਪਰਪੱਕ ਹੋ ਗਈ ਹੈ ਕਿ ਲੋਕੀ ਆਪਣੀ ਵੋਟ ਸੋਚ ਸਮਝ ਕੇ ਸਿਆਸੀ ਪਾਰਟੀਆਂ ਨਾਲ ਪ੍ਰਤੀਬੱਧਤਾ ਦੇ ਅਨੁਕੂਲ ਪਾਉਂਦੇ ਹਨ। ਇਸ ਤੱਥ ਦੇ ਬਾਵਜੂਦ ਸ਼ਾਇਦ ਹੀ ਕੋਈ ਕੈਨੇਡੀਅਨ ਸਿੱਖ ਹੋਵੇਗਾ ਜੋ ਜਗਮੀਤ ਸਿੰਘ ਵੱਲੋਂ ਨਿਭਾਏ ਗਏ ਰੋਲ ਉੱਤੇ ਰਸ਼ਕ ਨਹੀਂ ਕਰਦਾ ਹੋਵੇਗਾ।

ਜਿੱਥੇ ਤੱਕ ਵਿੱਦਿਆ ਦਾ ਸੁਆਲ ਹੈ, ਜਗਮੀਤ ਸਿੰਘ ਸ਼ਾਇਦ ਲਿਬਰਲ, ਕੰਜ਼ਰਵੇਟਿਵ, ਗਰੀਨ ਪਾਰਟੀਆਂ ਦੇ ਲੀਡਰਾਂ ਵਿੱਚੋਂ ਸੱਭ ਤੋਂ ਵੱਧ ਪੜ੍ਹਿਆ ਲਿਖਿਆ ਹੈ ਜੋ ਗੱਲ ਉਸਦੇ ਸਲੀਕੇ ਵਿੱਚੋਂ ਸਾਫ਼ ਨਜ਼ਰ ਆਉਂਦੀ ਹੈ। ਉਹ ਆਪਣੀ ਗੱਲ ਨੂੰ ਨਾਪਤੋਲ ਕੇ ਕਰ ਸਕਦਾ ਹੈ ਅਤੇ ਲੋੜ ਪੈਣ ਉੱਤੇ ਮਜਾਕ ਦਾ ਤੜਕਾ ਲਾਉਣ ਦੀ ਸਮਰੱਥਾ ਰੱਖਦਾ ਹੈ। ਵੱਖ 2 ਸਮਿਆਂ ਉੱਤੇ ਵੱਖ 2 ਪ੍ਰਸਥਿਤੀਆਂ ਹੇਠ ਜਿਸ ਢੰਗ ਨਾਲ ਉਸਨੇ ਨਸਲੀ ਭੇਦਭਾਵ ਵਾਲੇ ਕਿਰਦਾਰਾਂ ਨਾਲ ਠੰਰਮਾ ਵਰਤਿਆ, ਉਸ ਨਾਲ ਜਗਮੀਤ ਸਿੰਘ ਦਾ ਨਿੱਜੀ ਗਰਾਫ ਉੱਚਾ ਹੋਣ ਦੇ ਨਾਲ ਨਾਲ ਕੈਨੇਡੀਅਨਾਂ ਦੀ ਸਿਆਸੀ ਨੇਤਾਵਾਂ ਪ੍ਰਤੀ ਪੈਦਾ ਹੋਈ ਉਦਾਸੀਨਤਾ ਨੂੰ ਵੀ ਠੱਲ੍ਹ ਪਈ ਹੈ। ਇਸੇ ਗੁਣ ਕਾਰਣ ਪਰਸੋਂ ਦੀ ਡੀਬੇਟ ਵਿੱਚ ਜਿਹਨਾਂ ਸ਼ਬਦਾਂ ਨਾਲ ਜਗਮੀਤ ਸਿੰਘ ਨੇ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਮੈਕਸਿਮ ਬਰਨੀਏ ਨੂੰ ਉਸਦੇ ਇੰਮੀਗਰੇਸ਼ਨ ਵਿਰੋਧੀ ਅਤੇ ਨਸਲਵਾਦ ਪੱਖੀ ਰਵਈਏ ਉੱਤੇ ਲਲਕਾਰਿਆ, ਉਹ ਹੋਰ ਕਿਸੇ ਲੀਡਰ ਦੇ ਜਿ਼ਹਨ ਵਿੱਚੋਂ ਨਹੀਂ ਨਿਕਲ ਸਕੇ।


ਡੀਬੇਟ ਵਿੱਚ ਦਿੱਤੇ ਗਏ ਤੇਜ ਤਰਾਰ ਜਵਾਬਾਂ ਕਾਰਣ ਜਗਮੀਤ ਸਿੰਘ ਦੀ ਟਵਿਟਰ ਉੱਤੇ ਬਹੁਤ ਜ਼ਬਰਦਸਤ ਚਰਚਾ ਹੋਈ। ਗਲੋਬਲ ਨਿਊਜ਼ ਵੱਲੋਂ ਇੱਕਤਰ ਕੀਤੇ ਗਏ ਡਾਟਾ ਮੁਤਾਬਕ ਜਗਮੀਤ ਸਿੰਘ ਬਾਰੇ ਟਵਿੱਟਰ ਉੱਤੇ ਇੱਕ ਵਕਤ 70 ਪੁਆਇੰਟ ‘ਨੈੱਟ ਪਾਜਿ਼ਟਿਵ’ ਦੀ ਰੇਟਿੰਗ ਚੱਲ ਰਹੀ ਸੀ ਜਦੋਂ ਕਿ ਲਿਬਰਲ ਲੀਡਰ ਜਸਟਿਨ ਟਰੂਡੋ ਦੀ ਰੇਟਿੰਗ 55 ਤੋਂ 40 ਉੱਤੇ ਆ ਡਿੱਗੀ। ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀਅਰ ਦੀ ਟਵਿੱਟਰ ਰੇਟਿੰਗ 48 ਤੋਂ 42 ਉੱਤੇ ਆ ਪੁੱਜੀ। ਇੱਕ ਗੁੰਝਲਦਾਰ ਹਿਸਾਬ ਕਿਤਾਬ ਨਾਲ ਨਾਪੀ ਜਾਂਦੀ ਟਵਿੱਟਰ ਰੇਟਿੰਗ ਵਿੱਚ 50 ਦਾ ਅੰਕ ਪਾਜਿ਼ਟਿਵ ਮੰਨਿਆ ਜਾਂਦਾ ਹੈ ਜਦੋਂ ਕਿ 50 ਤੋਂ ਥੱਲੇ ਨੂੰ ਨੈਗੇਟਿਵ। ਟਵਿੱਟਰ ਰੇਟਿੰਗ ਨੂੰ ਸਿਆਸੀ ਰੇਟਿੰਗ ਨਹੀਂ ਮੰਨਿਆ ਜਾਣਾ ਚਾਹੀਦਾ ਕਿਉਂਕਿ ਟੱਵਿਟਰ ਵਰਗੇ ਸੋਸ਼ਲ ਮੀਡੀਆ ਦੀ ਲੋੜੋਂ ਵੱਧ ਕਰਨ ਵਾਲੇ ਕੈਨੇਡੀਅਨ ਚੋਣਾਂ ਵਾਲੇ ਦਿਨ ਘਰੋਂ ਨਿਕਲ ਕੇ ਵੋਟ ਨਾ ਪਾਉਣ ਲਈ ਜਾਣੇ ਹਨ।

ਇਹ ਸਹੀ ਹੈ ਕਿ ਜਗਮੀਤ ਦੇ ਡਰੱਗ, ਗਰਭਪਾਤ ਅਤੇ ਕਿਉਬਿੱਕ ਵਿੱਚ ਲਾਗੂ ਬਿੱਲ 21 ਵਰਗੇ ਮੁੱਦਿਆਂ ਉੱਤੇ ਲਏ ਗਏ ਸਟੈਂਡ ਉੱਤੇ ਬਹੁਤ ਸਾਰੇ ਕੈਨੇਡੀਅਨਾਂ ਵਾਗੂੰ ਸਿੱਖ ਭਾਈਚਾਰੇ ਦੇ ਬਹੁਤ ਲੋਕ ਵੀ ਸਹਿਮਤ ਨਹੀਂ ਹੋਣਗੇ ਪਰ ਉਸ ਵੱਲੋਂ ਸਿੱਖ ਪਹਿਚਾਣ ਨੂੰ ਮਜ਼ਬੂਤ ਕਰਨ ਦੇ ਰੋਲ ਦੀ ਸ਼ਲਾਘਾ ਚਾਰੇ ਪਾਸੇ ਹੋ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਾਰੇ ਆਮ ਧਾਰਨਾ ਹੈ ਕਿ ਆਪਣੀ ਵਜ਼ਾਰਤ ਵਿੱਚ ਚਾਰ ਸਿੱਖਾਂ ਨੂੰ ਸਥਾਨ ਦੇ ਕੇ ਉਸਨੇ ਸਿੱਖ ਭਾਈਚਾਰੇ ਦੇ ਕੈਨੇਡਾ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੀ ਕਦਰ ਕੀਤੀ ਹੈ। ਇਸ ਕਦਮ ਲਈ ਸਿੱਖ ਭਾਈਚਾਰੇ ਵੱਲੋਂ ਟਰੂਡੋ ਦੀ ਭਾਰੀ ਸ਼ਲਾਘਾ ਵੀ ਕੀਤੀ ਜਾਂਦੀ ਹੈ ਪਰ ਜਗਮੀਤ ਸਿੰਘ ਨੇ ਕੌਮੀ ਪੱਧਰ ਉੱਤੇ ਆਪਣਾ ਸਥਾਨ ਕਿਸੇ ਦੇ ਸਹਾਰੇ ਨਹੀਂ ਸਗੋਂ ਖੁਦ ਦੀ ਕਾਬਲੀਅਤ ਨਾਲ ਪੈਦਾ ਕੀਤਾ ਹੈ।


ਡੀਬੇਟ ਵਿੱਚ ਜਸਟਿਨ ਟਰੂਡੋ ਦੀ ਢਿੱਲੀ ਕਾਰਗੁਜ਼ਾਰੀ ਅਤੇ ਵੱਖ ਵੱਖ ਸਰਵੇਖਣਾਂ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੇ ਗਰਾਫ ਦਾ ਲਿਬਰਲ ਪਾਰਟੀ ਦੇ ਤਕਰੀਬਨ ਬਰਾਬਰ ਚੱਲਣਾ ਸੰਭਾਵਨਾ ਪੈਦਾ ਕਰਦਾ ਹੈ ਕਿ ਇਸ ਵਾਰ ਕੈਨੇਡੀਅਨਾਂ ਨੂੰ ਘੱਟ ਗਿਣਤੀ ਸਰਕਾਰ ਦੇ ਦਰਸ਼ਨ ਕਰਨੇ ਪੈ ਜਾਣ। ਘੱਟ ਗਿਣਤੀ ਸਰਕਾਰ ਬਣਨ ਦੀ ਸੂਰਤ ਵਿੱਚ ਐਨ ਡੀ ਪੀ ਹੀ ਇੱਕ ਅਜਿਹੀ ਪਾਰਟੀ ਹੋਵੇਗੀ ਜਿਸਦਾ ਸਰਕਾਰ ਬਣਾਉਣ ਜਾਂ ਢਾਹੁਣ ਵਿੱਚ ਰੋਲ ਬਹੁਤ ਨਾਜ਼ੁਕ ਬਣ ਜਾਵੇਗਾ। ਅਜਿਹੀ ਸਥਿਤੀ ਵਿੱਚ ਜਗਮੀਤ ਸਿੰਘ ਦਾ ਸਿੱਖੀ ਸਰੂਪ ਕਾਫੀ ਲੰਬੇ ਸਮੇਂ ਤੱਕ ਵਿਸ਼ੇਸ਼ ਮੁੱਦਿਆਂ ਉੱਤੇ ਕੈਨੇਡਾ ਦੀ ਸਿਆਸਤ ਵਿੱਚ ਸਰਗਰਮ ਭੂਮਿਕਾ ਨਿਭਾਵੇਗਾ ਜੋ ਸਿੱਖ ਭਾਈਚਾਰੇ ਦੇ ਨੁਕਤੇ ਨਜ਼ਰ ਤੋਂ ਸ਼ੁਭ ਸ਼ਗਨ ਹੋਵੇਗਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ