ਓਟਵਾ, 5 ਮਾਰਚ (ਪੋਸਟ ਬਿਊਰੋ): ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਓਂਟਾਰੀਓ ਦਾ ਸ਼ਰਾਬ ਕੰਟ੍ਰੋਲ ਬੋਰਡ (ਐੱਲ.ਸੀ.ਬੀ.ਓ.) ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਵਸਤਾਂ `ਤੇ ਲਾਏ ਵਿਆਪਕ ਟੈਰਿਫ ਖਿਲਾਫ ਬਦਲੇ ਦੇ ਪਹਿਲੇ ਦੌਰ ਦੇ ਹਿੱਸੇ `ਚ 3600 ਤੋਂ ਵੱਧ ਅਮਰੀਕਾ ਦੇ ਬਣੇ ਅਲਕੋਹਲ ਵਾਲੇ ਉਤਪਾਦਾਂ ਨੂੰ ਹਟਾ ਰਿਹਾ ਹੈ। ਹੋਰ ਥੋਕ ਵਿਕਰੇਤਾ ਦੇ ਰੂਪ ਵਿੱਚ ਅਮਰੀਕੀ ਬਰਾਂਡ ਹੁਣ ਐੱਲ.ਸੀ.ਬੀ.ਓ. ਕੈਟਲਾਗ ਵਿੱਚ ਉਪਲੱਬਧ ਨਹੀਂ ਹੋਣਗੇ, ਜਿਸਦਾ ਮਤਲਬ ਹੈ ਕਿ ਸੂਬੇ ਦੇ ਹੋਰ ਛੋਟੇ ਵਿਕਰੇਤਾ, ਬਾਰ ਅਤੇ ਰੈਸਤਰਾਂ ਹੁਣ ਅਮਰੀਕੀ ਉਤਪਾਦਾਂ ਨੂੰ ਫਿਰ ਤੋਂ ਸਟਾਕ ਨਹੀਂ ਕਰ ਸਕਣਗੇ। ਇਹ ਅਮਰੀਕੀ ਉਤਪਾਦਕਾਂ ਲਈ ਇਕ ਵੱਡਾ ਝਟਕਾ ਹੈ।
ਹਰ ਸਾਲ ਐੱਲ.ਸੀ.ਬੀ.ਓ. 35 ਰਾਜਾਂ ਦੇ 3600 ਤੋਂ ਵੱਧ ਉਤਪਾਦਾਂ ਸਹਿਤ ਲਗਭਗ 1 ਬਿਲੀਅਨ ਡਾਲਰ ਮੁੱਲ ਦੀ ਅਮਰੀਕੀ ਵਾਈਨ, ਬੀਅਰ, ਸਾਈਡਰ, ਸੇਲਟਜਰ ਅਤੇ ਸਪਿਰਿਟ ਵੇਚਦਾ ਹੈ। ਪ੍ਰੀਮੀਅਰ ਦੇ ਬੁਲਾਰੇ ਇਵਾਨਾ ਯੇਲਿਚ ਨੇ ਪੁਸ਼ਟੀ ਕੀਤੀ ਕਿ ਬਾਕੀ ਸਾਰੀ ਸ਼ਰਾਬ ਫਿਲਹਾਲ ਗੁਦਾਮਾਂ ਵਿੱਚ ਹੀ ਰਹੇਗੀ। ਫੋਰਡ ਨੇ ਕਿਹਾ ਕਿ ਉਹ ਟੈਰਿਫ ਖ਼ਤਮ ਹੋਣ ਤੱਕ ਇੰਤਜ਼ਾਰ ਕਰਨਗੇ ਅਤੇ ਫਿਰ ਫ਼ੈਸਲੇ ਅਨੁਸਾਰ ਸ਼ੈਲਫਾਂ ਨੂੰ ਫਿਰ ਤੋਂ ਭਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੀ ਸੂਚਨਾ ਤੱਕ, ਸਾਰੀ ਅਮਰੀਕੀ ਸ਼ਰਾਬ ਐੱਲ.ਸੀ.ਬੀ.ਓ. ਦੀਆਂ ਸ਼ੈਲਫਾਂ ਤੋਂ ਗ਼ਾਇਬ ਰਹੇਗੀ।