Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਸੰਪਾਦਕੀ

ਉਂਟੇਰੀਓ ਸਕੂਲ ਵਰਕਰਾਂ ਦੀ ਸੰਭਾਵੀ ਹੜਤਾਲ ਨੂੰ ਲੈ ਕੇ ਗਰਮ ਹੋਈ ਸਿਆਸਤ

October 03, 2019 05:49 AM

ਪੰਜਾਬੀ ਪੋਸਟ ਸੰਪਾਦਕੀ

ਇਸ ਸੋਮਵਾਰ ਤੋਂ ਸਕੂਲਾਂ ਵਿੱਚ ਕੰਮ ਕਰਦੇ ਕੈਨੇਡੀਅਨ ਯੂਨੀਅਨ ਆਫ ਪਬਲਿਕ ਸਰਵਸਿਜ਼ (Canadian Union of Public Services, CUPE) ਦੇ ਮੈਂਬਰਾਂ ਨੇ ਵਰਕ-ਟੂ-ਰੂਲ (ਨੇਮ ਅਨੁਸਾਰ ਕੰਮ) ਮੁਹਿੰਮ ਆਰੰਭੀ ਹੋਈ ਹੈ। ਕੱਲ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜੇ ਉਹਨਾਂ ਦੀਆਂ ਮੰਗਾਂ ਨਾ ਮੰਗੀਆਂ ਗਈਆਂ ਤਾਂ ਉਹ 7 ਅਕਤੂਬਰ ਤੋਂ ਪੂਰੀ ਹੜਤਾਲ ਉੱਤੇ ਚਲੇ ਜਾਣਗੇ। ਵਰਨਣਯੋਗ ਹੈ ਕਿ ਉਂਟੇਰੀਓ ਭਰ ਦੇ ਸਕੂਲਾਂ ਵਿੱਚ ਕੰਮ ਕਰਦੇ CUPE ਦੇ 55000 ਤੋਂ ਵੱਧ ਮੈਂਬਰ ਹਨ ਜਿਹਨਾਂ ਵਿੱਚ ਐਜੁਕੇਸ਼ਨ ਅਸਿਸਟੈਂਟ, ਅਰਲੀ ਚਾਈਲਡਹੁੱਡ ਐਜੁਕੇਟਰਜ਼, ਪ੍ਰਸ਼ਾਸ਼ਨਿਕ ਸਟਾਫ, ਲਾਇਬਰੇਰੀ ਵਰਕਰ, ਕਸਟੋਡੀਅਨ, ਸੋਸ਼ਲ ਵਰਕਰ਼, ਮਨੋਵਿਗਿਆਨਕ, ਚਾਈਲਡ ਐਂਡ ਯੂਥ ਵਰਕਰਾਂ ਵਰਗੇ ਸਟਾਫ ਸ਼ਾਮਲ ਹਨ। ਇਹਨਾਂ ਮੁਲਾਜ਼ਮਾਂ ਦਾ ਦੋਸ਼ ਹੈ ਕਿ ਡੱਗ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਫੰਡ ਵਿੱਚ ਕੱਟ ਲਾ ਕੇ ਟੀਚਿੰਗ ਅਸਿਸਟੈਂਟ ਅਤੇ ਹੋਰ ਸੁਪੋਰਟ ਸਟਾਫ ਵਿੱਚ ਕਟੌਤੀਆਂ ਕੀਤੀਆਂ ਹਨ ਜਿਸ ਕਾਰਣ ਬੱਚਿਆਂ ਦੀ ਵਿੱਦਿਆ ਪ੍ਰਭਾਵਿਤ ਹੋ ਰਹੀ ਹੈ। ਯੂਨੀਅਨ ਨੂੰ ਸੁਪੋਰਟ ਸਟਾਫ਼ ਨੂੰ ਘੱਟ ਮਿਲਦੀਆਂ ਤਨਖਾਹਾਂ ਦੀ ਵੀ ਚਿੰਤਾ ਹੈ।

 

ਡੱਗ ਫੋਰਡ ਸਰਕਾਰ ਵੱਲੋਂ ਬੱਜਟ ਨੂੰ ਸਾਵਾਂ ਕਰਨ ਦੇ ਨਾਮ ਥੱਲੇ ਵੱਖੋ ਵੱਖਰੇ ਵਿਭਾਗਾਂ ਵਿੱਚ ਕੀਤੀ ਗਈ ਫੰਡਾਂ ਵਿੱਚ ਕਟੌਤੀ ਕੋਈ ਨਵਾਂ ਵਿਸ਼ਾ ਨਹੀਂ ਹੈ ਅਤੇ ਨਾ ਹੀ ਇਸਦੇ ਸੇਕ ਕਾਰਣ ਹੋਣ ਵਾਲੇ ਨੁਕਸਾਨ ਤੋਂ ਫੈਡਰਲ ਕੰਜ਼ਵਰੇਟਿਵ ਅਣਭਿੱਜ ਹਨ। ਆਮ ਕਰਕੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਸਿੱਝੇ ਜਾਣ ਵਾਲੇ ਮੁੱਦੇ ਫੈਡਰਲ ਚੋਣਾਂ ਵਿੱਚ ਬਹਿਸ ਦਾ ਵਿਸ਼ਾ ਵੀ ਨਹੀਂ ਬਣਿਆ ਕਰਦੇ। ਅਸਲ ਵਿੱਚ ਜਦੋਂ ਕਦੇ ਫੈਡਰਲ ਨੇਤਾਵਾਂ ਕੋਲ ਵੋਟਰ ਅਣਜਾਣਪੁਣੇ ਵਿੱਚ ਪ੍ਰੋਵਿੰਸ਼ੀਅਲ ਅਤੇ ਸਥਾਨਕ ਸਰਕਾਰ ਨਾਲ ਸਬੰਧਿਤ ਮੁੱਦਿਆਂ ਦੇ ਹੱਲ ਬਾਰੇ ਗੱਲ ਕਰਦੇ ਹਨ ਤਾਂ ਸਿਆਣੇ ਆਗੂ ਤਰਕ ਨਾਲ ਸਮਝਾਉਂਦੇ ਹਨ ਕਿ ਇਹ ਵਿਸ਼ੇ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ। ਪਰ ਇਸ ਵਾਰ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ ਨੇ ਸਕੂਲ ਵਰਕਰਾਂ ਦੀ ਹੜਤਾਲ ਨੂੰ ਫੈਡਰਲ ਚੋਣ ਪ੍ਰਚਾਰ ਦਾ ਜੋਰ ਸ਼ੋਰ ਨਾਲ ਵਿਸ਼ਾ ਬਣਾਇਆ ਹੋਇਆ ਹੈ। ਦੂਜੇ ਪਾਸੇ ਅੱਜ ਉਂਟੇਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੀਸ ਨੇ ਮੋੜਵਾਂ ਵਾਰ ਕਰਦੇ ਹੋਏ ਜਸਟਿਨ ਟਰੂਡੋ ਨੂੰ ਕਿਹਾ ਹੈ ਕਿ ਉਹ ਇਸ ਮੁੱਦੇ ਦਾ ਸਿਆਸੀਕਰਣ ਨਾ ਕਰਕੇ ਆਪਣੀ ਕੁਰਸੀ ਬਣਾਉਣ ਵੱਲ ਧਿਆਨ ਦੇਵੇ।

ਵਰਨਣਯੋਗ ਹੈ ਕਿ ਜਸਟਿਨ ਟਰੂਡੋ ਬੀਤੇ ਦਿਨਾਂ ਵਿੱਚ ਪ੍ਰੀਮੀਅਰ ਡੱਗ ਫੋਰਡ ਬਾਰੇ ਕਈ ਵਾਰ ਆਖ ਚੁੱਕੇ ਹਨ ਕਿ ਉਹ ਆਪਣੇ ਫੈਡਰਲ ਕੰਜ਼ਰਵੇਟਿਵ ਦੋਸਤਾਂ ਦੀ ਮਦਦ ਕਰਨ ਦੀ ਥਾਂ ਸਕੂਲ ਸਟਾਫ ਦੀ ਹੜਤਾਲ ਕਾਰਣ ਪੈਦਾ ਹੋਈ ਸਥਿਤੀ ਉੱਤੇ ਕਾਬੂ ਪਾਉਣ ਵੱਲ ਧਿਆਨ ਦੇਵੇ। ਨੋਟ ਕਰਨ ਵਾਲੀ ਗੱਲ ਹੈ ਕਿ 2015 ਦੀਆਂ ਫੈਡਰਲ ਚੋਣਾਂ ਵਿੱਚ ਜਸਟਿਨ ਟਰੂਡੋ ਨੂੰ ਜਿਤਾਉਣ ਲਈ ਉਂਟੇਰੀਓ ਦੀ ਤਤਕਾਲੀ ਲਿਬਰਲ ਪ੍ਰੀਮੀਅਰ ਕੈਥਲਿਨ ਵਿੱਨ ਨੇ ਖੁੱਲ ਕੇ ਮਦਦ ਕੀਤੀ ਸੀ। ਇੱਥੇ ਤੱਕ ਕੈਥਲਿਨ ਵਿੱਨ ਨੇ ਫੈਡਰਲ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਂਟੇਰੀਓ ਵਾਸਤੇ ਸਰਕਾਰ ਵੱਲੋਂ ਫੰਡ ਕੀਤੀ ਜਾਣ ਵਾਲੀ ਡਰੱਗ ਇੰਸ਼ੂਰੈਂਸ ਦਾ ਐਲਾਨ ਕੀਤਾ ਸੀ। ਬਾਅਦ ਵਿੱਚ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੈਥਲਿਨ ਵਿੱਨ ਨੇ ਉਸ ਐਲਾਨ ਨੂੰ ਅਣਚਾਹੇ ਸਮਾਨ ਵਾਗੂੰ ਵਗਾਹ ਮਾਰਿਆ ਸੀ। ਦਿਲਚਸਪ ਗੱਲ ਇਹ ਵੀ ਹੈ ਕਿ CUPE ਦਾ ਇਸ ਸੰਭਾਵਿਤ ਹੜਤਾਲ ਬਾਰੇ ਆਖਣਾ ਹੈ ਕਿ ਸਾਨੂੰ ਹੜਤਾਲ ਦੇ ਰਾਹ ਇਸ ਲਈ ਤੁਰਨਾ ਪਿਆ ਹੈ ਕਿਉਂਕਿ ਡੱਗ ਫੋਰਡ ਸਰਕਾਰ ਪ੍ਰੋਵਿੰਸ਼ੀਅਲ ਲਿਬਰਲ ਸਰਕਾਰ ਦੀ ਫੰਡਾਂ ਵਿੱਚ ਕੱਟ ਲਾਉਣ ਦੀ ਚਿਰ ਪੁਰਾਣੀ ਰਿਵਾਇਤ ਨੂੰ ਜਾਰੀ ਰੱਖ ਰਹੀ ਹੈ। ਜਾਪਦਾ ਹੈ ਕਿ ਜਸਟਿਨ ਟਰੂਡੋ ਨੂੰ ਉਸਦੇ ਸਲਾਹਕਾਰਾਂ ਨੇ CUPE ਦਾ ਬਿਆਨ ਪੜਨ ਲਈ ਦਿੱਤਾ ਹੀ ਨਹੀਂ ਹੋਵੇਗਾ।

ਵਿੱਦਿਆ ਦਾ ਸਿਆਸੀਕਰਣ ਕੋਈ ਨਵੀਂ ਗੱਲ ਨਹੀਂ ਹੈ ਪਰ ਜਿਸ ਤਰੀਕੇ ਵਰਤਮਾਨ ਚੋਣਾਂ ਵਿੱਚ ਇਹ ਮੁੱਦਾ ਉੱਭਰ ਕੇ ਆ ਰਿਹਾ ਹੈ, ਇਸ ਨਾਲ ਨਵੀਆਂ ਰੀਤਾਂ ਪੈਦਾ ਹੋ ਰਹੀਆਂ ਹਨ। CUPE ਦੇ ਕੰਮਕਾਜ ਅਤੇ ਇਸਦੇ ਸਿਆਸੀ ਝੁਕਾਵਾਂ ਤੋਂ ਵਾਕਫ਼ ਮਾਹਰਾਂ ਦਾ ਆਖਣਾ ਹੈ ਕਿ CUPE ਸਮੇਂ ਸਮੇਂ ਉੱਤੇ ਸਖ਼ਤ ਢੰਗ ਨਾਲ ਸਿਆਸੀ ਸਮੀਕਰਣਾਂ ਨੂੰ ਉਭਾਰਦੀ ਰਹਿੰਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ CUPE ਵੱਲੋਂ ਹੜਤਾਲ ਦਾ ਵਰਤਮਾਨ ਮਾਹੌਲ ਲਿਬਰਲ ਪਾਰਟੀ ਨੂੰ ਲਾਭ ਦੇਣ ਲਈ ਹੀ ਪੈਦਾ ਕੀਤਾ ਗਿਆ ਹੈ। ਦੂਜੇ ਪਾਸੇ CUPE ਦਾ ਆਖਣਾ ਹੈ ਕਿ ਇਹ ਹੜਤਾਲ ਵਰਕਰਾਂ ਦੇ ਸਨਮਾਨ ਦੀ ਬਹਾਲੀ ਵਾਸਤੇ ਹੈ। ਅਫ਼ਸੋਸ ਦੀ ਗੱਲ ਹੈ ਕਿ ਕੰਜ਼ਰਵੇਟਿਵ ਅਤੇ ਲਿਬਰਲ ਦੇਸ਼ ਦੇ ਸਨਮਾਨ ਨੂੰ ਚਾਰ ਚੰਦ ਲਾਉਣ ਲਈ ਸਿਆਸੀ ਮਿਹਣਿਆਂ ਵਿੱਚ ਤਾਂ ਉਲਝੇ ਹੋਏ ਹਨ ਪਰ ਆਮ ਵੋਟਰ ਦੇ ਸਨਮਾਨ ਅਤੇ ਬੱਚਿਆਂ ਦੀ ਵਿੱਦਿਆ ਕਿਸੇ ਨੂੰ ਖਿਆਲ ਆਇਆ ਨਹੀਂ ਜਾਪਦਾ।

Have something to say? Post your comment