ਜਲੰਧਰ, 8 ਅਕਤੂਬਰ (ਪੋਸਟ ਬਿਊਰੋ): ਪੰਜਾਬ ਦੇ ਜਲੰਧਰ ਜਿ਼ਲ੍ਹੇ ਦੇ ਕਸਬਾ ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਨੇੜੇ ਪੰਜਾਬ ਪੁਲਿਸ ਦੇ ਦੋ ਏ.ਐੱਸ.ਆਈਜ਼ ਦੀਆਂ ਲਾਸ਼ਾਂ ਸ਼ੱਕੀ ਹਾਲਾਤਾਂ 'ਚ ਮਿਲਣ 'ਤੇ ਸਨਸਨੀ ਦਾ ਮਾਹੌਲ ਬਣ ਗਿਆ। ਮੁਲਜ਼ਮ ਕਤਲ ਅਤੇ ਬਲਾਤਕਾਰ ਦੇ ਮਾਮਲਿਆਂ ਵਿੱਚ ਫੜੇ੍ਹ ਗਏ ਸਨ। ਐੱਸਐੱਸਪੀ ਨੇ ਇਸ ਮਾਮਲੇ ਵਿੱਚ ਖੁਲਾਸਾ ਕੀਤਾ ਹੈ ਕਿ ਉਪਰੋਕਤ ਦੋਵੇਂ ਮੁਲਾਜ਼ਮਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਹੈ। ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਸੇ ਵੱਡੇ ਅਪਰਾਧ ਦਾ ਦੋਸ਼ੀ ਉਨ੍ਹਾਂ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ।
ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਆਦਮਪੁਰ ਇਲਾਕੇ ਤੋਂ ਪੁਲਿਸ ਦੀ ਗੱਡੀ ਵਿੱਚ ਫਰਾਰ ਹੋ ਗਏ ਸਨ। ਬਲਾਤਕਾਰ ਦੇ ਦੋਸ਼ੀ ਨੂੰ ਤੀਜੇ ਪੁਲਿਸ ਵਾਲੇ ਨੇ ਫੜ੍ਹ ਲਿਆ। ਉਸੇ ਸਮੇਂ ਦੋ ਪੁਲਿਸ ਮੁਲਾਜ਼ਮ 17 ਸਾਲਾ ਨਾਬਾਲਿਗ ਮੁਲਜ਼ਮ ਦੇ ਪਿੱਛੇ ਭੱਜੇ। ਜਦੋਂ ਉਹ ਉਸ ਨੂੰ ਫੜ੍ਹ ਨਹੀਂ ਸਕੇ ਤਾਂ ਉਨ੍ਹਾਂ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਸੋਮਵਾਰ ਦੇਰ ਰਾਤ ਖੁਰਦਾਪੁਰ ਰੇਲਵੇ ਸਟੇਸ਼ਨ ਨੇੜੇ ਬਰਾਮਦ ਹੋਈਆਂ।
ਦੋਵੇਂ ਏਐੱਸਆਈਜ਼ ਹੁਸਿ਼ਆਰਪੁਰ ਦੇ ਰਹਿਣ ਵਾਲੇ ਸਨ। ਜਿਨ੍ਹਾਂ ਦੀ ਪਛਾਣ ਏਐੱਸਆਈ ਪ੍ਰੀਤਮਦਾਸ ਅਤੇ ਜੀਵਨ ਲਾਲ ਵਜੋਂ ਹੋਈ ਹੈ। ਉਹ ਦੋਵੇਂ ਮੁਲਜ਼ਮਾਂ ਨੂੰ ਕਪੂਰਥਲਾ ਅਦਾਲਤ ਵਿੱਚ ਪੇਸ਼ ਕਰਕੇ ਵਾਪਿਸ ਹੁਸਿ਼ਆਰਪੁਰ ਲਿਆ ਰਹੇ ਸਨ। ਅਮਨਦੀਪ ਉਰਫ਼ ਕਾਲੂ ਦੀ ਉਮਰ ਸਿਰਫ਼ 17 ਸਾਲ ਹੈ, ਜਿਸ ਨੂੰ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਉਹ ਫਰਾਰ ਹੋ ਗਿਆ ਤਾਂ ਦੋਨਾਂ ਮੁਲਾਜ਼ਮਾਂ ਨੇ ਜ਼ਹਿਰ ਖਾ ਲਿਆ। ਪੁਲਿਸ ਨੇ ਦੋਨਾਂ ਮੁਲਜ਼ਮਾਂ ਖਿਲਾਫ਼ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦਾ ਕੇਸ ਦਰਜ ਕਰ ਲਿਆ ਹੈ।
ਜਦਕਿ ਦੂਜੇ ਦੋਸ਼ੀ ਦੇਵ ਕੁਮਾਰ (17.5 ਸਾਲ) ਦੇ ਖਿਲਾਫ ਥਾਣਾ ਸਦਰ ਕਪੂਰਥਲਾ ਵਿਖੇ ਸਮੂਹਿਕ ਜਬਰ ਜਨਾਹ ਅਤੇ ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਹੈ। ਡੀਐੱਸਪੀ ਆਦਮਪੁਰ ਦੀ ਨਿਗਰਾਨੀ ਹੇਠ ਐਸਐਚਓ ਆਦਮਪੁਰ ਦੀ ਅਗਵਾਈ ਵਿੱਚ ਪੁਲਿਸ ਟੀਮ ਦੋਨਾਂ ਅਧਿਕਾਰੀਆਂ ਦੀ ਮੌਤ ਦੇ ਸਬੰਧ ਵਿੱਚ ਧਾਰਾ 174 ਸੀਆਰਪੀਸੀ ਤਹਿਤ ਕਾਰਵਾਈ ਵਿੱਚ ਜੀਆਰਪੀ ਦੀ ਮਦਦ ਕਰ ਰਹੀ ਹੈ।