ਜੰਮੂ, 6 ਮਈ (ਪੋਸਟ ਬਿਊਰੋ): ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ ਹੋਈਆਂ ਅਤੇ ਉਸ ਕੋਲ ਪ੍ਰਮਾਣੂ ਬੰਬ ਵੀ ਹਨ ਜੋ ਸਾਡੇ 'ਤੇ ਡਿੱਗਣਗੇ। ਉਨ੍ਹਾਂ ਦੀ ਇਹ ਟਿੱਪਣੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ 'ਪੀਓਕੇ ਭਾਰਤ ਵਿੱਚ ਰਲੇਵੇਂ' ਦੇ ਬਿਆਨ ਤੋਂ ਬਾਅਦ ਆਈ ਹੈ।
ਅਪ੍ਰੈਲ ਮਹੀਨੇ 'ਚ ਪੱਛਮੀ ਬੰਗਾਲ ਦੇ ਦਾਰਜੀਲਿੰਗ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਭਾਰਤ 'ਚ ਹੋ ਰਹੇ ਵਿਕਾਸ ਦੇ ਮੱਦੇਨਜ਼ਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਲੋਕ ਖੁਦ ਭਾਰਤ ਨਾਲ ਰਹਿਣ ਦੀ ਮੰਗ ਕਰਨਗੇ।
ਰਾਜਨਾਥ ਸਿੰਘ ਨੇ ਕਿਹਾ ਸੀ ਕਿ ਚਿੰਤਾ ਨਾ ਕਰੋ, ਪੀਓਕੇ ਸਾਡਾ ਸੀ, ਹੈ ਅਤੇ ਸਾਡਾ ਰਹੇਗਾ। ਭਾਰਤ ਦੀ ਤਾਕਤ ਵਧ ਰਹੀ ਹੈ। ਦੁਨੀਆਂ ਭਰ ਵਿੱਚ ਭਾਰਤ ਦਾ ਮਾਣ ਵਧ ਰਿਹਾ ਹੈ ਅਤੇ ਸਾਡੀ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਹੈ। ਹੁਣ ਪੀਓਕੇ ਵਿੱਚ ਸਾਡੇ ਭੈਣ-ਭਰਾ ਖੁਦ ਭਾਰਤ ਨਾਲ ਇਕੱਠੇ ਹੋਣ ਦੀ ਮੰਗ ਕਰਨਗੇ।
ਫਾਰੂਕ ਅਬਦੁੱਲਾ ਨੇ ਪੁੰਛ ਹਮਲੇ 'ਤੇ ਵੀ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਇਹ ਬਹੁਤ ਅਫਸੋਸਜਨਕ ਹੈ। ਉਹ (ਭਾਜਪਾ) ਕਹਿੰਦੇ ਸਨ ਕਿ ਅੱਤਵਾਦ ਲਈ 370 ਜਿ਼ੰਮੇਵਾਰ ਹੈ, ਪਰ ਅੱਜ 370 ਨਹੀਂ ਹੈ, ਹੁਣ ਤੁਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਵਾਬ ਪੁੱਛੋ ਕਿ ਕੀ ਇਸ ਦੇਸ਼ ਵਿਚ ਅੱਤਵਾਦ ਹੈ ਜਾਂ ਨਹੀਂ? ਸਾਡੇ ਜਵਾਨ ਹਰ ਰੋਜ਼ ਸ਼ਹੀਦ ਹੋ ਰਹੇ ਹਨ ਪਰ ਉਹ ਚੁੱਪ ਹਨ।