ਚੰਡੀਗੜ੍ਹ, 7 ਜੂਨ (ਪੋਸਟ ਬਿਊਰੋ): ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਚੁਣੀ ਗਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਗਰਮਾ ਗਿਆ ਹੈ। ਕੰਗਨਾ ਨੂੰ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਸਮਰਥਨ 'ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਾਹਮਣੇ ਆ ਗਈਆਂ ਹਨ। ਕਿਸਾਨ ਆਗੂਆਂ ਨੇ ਕਿਸਾਨ ਭਵਨ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਮਿਲਣਗੇ।
ਕਿਸਾਨਾਂ ਨੇ ਕਿਹਾ ਕਿ ਉਹ ਡੀਜੀਪੀ ਨੂੰ ਮਿਲ ਕੇ ਮੰਗ ਕਰਨਗੇ ਕਿ ਮਹਿਲਾ ਕਾਂਸਟੇਬਲਾਂ ਨਾਲ ਬੇਇਨਸਾਫ਼ੀ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀ ਵੱਲੋਂ 9 ਤਾਰੀਖ ਨੂੰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਐਸਐਸਪੀ ਦਫ਼ਤਰ ਤੱਕ ਇਨਸਾਫ਼ ਮਾਰਚ ਕੱਢਿਆ ਜਾਵੇਗਾ।
ਡੱਲੇਵਾਲ ਨੇ ਕਿਹਾ ਕਿ ਭਾਜਪਾ ਆਗੂ ਨੇ ਚੈਨਲ 'ਤੇ ਉਨ੍ਹਾਂ ਨਾਲ ਹੋਈ ਗੱਲ ਵਿਚ ਮੰਨਿਆ ਸੀ ਕਿ ਇਹ ਝਗੜਾ ਅਸਲ ਵਿਚ ਮੋਬਾਈਲ ਅਤੇ ਪਰਸ ਦੀ ਚੈਕਿੰਗ ਨੂੰ ਲੈ ਕੇ ਹੋਇਆ ਸੀ। ਪਰ ਕੰਗਨਾ ਸਾਂਸਦ ਹੋਣ ਕਾਰਨ ਚੈਕਿੰਗ ਲਈ ਆਪਣਾ ਸਾਮਾਨ ਬਾਹਰ ਨਾ ਕੱਢ ਕੇ ਖੁਦ ਨੂੰ ਵੀਆਈਪੀ ਸਮਝ ਰਹੀ ਸੀ। ਅਜਿਹੇ ਵਿੱਚ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਕੁੜੀ ਦਾ ਕੋਈ ਕਸੂਰ ਨਹੀਂ ਹੈ। ਉਸ ਨੇ ਆਪਣਾ ਫਰਜ਼ ਨਿਭਾਇਆ ਹੈ। ਇਸ ਕਾਰਨ ਲੜਾਈ ਹੋਈ।
ਹਾਲਾਂਕਿ ਇਹ ਹਾਲੇ ਵੀ ਜਾਂਚ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੰਗਨਾ ਖਿਲਾਫ ਕੋਰਟ 'ਚ ਕੇਸ ਚੱਲ ਰਿਹਾ ਹੈ। ਪਰ ਹਾਲੇ ਤੱਕ ਅਜਿਹਾ ਕੁਝ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਜਿਸ ਤਰ੍ਹਾਂ ਕੰਗਨਾ ਨੇ ਪੰਜਾਬ 'ਚ ਅੱਤਵਾਦ ਨੂੰ ਲੈ ਕੇ ਬਿਆਨ ਦਿੱਤਾ ਹੈ। ਪੰਜਾਬ ਵਿੱਚ ਅਜਿਹਾ ਕੁਝ ਨਹੀਂ ਹੈ।