-ਸਥਾਨਕ ਐਮਪੀਪੀਜ਼ ਸਮੇਤ ਕਈ ਪਤਵੰਤਿਆਂ ਨੇ ਕੀਤੀ ਸਿ਼ਰਕਤ
ਬਰੈਂਪਟਨ, 23 ਫਰਵਰੀ (ਪੋਸਟ ਬਿਊਰੋ): ਨਿਵਾਸ ਲੌਂਗ-ਟਰਮ ਕੇਅਰ (ਨਿਵਾਸ ਐਲਟੀਸੀ) ਜੋਕਿ ਓਂਟਾਰੀਓ ਦਾ ਪਹਿਲਾ ਸਿੱਖ-ਪੰਜਾਬੀ ਕੇਂਦ੍ਰਿਤ ਲੌਂਗ ਟਰਮ ਕੇਅਰ ਹੋਮ ਹੈ, ਨੇ ਬੀਤੇ ਦਿਨੀਂ ਅਧਿਕਾਰਤ ਤੌਰ 'ਤੇ ਸੀਨੀਅਰ ਕੇਅਰ ਪ੍ਰਦਾਨ ਕਰਨ ਵਾਲੀ ਆਪਣੀ 160-ਬਿਸਤਰਿਆਂ ਵਾਲੇ ਹੋਮ ਦਾ ਨੀਂਹ ਪੱਥਰ ਰੱਖਿਆ ਹੈ। ਬਰੈਂਪਟਨ ਵਿੱਚ 380 ਫਰਨਫੋਰੈਸਟ ਡਰਾਈਵ 'ਤੇ ਸਥਿਤ ਨਵਾਂ ਘਰ, ਸਿੱਖ-ਪੰਜਾਬੀ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਦੇ ਹੋਏ ਹਮਦਰਦੀ ਭਰੀ, ਭਾਈਚਾਰਕ-ਕੇਂਦ੍ਰਿਤ ਦੇਖਭਾਲ ਦੀ ਪੇਸ਼ਕਸ਼ ਕਰੇਗਾ।
ਨੀਂਹ ਪੱਥਰ ਸਮਾਰੋਹ ਸ਼ਨੀਵਾਰ 15 ਫਰਵਰੀ ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ ਵਿਖੇ ਅਖੰਡ ਪਾਠ ਭੋਗ ਤੇ ਅਰਦਾਸ ਨਾਲ ਸ਼ੁਰੂ ਹੋਇਆ। ਸਮਾਗਮ ਵਿੱਚ ਕਮਿਊਨਿਟੀ ਮੈਂਬਰ (ਸੰਗਤ), ਪ੍ਰੋਜੈਕਟ ਵਲੰਟੀਅਰ, ਓਨਟਾਰੀਓ ਗੁਰਦੁਆਰਾ ਕਮੇਟੀ, ਨਿਵਾਸ ਫਾਊਂਡੇਸ਼ਨ ਅਤੇ ਨਿਵਾਸ ਐਲਟੀਸੀ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਸ਼ਾਮਲ ਹੋਏ। ਸਥਾਨਕ ਸੰਸਦ ਮੈਂਬਰ, ਐਮਪੀਪੀ ਅਤੇ ਬਰੈਂਪਟਨ ਸਿਟੀ ਕੌਂਸਲਰ ਵੀ ਇਸ ਇਤਿਹਾਸਕ ਮੌਕੇ ਸ਼ਾਮਿਲ ਹੋਏ।
ਪ੍ਰੋਜੈਕਟ ਨੂੰ ਮਿਊਂਸੀਪਲ ਅਤੇ ਸੂਬਾਈ ਸਰਕਾਰਾਂ ਦੋਨਾਂ ਤੋਂ ਮਜ਼ਬੂਤ ਸਮਰਥਨ ਪ੍ਰਾਪਤ ਹੋਇਆ ਹੈ, ਜਿਸ ਵਿੱਚ ਬਰੈਂਪਟਨ ਸ਼ਹਿਰ ਨੇ ਵਿਕਾਸ ਖ਼ਰਚਿਆਂ ਵਿੱਚ ਲਗਭਗ 2 ਮਿਲੀਅਨ ਡਾਲਰ ਮੁਆਫ਼ ਕਰ ਦਿੱਤੇ ਹਨ ਅਤੇ ਓਂਟਾਰੀਓ ਸਰਕਾਰ ਨੇ ਸਹੂਲਤ ਦੇ ਨਿਰਮਾਣ ਲਈ 12 ਮਿਲੀਅਨ ਡਾਲਰ ਤੋਂ ਵੱਧ ਦਾ ਯੋਗਦਾਨ ਪਾਇਆ ਹੈ।
ਇਸ ਨਿਰਮਾਣ ਦਾ ਅਧਿਕਾਰਤ ਨੀਂਹ ਪੱਥਰ ਸਮਾਗਮ 16 ਫਰਵਰੀ ਨੂੰ ਨਿਵਾਸ ਐਲਟੀਸੀ ਬੋਰਡ ਆਫ਼ ਡਾਇਰੈਕਟਰਜ਼ ਨੇ ਸਹੂਲਤ ਦੇ ਭਵਿੱਖੀ ਸਥਾਨ 'ਤੇ ਹੋਇਆ। ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ, ਨਿਵਾਸ ਐਲਟੀਸੀ ਪ੍ਰੋਜੈਕਟ ਟੀਮ, ਵਲੰਟੀਅਰ ਅਤੇ ਮੁੱਖ ਹਿੱਸੇਦਾਰਾਂ, ਸਟਿੰਗਰੇ ਆਰਕੀਟੈਕਟਸ ਇੰਕ. ਅਤੇ ਮੇਸਟਾਰ ਜਨਰਲ ਕੰਟਰੈਕਟਰਜ਼ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਸਮਾਰੋਹ ਦੌਰਾਨ ਅਨੰਦ ਸਾਹਿਬ ਦੇ ਪਾਠ ਕੀਤਾ ਗਿਆ, ਜਿਸ ਤੋਂ ਬਾਅਦ ਅਰਦਾਸ ਕੀਤੀ ਗਈ। ਉਪਰੰਤ ਪੰਜ ਪਿਆਰਿਆਂ ਨੇ ਸਮਾਗਮ ਦੀ ਨੁਮਾਇੰਦਗੀ ਕੀਤੀ।
ਨਿਵਾਸ ਫਾਊਂਡੇਸ਼ਨ ਦੇ ਚੇਅਰ ਅਤੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਕਿਹਾ ਕਿ ਓਂਟਾਰੀਓ ਦੇ ਪਹਿਲੇ ਸਿੱਖ-ਪੰਜਾਬੀ ਲੌਂਗ ਟਰਮ ਕੇਅਰ ਘਰ ਖੋਲ੍ਹਣ ਦੀ ਸਾਡੀ ਯਾਤਰਾ 'ਤੇ ਇੱਕ ਯਾਦਗਾਰੀ ਕਦਮ ਹੈ। ਨਿਵਾਸ ਐਲਟੀਸੀ ਬਜ਼ੁਰਗਾਂ ਦੀ ਦੇਖਭਾਲ ਵਿੱਚ ਉੱਤਮਤਾ ਲਈ ਵਚਨਬੱਧ ਹੈ ਇਹ ਯਕੀਨੀ ਬਣਾਏਗਾ ਕਿ ਨਿਵਾਸੀਆਂ ਨੂੰ ਉਨ੍ਹਾਂ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਜ਼ਰੂਰਤਾਂ ਦੇ ਅਨੁਸਾਰ ਉੱਚ-ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਾਪਤ ਹੋਣ।
ਨਿਵਾਸ ਲੌਂਗ ਟਰਮ ਕੇਅਰ ਬਾਰੇ ਵਧੇਰੇ ਜਾਣਕਾਰੀ ਅਤੇ ਅਪਡੇਟਸ ਲਈ niwaas.ca 'ਤੇ ਜਾਓ ਜਾਂ info@niwaas.ca 'ਤੇ ਈਮੇਲ ਕਰੋ।