ਟੋਰਾਂਟੋ, 23 ਫਰਵਰੀ (ਪੋਸਟ ਬਿਊਰੋ): ਟੋਰਾਂਟੋ ਦੇ ਡਾਊਨਟਾਊਨ ਈਸਟ ਏਰੀਆ ਵਿੱਚ ਸ਼ਨੀਵਾਰ ਬਾਅਦ ਦੁਪਹਿਰ 60 ਸਾਲ ਦੇ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਣ ਦੀ ਸੂਚਨਾ ਮਿਲੀ ਹੈ। ਘਟਨਾ ਸ਼ੇਰਬੋਰਨ ਅਤੇ ਸ਼ੂਟਰ ਸਟ੍ਰੀਟ ਦੇ ਖੇਤਰ ਵਿੱਚ ਮੌਸ ਪਾਰਕ ਦੇ ਨੇੜੇ ਵਾਪਰੀ। ਟੋਰਾਂਟੋ ਪੁਲਿਸ ਨੇ ਕਿਹਾ ਕਿ ਸ਼ਾਮ 6 ਵਜੇ ਦੇ ਕਰੀਬ ਉਨ੍ਹਾਂ ਨੂੰ ਘਟਨਾ ਸਥਾਨ `ਤੇ ਬੁਲਾਇਆ ਗਿਆ ਸੀ। ਜਾਂਚਕਰਤਾਵਾਂ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਪੀੜਤ ਨੂੰ ਚਾਕੂ ਮਾਰਿਆ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੀੜਤ ਦੇ ਜ਼ਖ਼ਮ ਚਾਕੂ ਨਾਲ ਹਮਲੇ ਦੇ ਨਹੀਂ ਸਨ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।