-ਅਮਰੀਕੀ ਵਣਜ ਸਕੱਤਰ ਨਾਲ ਫੋਨ `ਤੇ ਗੱਲਬਾਤ ਦੌਰਾਨ ਸਖ਼ਤ ਸ਼ਬਦਾਂ `ਚ ਦਿੱਤਾ ਜਵਾਬ
ਓਟਵਾ, 5 ਮਾਰਚ (ਪੋਸਟ ਬਿਊਰੋ): ਓਂਟਾਰੀਓ ਸਰਕਾਰ ਵੱਲੋਂ ਤਿੰਨ ਅਮਰੀਕੀ ਰਾਜਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਬਿਜਲੀ ਉੱਤੇ 25 ਫ਼ੀਸਦੀ ਨਿਰਯਾਤ ਕਰ ਲਾਉਣ ਦੀ ਯੋਜਨਾ ਦੇ ਐਲਾਨ ਤੋਂ ਬਾਅਦ ਅਮਰੀਕੀ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਪ੍ਰੀਮੀਅਰ ਡੱਗ ਫੋਰਡ ਨਾਲ ਫੋਨ `ਤੇ ਗੱਲਬਾਤ ਕੀਤੀ ਹੈ। ਸੂਤਰਾਂ ਅਨੁਸਾਰ ਲੁਟਨਿਕ ਨੇ ਫੋਰਡ ਨੂੰ ਆਪਣੇ ਟੈਰਿਫ ਵਾਪਸ ਲੈਣ ਲਈ ਕਿਹਾ ਪਰ ਪ੍ਰੀਮਿਅਰ ਨੇ ਆਪਣੇ ਟੈਰਿਫ ਉਦੋਂ ਤੱਕ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ, ਜਦੋਂ ਤੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਆਪਕ ਟੈਰਿਫ ਵਾਪਸ ਨਹੀਂ ਲਏ ਜਾਂਦੇ। ਮੰਗਲਵਾਰ ਨੂੰ ਇੱਕ ਸੰਮੇਲਨ ਦੌਰਾਨ ਫੋਰਡ ਨੇ ਕਿਹਾ ਸੀ ਕਿ ਨਿਰਯਾਤ ਕਰ ਉਸ ਬਿਜਲੀ `ਤੇ ਲਾਗੂ ਹੋਣਗੇ, ਜੋ ਓਂਟਾਰੀਓ ਨਿਊਯਾਰਕ, ਮਿਸ਼ੀਗਨ ਅਤੇ ਮਿਨੇਸੋਟਾ ਵਿੱਚ 1.5 ਮਿਲਿਅਨ ਘਰਾਂ ਅਤੇ ਕਾਰੋਬਾਰਾਂ ਲਈ ਭੇਜਦਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਟੈਰਿਫ ਕਦੋਂ ਲਾਗੂ ਹੋਣਗੇ। ਬਾਅਦ ਵਿੱਚ ਫੋਰਡ ਨੇ ਉਨ੍ਹਾਂ ਤਿੰਨ ਰਾਜਾਂ ਦੇ ਸੀਨੇਟਰਾਂ, ਕਾਂਗਰਸੀਆਂ ਅਤੇ ਰਾਜਪਾਲਾਂ ਨੂੰ ਇੱਕ ਪੱਤਰ ਭੇਜਿਆ, ਜਿਸ ਵਿੱਚ ਉਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਕਿਸੇ ਹੋਰ ਟੈਰਿਫ ਨੂੰ ਲਾਗੂ ਕਰਣ ਦੀ ਹਾਲਤ ਵਿੱਚ ਉਨ੍ਹਾਂ ਵੱਲੋਂ ਅਮਰੀਕਾ ਨੂੰ ਭੇਜੀ ਜਾਣ ਵਾਲੀ ਬਿਜਲੀ ਉੱਤੇ ਟੈਰਿਫ ਲਾਗੂ ਕਰਨ ਦੀ ਪ੍ਰਾਂਤ ਦੀ ਯੋਜਨਾ ਬਾਰੇ ਸੂਚਿਤ ਕੀਤਾ ਗਿਆ ਸੀ।
ਫੋਰਡ ਨੇ ਲਿਖਿਆ ਕਿ ਇਹ ਟੈਰਿਫ ਉਨ੍ਹਾਂ ਕਾਰਵਾਈਆਂ ਤੋਂ ਇਲਾਵਾ ਹੋਵੇਗਾ, ਜੋ ਕੈਨੇਡੀਅਨ ਸਰਕਾਰ ਪਹਿਲਾਂ ਤੋਂ ਕਰ ਰਹੀ ਹੈ। ਜਦੋਂ ਉਨ੍ਹਾਂ ਤੋਂ ਲਾਗੂ ਕਰਨ ਦੇ ਸਮੇਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਇਸ ਗੱਲ `ਤੇ ਵਿਚਾਰ ਕਰ ਰਹੇ ਹੈ ਕਿ ਬਿਜਲੀ ਉੱਤੇ 25 ਫ਼ੀਸਦੀ ਨਿਰਯਾਤ ਕਰ ਕਿੰਨੀ ਜਲਦੀ ਲਗਾਇਆ ਜਾ ਸਕਦਾ ਹੈ।