Welcome to Canadian Punjabi Post
Follow us on

15

October 2019
ਕੈਨੇਡਾ

ਡੀਬੇਟ ਦੌਰਾਨ ਲੀਡਰਾਂ ਦੀ ਕਾਵਾਂ ਰੌਲੀ ਵਿੱਚ ਗੁਆਚੇ ਰਹੇ ਅਸਲ ਮੁੱਦੇ

October 08, 2019 09:42 AM

ਪੰਜਾਬੀ ਪੋਸਟ ਵਿਸ਼ਲੇਸ਼ਣ: ਓਟਾਵਾ ਵਿਖੇ ਹੋਈ ਫੈਡਰਲ ਲੀਡਰਾਂ ਦੀ ਅੰਗਰੇਜ਼ੀ ਵਿੱਚ ਬਹਿਸ (ਡੀਬੇਟ) ਨੂੰ ਜੇ ਇੱਕ ਸ਼ਬਦ ਵਿੱਚ ਬਿਆਨਿਆ ਜਾ ਸਕਦਾ ਹੈ ਤਾਂ ਉਹ ‘ਕਾਵਾਂ ਰੌਲੀ’ ਹੈ। ਪਿਛਲੇ ਇੱਕ ਸਾਲ ਤੋਂ ਅਸੀਂ ਵੇਖਦੇ ਆ ਰਹੇ ਹਾਂ ਕਿ ਸਿਆਸੀ ਪਾਰਟੀਆਂ ਨਵਾਂ ਅਤੇ ਸੱਜਰੇ ਖਿਆਲਾਂ ਵਾਲਾ ਪਲੇਟਫਾਰਮ ਪੇਸ਼ ਕਰਨ ਦੀ ਥਾਂ ਇੱਕ ਦੂਜੇ ਦੇ ਨੁਕਸ ਕੱਢਦੀਆਂ ਆ ਰਹੀਆਂ ਹਨ ਜਿਸ ਕਰਕੇ ਇਸ ਸਾਲ ਆਮ ਚਰਚਾ ਹੈ ਕਿ ਚੋਣਾਂ ਵਿੱਚ ਗੰਭੀਰ ਅਤੇ ਅਸਲ ਮੁੱਦੇ ਗਾਇਬ ਹਨ। ਕੱਲ ਸ਼ਾਮ ਹੋਈ ਡੀਬੇਟ ਨੇ ਉਪਰੋਕਤ ਬਿਆਨ ਨੂੰ ਸੱਚ ਸਾਬਤ ਕਰ ਦਿੱਤਾ ਜਦੋਂ ਲਿਬਰਲ, ਕੰਜ਼ਰਵੇਟਿਵ, ਐਨ ਡੀ ਪੀ, ਗਰੀਨ, ਪੀਪਲਜ਼ ਪਾਰਟੀ ਅਤੇ ਬਲਾਕ ਕਿਉਬਕੋਅ ਦੇ ਆਗੂ ਇੱਕ ਦੂਜੇ ਨੂੰ ਗਲਤ ਸਾਬਤ ਕਰਨ ਨੂੰ ਹੀ ਆਪਣਾ ਉਦੇਸ਼ ਸਮਝ ਗੱਲਾਂ ਕਰਦੇ ਰਹੇ। ਦੋ ਘੰਟੇ ਦੇ ਸਮੇਂ ਵਿੱਚ ਘੱਟੋ ਘੱਟ ਇੱਕ ਕਰੋੜ ਕੈਨੇਡੀਅਨਾਂ ਨੇ ਇਹ ਡੀਬੇਟ ਵੇਖੀ ਜਾਂ ਸੁਣੀ ਹੋਵੇਗੀ ਅਤੇ ਬਹੁ ਗਿਣਤੀ ਕੈਨੇਡੀਅਨ ਆਪਣੇ ਲੀਡਰਾਂ ਦੀ ਪਰਫਾਰਮੈਂਸ ਤੋਂ ਲਾਜ਼ਮੀ ਮਾਯੂਸ ਹੋਏ ਹੋਣਗੇ।
ਡੀਬੇਟ ਦਾ ਪਹਿਲਾ ਸੁਆਲ ਕੈਨੇਡਾ ਅਤੇ ਵਿਸ਼ਵ ਸਟੇਜ ਉੱਤੇ ਲੀਡਰਸਿ਼ੱਪ ਬਾਰੇ ਸੀ ਜਿਸਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਦਾ ਗੋਗਾ ਗਾਇਆ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਊਹਨਾਂ ਆਖਰ ਹਾਸਲ ਕੀ ਕੀਤਾ ਹੈ। ਦੂਜੇ ਪਾਸੇ ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀਅਰ ਨੇ ਕੈਨੇਡਾ ਦੀ ਵਿਸ਼ਵ ਸਟੇਜ ਉੱਤੇ ਲੀਡਰਸਿ਼ੱਪ ਬਾਰੇ ਗੱਲ ਕਰਨ ਦੀ ਥਾਂ ਸਿੱਧਾ ਨਿਸ਼ਾਨਾ ਟਰੂਡੋ ਨੂੰ ਬਣਾਇਆ। ਸ਼ੀਅਰ ਦਾ ਪਹਿਲੇ ਸੁਆਲ ਦੌਰਾਨ ਜਵਾਬ ਕਾਫੀ ਨਾਂਹ ਪੱਖੀ ਰਿਹਾ ਜਿਸ ਵਿੱਚ ਉਸਨੇ ਟਰੂਡੋ ਦੇ ਨਕਲੀ ਹੋਣ ਅਤੇ ਨਕਾਬ ਪਹਿਨਣ ਵਾਲਾ ਲੀਡਰ ਹੋਣ ਦਾ ਰੋਣਾ ਹੀ ਰੋਇਆ।
ਐਨ ਡੀ ਪੀ ਦੇ ਜਗਮੀਤ ਸਿੰਘ ਨੇ ਲੀਡਰਸਿ਼ੱਪ ਨੂੰ ਹਿੰਮਤ ਰੱਖਣ ਵਾਲਾ ਗੁਣ ਕਰਾਰ ਦਿੱਤਾ। ਉਸਨੇ ਸਮੁੱਚੀ ਡੀਬੇਟ ਦੌਰਾਨ ਹਿੰਮਤ ਅਤੇ ਹੌਸਲੇ ਦੀ ਗੱਲ ਨੂੰ ਕਈ ਵਾਰ ਦੁਹਰਾਇਆ। ਕਈ ਵਾਰ ਉਹ ਉੱਥੇ ਵੀ ਹਿੰਮਤ ਦੀ ਗੱਲ ਕਰਦਾ ਰਿਹਾ ਜਿੱਥੇ ਢੁੱਕਵੀਂ ਰਣਨੀਤੀ ਦੀ ਗੱਲ ਕੀਤੀ ਜਾਣੀ ਬਣਦੀ ਸੀ। ਗਰੀਨ ਪਾਰਟੀ ਦੀ ਆਗੂ ਐਲਿਜ਼ਾਬੈਥ ਮੇਅ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਖਵਾਲੀ, ਗਰੀਬੀ ਨੂੰ ਖਤਮ ਕਰਨਾ ਅਤੇ ਕਾਨੂੰਨ ਉੱਤੇ ਆਧਾਰਿਤ ਪ੍ਰਸ਼ਾਸ਼ਨ ਖੜਾ ਕਰਨ ਨੂੰ ਲੀਡਰਸਿ਼ੱਪ ਦੇ ਗੁਣ ਦੱਸਿਆ।
ਡੀਬੇਟ ਵਿੱਚ ਲੀਡਰਾਂ ਨੂੰ ਇੱਕ ਸੁਆਲ ਫੈਡਰਲ ਸਰਕਾਰ ਅਤੇ ਪ੍ਰੋਵਿੰਸਾਂ ਦਰਮਿਆਨ ਸਹਿਯੋਗ ਭਾਵ ਕੋਆਪਰੇਸ਼ਨ ਬਾਰੇ ਪੁੱਛਿਆ ਗਿਆ। ਸ਼ੀਅਰ ਨੇ ਕਿਹਾ ਕਿ ਇਹ ਮੁੱਦਾ ਮਹੱਤਵਪੂਰਣ ਹੈ ਪਰ ਦੋਸ਼ ਲਾਇਆ ਕਿ ਟਰੂਡੋ ਨੇ ਇਸ ਬਾਰੇ ਕੋਈ ਕੰਮ ਨਹੀਂ ਕੀਤਾ ਹੈ। ਸ਼ੀਅਰ ਮੁਤਾਬਕ ਪ੍ਰੋਵਿੰਸਾਂ ਨਾਲ ਸਹਿਯੋਗ ਦੇ ਨਾਮ ਉੱਤੇ ਟਰੂਡੋ ਨੇ ਪ੍ਰੋਵਿੰਸਾਂ ਨੂੰ ਅਦਾਲਤਾਂ ਵਿੱਚ ਘੜੀਸਿਆ ਹੈ ਜਿਸਤੋਂ ਉਸਦੀ ਮੁਰਾਦ ਅਲਬਰਟਾ ਅਤੇ ਉਂਟੇਰੀਓ ਵੱਲੋਂ ਕਾਰਬਨ ਟੈਕਸ ਨੂੰ ਲੈ ਕੇ ਕੀਤੇ ਗਏ ਕੇਸ ਸਨ। ਟਰੂਡੋ ਨੇ ਨਾਫਟਾ ਸੰਧੀ ਨੂੰ ਸਹੀ ਕਰਨ ਵਾਸਤੇ ਪ੍ਰੋਵਿੰਸਾਂ ਨਾਲ ਕੀਤੀ ਗੱਲਬਾਤ, ਕੈਨੇਡੀਅਨ ਪੈਨਸ਼ਨ ਪਲਾਨ ਨੂੰ ਸੁਦ੍ਰਿੜ ਬਣਾਉਣ ਦੀ ਗੱਲ ਨੂੰ ਆਪਣੀ ਸਹਿਯੋਗ ਦੀ ਰਣਨੀਤੀ ਦੱਸਿਆ। ਜਗਮੀਤ ਸਿੰਘ ਨੇ ਸਿਹਤ, ਵਿੱਦਿਆ, ਮੂਲਵਾਸੀਆਂ ਲਈ ਸਾਫ਼ ਪਾਣੀ ਦਾ ਇੰਤਜਾ਼ਮ ਕਰਨ ਨੂੰ ਮਹੱਤਵਪੂਰਣ ਦੱਸਿਆ। ਪੀਪਲਜ਼ ਪਾਰਟੀ ਦੇ ਆਗੂ ਮੈਕਸਿਮ ਬਰਨੀਏ ਮੁਤਾਬਕ ਸੰਵਿਧਾਨ ਦਾ ਸਨਮਾਨ ਕਰਨਾ ਲਾਜ਼ਮੀ ਗੱਲ ਹੈ ਜਦੋਂ ਕਿ ਗਰੀਨ ਪਾਰਟੀ ਦੀ ਨੇਤਾ ਨੇ ਕਿਹਾ ਕਿ ਫੈਡਰਲ, ਪ੍ਰੋਵਿੰਸ਼ੀਅਲ ਅਤੇ ਸਥਾਨਕ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਇੱਕ ਟੇਬਲ ਉੱਤੇ ਬੈਠ ਕੇ ਮਸਲਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ।

ਜੇ ਵੱਡੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਐਂਡਰੀਊ ਸ਼ੀਅਰ ਨੇ ਬੱਜਟ ਨੂੰ ਸਾਵਾਂ ਕਰਨ ਲਈ ਕੈਨੇਡਾ ਵੱਲੋਂ ਵਿਸ਼ਵ ਦੇ ਵੱਖ 2 ਹਿੱਸਿਆਂ ਵਿੱਚ ਦਿੱਤੀ ਜਾਣ ਵਾਲੀ ਕੈਨੇਡੀਅਨ ਸਹਾਇਤਾ ਨੂੰ 25% ਘੱਟ ਕਰਨ ਉੱਤੇ ਜੋਰ ਦਿੱਤਾ। ਜਗਮੀਤ ਸਿੰਘ ਨੇ ਵਾਰ 2 ਵੱਡੀਆਂ ਕਾਰਪੋਰੇਸ਼ਨਾਂ ਨੂੰ ਕਰੜੇ ਹੱਥੀਂ ਲੈਣ ਦੀ ਗੱਲ ਕੀਤੀ।

ਦਿਲਚਸਪ ਗੱਲ ਇਹ ਰਹੀ ਕਿ ਐਂਡਰੀਊ ਸ਼ੀਅਰ ਨੇ ਨਸਲੀ ਪੱਖਪਾਤ ਅਤੇ ਵਿਤਕਰੇ ਬਾਰੇ ਜਗਮੀਤ ਸਿੰਘ ਦੇ ਨਿੱਜੀ ਅਨੁਭਵਾਂ ਅਤੇ ਉਸਦੇ ਪ੍ਰਤੀਕਰਮਾਂ ਨੂੰ ਸਲਾਹੁਣ ਦੀ ਗੱਲ ਆਰੰਭੀ ਅਤੇ ਬਾਕੀ ਸਾਰੇ ਲੀਡਰਾਂ ਨੇ ਉਸਦੀ ਗੱਲ ਨਾਲ ਸਹਮਿਤੀ ਭਰੀ। ਜਗਮੀਤ ਸਿੰਘ ਲਈ ਸੱਭ ਤੋਂ ਔਖੇ ਪਲ ਸਨ ਜਦੋਂ ਉਸਨੂੰ ਕਿਉਬਿੱਕ ਵਿੱਚ ਲਾਗੂ ਬਿੱਲ 21 ਬਾਰੇ ਸਟੈਂਡ ਲੈਣ ਬਾਰੇ ਪੁੱਛਿਆ ਗਿਆ। ਜਗਮੀਤ ਸਿੰਘ ਚੰਗੇ ਤਰੀਕੇ ਸਪੱਸ਼ਟ ਨਹੀਂ ਕਰ ਸਕੇ ਕਿ ਜਿਸ ਪ੍ਰੋਵਿੰਸ ਵਿੱਚ ਦਸਤਾਰ ਪਹਿਨ ਕੇ ਨੌਕਰੀ ਕਰਨ ਉੱਤੇ ਪਾਬੰਦੀ ਹੈ ਉੱਥੇ ਉਹ ਕਿਉਬਿੱਕ ਵਿੱਚ ਬਿੱਲ 21 ਦਾ ਸਮਰੱਥਨ ਕਿਉਂ ਕਰਦਾ ਹੈ। ਸਿੱਧਾ ਜਵਾਬ ਦੇਣ ਦੀ ਥਾਂ ਜਗਮੀਤ ਸਿੰਘ ਨੇ ਔਰਤਾਂ ਨੂੰ ਗਰਭਪਾਤ ਕਰਵਾਉਣ ਦੇ ਹੱਕ ਮਜ਼ਬੂਤ ਕਰਨ ਦਾ ਜਿ਼ਕਰ ਕੀਤਾ।

ਗਰੀਨ ਪਾਰਟੀ ਦੀ ਆਗੂ ਵੱਲੋਂ ਹਰ ਸੁਆਲ ਦੇ ਜਵਾਬ ਵਿੱਚ ਆਪਣੇ ਵਿਰੋਧੀ ਲੀਡਰਾਂ ਵੱਲ ਘੱਟ ਧਿਆਨ ਦੇ ਕੇ ਦਰਸ਼ਕਾਂ ਨੂੰ ਸੰਬੋਧਨ ਕਰਕੇ ਗੱਲ ਕਰਨ ਦਾ ਰੁਝਾਨ ਵੇਖਿਆ ਗਿਆ। ਉਸਨੇ ਵਾਰ ਵਾਰ ਵਾਤਾਵਰਣ ਦੀ ਰਖਵਾਲੀ ਲਈ ਸਾਇੰਸ ਆਧਾਰਿਤ ਸਬੂਤਾਂ ਦੀ ਹਾਮੀ ਭਰੀ ਜਿਸਦਾ ਥੋੜਾ ਬਹੁਤਾ ਜਿ਼ਕਰ ਜਸਟਿਨ ਟਰੂਡੋ ਨੇ ਵੀ ਕੀਤਾ। ਟਰੂਡੋ ਨੂੰ ਸ਼ੀਅਰ ਨੇ ਐਸ ਐਨ ਸੀ ਲਾਵਾਲਿਨ ਅਤੇ ਵਿਲਸਨ ਜੋਡੀ ਦੇ ਅਸਤੀਫੇ ਉੱਤੇ ਚੰਗਾ ਘੇਰਿਆ ਗਿਆ ਜਿਸਦਾ ਟਰੂਡੋ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ।

ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਏ ਦੀ ਇੰਮੀਗਰੇਸ਼ਨ ਅਤੇ ਨਫ਼ਰਤ ਭਰੇ ਟਵੀਟ ਕਰਨ ਬਾਰੇ ਕਾਫੀ ਭਖਵੀਂ ਚਰਚਾ ਹੋਈ। ਮੈਕਸਿਮ ਬਰਨੀਏ ਤੋਂ ਇਲਾਵਾ ਸਾਰੇ ਲੀਡਰਾਂ ਨੇ ਇੰਮੀਗਰੇਸ਼ਨ ਨੂੰ ਚੰਗਾ ਦੱਸਿਆ ਪਰ ਕੋਈ ਵੀ ਇਹ ਗੱਲ ਸਪੱਸ਼ਟ ਨਹੀਂ ਕਰ ਸਕਿਆ ਕਿ ਉਹਨਾਂ ਦੀ ਪਾਰਟੀ ਦੀ ਇੰਮੀਗਰੇਸ਼ਨ ਨੂੰ ਲੈ ਕੇ ਪਾਲਸੀ ਕੀ ਹੋਵੇਗੀ? ਇਵੇਂ ਹੀ ਗੁਆਚੀਆਂ ਅਤੇ ਕਤਲ ਹੋਈਆਂ ਔਰਤਾਂ ਦਾ ਮੁੱਦਾ, ਮੂਲਵਾਸੀਆਂ ਲਈ ਸਹੂਲਤਾਂ, ਬੱਜਟ ਨੂੰ ਸਾਵਾਂ ਕਰਨ (ਲਿਬਰਲਾਂ ਦੇ ਘਾਟੇ ਦਾ ਬੱਜਟ) ਅਤੇ ਵਾਤਾਵਰਣ ਦੇ ਪਰੀਪੇਖ ਵਿੱਚ ਗੈਸ ਪਾਈਪਾਂ ਦੀ ਗੱਲ ਵਾਰ ਵਾਰ ਉਠਾਈ ਗਈ।

ਹੈਰਾਨੀ ਦੀ ਗੱਲ ਇਹ ਰਹੀ ਕਿ ਕਿਸੇ ਵੀ ਆਗੂ ਨੇ ਯੂਥ ਸਮੱਸਿਆ, ਬੇਰੁਜ਼ਗਾਰੀ, ਔਰਤਾਂ ਦੇ ਹੱਕਾਂ ਅਤੇ ਗਰੀਬੀ ਨੂੰ ਦੂਰ ਕਰਨ ਬਾਰੇ ਕਈ ਜਿ਼ਕਰਯੋਗ ਰਣਨੀਤੀ ਨਹੀਂ ਦੱਸੀ। ਸਮੁੱਚੀ ਡੀਬੇਟ ਵਿੱਚ ਲੀਡਰਾਂ ਦੀ ਮੁੱਦਿਆਂ ਨਾਲੋਂ ਆਪਣੀ ਨਿੱਜ ਦੀ ਪਹੁੰਚ ਭਾਰੂ ਰਹੀ। ਕੈਨੇਡੀਅਨ ਪਬਲਿਕ ਅਤੇ ਪਰਿਵਾਰਾਂ ਦੀ ਭਲਾਈ ਨੂੰ ਕੋਈ ਵੀ ਲੀਡਰ ਨਾ ਛੂਹ ਸਕਿਆ ।

ਬਲਾਕ ਕਿਉਬਕੋਆ ਦੇ ਆਗੂ ਵੇਸ ਫਰੈਂਕੋਏ ਬਲਾਂਸ਼ੇ (Yves-François Blanchet) ਨੇ ਕਿਉਬਿੱਕ ਦੀ ਵਿਸ਼ੇਸ਼ ਪਹਿਚਾਣ ਅਤੇ ਕਿਉਬਿੱਕ ਨੂੰ ਫੈਡਰਲ ਸਰਕਾਰ ਤੋਂ ਮਿਲਦੇ ਘੱਟ ਡਾਲਰਾਂ ਦੀ ਗੁਹਾਰ ਵਾਰ ਵਾਰ ਕੀਤੀ।

ਮਜ਼ੇਦਾਰ ਗੱਲ ਇਹ ਰਹੀ ਕਿ ਡੀਬੇਟ ਨੂੰ ਕੈਨੇਡਾ ਦੇ ਟਾਪ ਦੇ 6 ਪੱਤਰਕਾਰਾਂ ਵੱਲੋਂ ਮਾਡਰੇਟ ਕੀਤਾ ਗਿਆ ਅਤੇ ਇਹ ਸਾਰੀਆਂ ਔਰਤਾਂ ਸਨ। ਡੀਬੇਟ ਦੌਰਾਨ ਅਨੇਕਾਂ ਪਲ ਅਜਿਹੇ ਆਏ ਜਦੋਂ ਅਜਿਹੀ ਕਾਵਾਂਰੌਲੀ ਪੈ ਜਾਂਦੀ ਸੀ ਕਿ ਕਿਸੇ ਦੀ ਗੱਲ ਕੰਨ ਪਾਈ ਸੁਣਾਈ ਨਹੀਂ ਸੀ ਦੇਂਦੀ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਗਮੀਤ ਸਿੰਘ ਦੀ ਚੜ੍ਹਤ ਨੇ ਸੱਭ ਨੂੰ ਕੀਤਾ ਹੈਰਾਨ, ਗੱਠਜੋੜ ਸਰਕਾਰ ਬਨਣ ਦੀ ਸੰਭਾਵਨਾ
ਬਿਲ ਨਹੀਂ ਲੋਕਾਂ ਦੇ ਦਿਲ ਬਦਲਾਂਗਾ: ਜਗਮੀਤ ਸਿੰਘ
ਜਗਮੀਤ ਸਿੰਘ ਨੇ ਐਨਡੀਪੀ ਦੇ ਹੱਥ ਮਜ਼ਬੂਤ ਕਰਨ ਦੀ ਕੈਨੇਡੀਅਨਾਂ ਨੂੰ ਕੀਤੀ ਅਪੀਲ
ਜਗਮੀਤ ਸਿੰਘ ਨੇ ਲੋਕਾਂ ਨੂੰ ਐਡਵਾਂਸ ਪੋਲਿੰਗ ਵਿੱਚ ਹਿੱਸਾ ਲੈਣ ਲਈ ਦਿੱਤੀ ਹੱਲਾਸ਼ੇਰੀ
ਆਖਰੀ ਬਹਿਸ ਵਿੱਚ ਟਰੂਡੋ ਨੂੰ ਟੁੱਟੇ ਵਾਅਦੇ ਯਾਦ ਕਰਾਵੇਗੀ ਐਨਡੀਪੀ
ਉੱਤਰੀ ਸੀਰੀਆ ਵਿੱਚ ਤੁਰਕੀ ਵੱਲੋਂ ਧਾਵਾ ਬੋਲੇ ਜਾਣ ਦੀ ਕੈਨੇਡਾ ਵੱਲੋਂ ਸਖ਼ਤ ਨਿਖੇਧੀ
ਪਹਿਲੀ ਵਾਰੀ ਜੋਅ ਬਾਇਡਨ ਨੇ ਟਰੰਪ ਖਿਲਾਫ ਇੰਪੀਚਮੈਂਟ ਦੀ ਕੀਤੀ ਮੰਗ
ਸਕੂਲ ਦੇ ਬਾਹਰ ਮਾਰੇ ਗਏ ਲੜਕੇ ਨਾਲ ਹੁੰਦੀ ਸੀ ਧੱਕੇਸ਼ਾਹੀ!
ਸ਼ੀਅਰ ਕੰਜ਼ਰਵੇਟਿਵ ਕੈਂਪੇਨ ਨੂੰ ਕਿਊਬਿਕ ਦੀ ਸਰਹੱਦ ਤੱਕ ਲਿਜਾਣਗੇ
ਜ਼ਰੂਰੀ ਦਵਾਈਆਂ ਦੀ ਅਦਾਇਗੀ ਲਈ ਜੂਝ ਰਹੇ ਕੈਨੇਡੀਅਨ ਨੇ ਫਾਰਮਾਕੇਅਰ ਲਿਆਉਣ ਦੀ ਕੀਤੀ ਮੰਗ