Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਸੰਪਾਦਕੀ

ਟੋਰੀਆਂ ਦੀ ਡੱਗ ਫੋਰਡ ਨੂੰ ਤੱਜ ਜੇਸਨ ਕੈਨੀ ਉੱਤੇ ਟੇਕ ਕਿਉਂ?

October 07, 2019 10:35 AM

ਸਟੀਫ਼ਨ ਹਾਰਪਰ ਸਰਕਾਰ ਵਿੱਚ ਇੰਮੀਗਰੇਸ਼ਨ ਮੰਤਰੀ ਰਹਿ ਚੁੱਕੇ ਅਤੇ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਦਾ ਆਪਣੇ ਫੈਡਰਲ ਕੰਜ਼ਰਵੇਟਿਵ ਸਾਥੀਆਂ ਦੀ ਮਦਦ ਵਿੱਚ ਚੋਣ ਪ੍ਰਚਾਰ ਕਰਨ ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਪੁੱਜਣਾ ਅੱਜ ਕੱਲ ਵੱਡੀ ਖ਼ਬਰ ਬਣੀ ਹੋਈ ਹੈ। ਸਿਆਸੀ ਦੰਦ ਚਰਚਾ ਹੈ ਕਿ ਟੋਰੀ ਆਗੂ ਐਂਡਰੀਊ ਸ਼ੀਅਰ ਉਮੀਦ ਕਰ ਰਿਹਾ ਹੈ ਕਿ ਪਰਵਾਸੀ ਵੋਟਰਾਂ ਦੀ ਬਹੁਤਾਤ ਵਾਲੇ ਇਸ ਖੇਤਰ ਵਿੱਚ ਜੋ ਕਾਰਜ ਉਹ ਖੁਦ ਨਹੀਂ ਕਰ ਸਕੇ, ਉਹ ਜੇਸਨ ਕੈਨੀ ਕਰ ਵਿਖਾਏਗਾ ਭਾਵ ਉਹ ਪਰਵਾਸੀ ਵੋਟਰਾਂ ਨੂੰ ਟੋਰੀਆਂ ਦੇ ਹੱਕ ਵਿੱਚ ਲਾਮਬੰਦ ਕਰਨ ਵਿੱਚ ਸਫ਼ਲ ਹੋਵੇਗਾ। ਪੰਜਾਬੀ ਪੋਸਟ ਨੇ ਹਾਲੇ ਚੰਦ ਕੁ ਦਿਨ ਪਹਿਲਾਂ ਇੱਕ ਸੰਪਾਦਕੀ ਵਿੱਚ ਜਿ਼ਕਰ ਕੀਤਾ ਸੀ ਕਿ ਐਂਡਰੀਊ ਸ਼ੀਅਰ ਆਪਣੇ ਚੋਣ ਪ੍ਰਚਾਰ ਨੂੰ ਚੁਸਤ ਦਰੁਸਤ ਬਣਾਉਣ ਲਈ ਜੀ ਟੀ ਏ ਵਿੱਚ ਦੂਜਾ ਜੇਸਨ ਕੈਨੀ ਪੈਦਾ ਨਹੀਂ ਕਰ ਸਕਿਆ।

ਮਜ਼ੇਦਾਰ ਗੱਲ ਇਹ ਕਿ ਐਂਡਰੀਊ ਸ਼ੀਅਰ ਕੋਈ ਦੂਜਾ ਜੇਸਨ ਕੈਨੀ ਤਾਂ ਤਿਆਰ ਨਹੀਂ ਕਰ ਸਕਿਆ ਸਗੋਂ ਪੁਰਾਣੇ ਜੇਸਨ ਕੈਨੀ ਨੂੰ ਹੀ ਬੰਦ ਪੇਟੀ ਵਿੱਚੋਂ ਕੱਢ ਲਿਆਂਦਾ ਹੈ। ਸੁਆਲ ਉੱਠਦਾ ਹੈ ਕਿ 2011 ਵਿੱਚ ਜਿਸ ਕੈਨੀ ਨੇ ਭਾਰਤੀ ਮੂਲ ਦੇ ਹਿੰਦੂ ਸਿੱਖਾਂ, ਚੀਨੀਆਂ, ਫਿਲੀਪੀਨੀਆਂ, ਪਾਕਿਸਤਾਨੀਆਂ, ਅਰਬ ਮੂਲ ਦੇ ਵੋਟਰਾਂ ਸਮੇਤ ਵੱਖੋ ਵੱਖ ਭਾਈਚਾਰਿਆਂ ਨੂੰ ਟੋਰੀ ਪਾਰਟੀ ਨਾਲ ਜੋੜਿਆ ਸੀ, ਕੀ 8 ਸਾਲ ਬਾਅਦ ਵੀ ਉਸਦਾ ਜਾਦੂ ਉਂਵੇ ਹੀ ਚੱਲ ਸਕੇਗਾ? ਚੇਤੇ ਰਹੇ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ 2015 ਦੀਆਂ ਚੋਣਾਂ ਵਿੱਚ ਜੇਸਨ ਕੈਨੀ ਨੂੰ ਜੀ ਟੀ ਏ ਵਿੱਚ ਬਹੁਤਾ ਨਹੀਂ ਸੀ ਪਰਖਿਆ।

ਜਿੱਥੇ ਜੇਸਨ ਕੈਨੀ ਦੀ ਕੰਜ਼ਰਵੇਟਿਵ ਚੋਣ ਪ੍ਰਚਾਰ ਵਿੱਚ ਸ਼ਮੂਲੀਅਤ ਦਿਲਚਸਪ ਮੋੜ ਹੈ ਉੱਥੇ ਹੈਰਾਨੀ ਹੈ ਕਿ ਪ੍ਰੀਮੀਅਰ ਡੱਗ ਫੋਰਡ ਨੂੰ ਵੋਟਰਾਂ ਨਾਲ ਸੰਪਰਕ ਕਰਨ ਤੋਂ ਰੋਕ ਕੇ ਰੱਖਣ ਪਿੱਛੇ ਪਾਰਟੀ ਚੋਣ ਮਸ਼ੀਨਰੀ ਦੀ ਕੀ ਸੋਚ ਕੰਮ ਕਰਦੀ ਹੈ। ਜਿੱਥੇ ਤੱਕ ਉਂਟੇਰੀਓ ਵਿੱਚ ਸਿਆਸੀ ਮੂਡ ਦਾ ਸੁਆਲ ਹੈ, ਲਿਬਰਲ ਲੀਡਰ ਜਸਟਿਨ ਟਰੂਡੋ ਵੱਲੋਂ ਡੱਗ ਫੋਰਡ ਦੀਆਂ ਨੀਤੀਆਂ ਵਿਸ਼ੇਸ਼ ਕਰਕੇ ਸਕੂਲ ਵਰਕਰਾਂ ਦੀ ਹੜਤਾਲ ਨੂੰ ਲੈ ਕੇ ਡੱਗ ਫੋਰਡ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿਆਸੀ ਮਾਹਰ ਹੈਰਾਨ ਹਨ ਕਿ ਐਂਡਰੀਊ ਸ਼ੀਅਰ ਇਹ ਵੇਖਣ ਵਿੱਚ ਕਿਉਂ ਅਸਫ਼ਲ ਹੋ ਰਿਹਾ ਹੈ ਕਿ ਇੱਕ ਖਾਸ ਕਿਸਮ ਦੇ ਜਨਤਕ ਆਧਾਰ ਵਾਲੇ ਪ੍ਰੀਮੀਅਰ ਡੱਗ ਫੋਰਡ ਨੂੰ ਉਸਦੇ ਆਧਾਰ ਤੋਂ ਦੂਰ ਰੱਖ ਕੇ ਫੈਡਰਲ ਕੰਜ਼ਰਵੇਟਿਵ ਕੀ ਹਾਸਲ ਕਰਨਾ ਚਾਹੁੰਦੇ ਹਨ? ਸਮਝਿਆ ਜਾ ਰਿਹਾ ਹੈ ਕਿ ਡੱਗ ਫੋਰਡ ਦਾ ਇਰਾਦਾ ਜਸਟਿਨ ਟਰੂਡੋ ਨੂੰ ਹਰ ਮੁੱਦੇ ਉੱਤੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਹੈ ਪਰ ਫੈਡਰਲ ਟੋਰੀਆਂ ਦੀ ਇੱਜ਼ਤ ਨੂੰ ਹੋਰ ਖੋਰੇ ਤੋਂ ਬਚਾਉਣ ਲਈ ਉਹ ਆਪਣੀ ਜੁਬਾਨ ਨੂੰ ਬੰਦ ਰੱਖਣ ਦਾ ਔਖਾ ਕੰਮ ਕਰ ਰਿਹਾ ਹੈ।

ਕੈਨੇਡਾ ਦੇ ਧੁਰ ਦੂਜੇ ਪਾਸੇ ਜਾ ਵੱਸੇ ਜੇਸਨ ਕੈਨੀ ਨੂੰ ਜੀ ਟੀ ਏ ਵਿੱਚ ਵਿਚੋਲਗਿਰੀ ਕਰਨ ਲਈ ਬੁਲਾ ਕੇ ਐਂਡਰੀਊ ਸ਼ੀਅਰ ਵੋਟਰਾਂ ਵਿੱਚ ਇਹ ਪ੍ਰਭਾਵ ਪੈਦਾ ਕਰ ਰਹੇ ਹਨ ਕਿ ਉਹਨਾਂ ਦੇ ਕੈਂਪ ਨੂੰ ਕਿਸੇ ਪ੍ਰਭਾਵਸ਼ਾਲੀ ਲੀਡਰ ਦੀ ਸਖ਼ਤ ਲੋੜ ਹੈ। ਮਾਹਰ ਇਹ ਵੀ ਮੰਨ ਰਹੇ ਹਨ ਕਿ ਡੱਗ ਫੋਰਡ ਦੇ ਮੂੰਹ ਉੱਤੇ ਤਾਲਾ ਲਾ ਕੇ ਸ਼ੀਅਰ ਪਾਰਟੀ ਮਸ਼ੀਨਰੀ ਦੇ ਮਨ ਵਿੱਚ ਬੈਠੇ ਡਰ ਨੂੰ ਉਜਾਗਰ ਕਰਨ ਤੋਂ ਇਲਾਵਾ ਕੋਈ ਹੋਰ ਲਾਭ ਹਾਸਲ ਨਹੀਂ ਕਰ ਰਹੇ।

ਜਿੱਥੇ ਤੱਕ ਸਿਆਸੀ ਬਿਆਨਬਾਜ਼ੀ ਦੇ ਮੁਕਾਬਲੇ ਦੀ ਗੱਲ ਹੈ, ਜੋ ਬਾਣ ਜਸਟਿਨ ਟਰੂਡੋ ਅਤੇ ਉਸਦੇ ਸਾਥੀ ਲਿਬਰਲਾਂ ਵੱਲੋਂ ਡੱਗ ਫੋਰਡ ਨੂੰ ਨਿਸ਼ਾਨਾ ਬਣਾ ਕੇ ਛੱਡੇ ਜਾ ਰਹੇ ਹਨ, ਉਹਨਾਂ ਦਾ ਜਵਾਬ ਦੇਣ ਦੀ ਡੱਗ ਫੋਰਡ ਕੋਲ ਭਰਪੂਰ ਸਮਰੱਥਾ ਹੈ। ਕੌੜਾ ਸਿਆਸੀ ਸੱਚ ਇਹ ਵੀ ਹੈ ਕਿ ਜਦੋਂ ਤੱਕ ਫੋਰਡ ਚੁੱਪ ਕਰਾ ਕੇ ਰੱਖਿਆ ਜਾਵੇਗਾ, ਉਸ ਵੇਲੇ ਤੱਕ ਟਰੂਡੋ ਦੇ ਪ੍ਰੋਵਿੰਸ਼ਅੀਲ ਮੁੱਦਿਆਂ ਨੂੰ ਲੈ ਕੇ ਦਾਗੀਆਂ ਤੋਪਾਂ ਦਾ ਜਵਾਬ ਕਿਸੇ ਟੋਰੀ ਕੋਲ ਨਹੀਂ ਹੋਵੇਗਾ। ਲੋਹੇ ਨੂੰ ਹੀ ਲੋਹਾ ਕੱਟ ਸਕਦਾ ਹੈ ਅਤੇ ਫੋਰਡ ਨੂੰ ਚੁੱਪ ਕਰਾ ਕੇ ਟੋਰੀ ਆਪਣੇ ਪੈਰਾਂ ਉੱਤੇ ਕੁਹਾੜਾ ਮਾਰ ਰਹੇ ਜਾਪਦੇ ਹਨ।

ਕਿਸੇ ਵੀ ਜੰਗ ਵਿੱਚ ਜਿੱਤ ਹਾਰ ਦਾ ਫੈਸਲਾ ਇਹ ਗੱਲ ਕਰਦੀ ਹੁੰਦੀ ਹੈ ਕਿ ਕਿਹੜੀ ਧਿਰ ਡਰ ਦਾ ਭਾਵ ਧਾਰ ਕੇ ਜੰਗ ਦੇ ਮੈਦਾਨ ਵਿੱਚ ਆ ਰਹੀ ਹੈ। ਇਹੀ ਅਸੂਲ ਚੋਣਾਂ ਵਿੱਚ ਫੈਸਲਾਕੁਨ ਸਾਬਤ ਹੋਇਆ ਕਰਦਾ ਹੈ। ਇਸ ਅਸੂਲ ਦੀ ਅਣਦੇਖੀ ਦੀ ਟੋਰੀਆਂ ਨੂੰ ਭਾਰੀ ਕੀਮਤ ਅਦਾ ਕਰਨੀ ਪੈ ਸਕਦੀ ਹੈ।

Have something to say? Post your comment